ਦਾਲ ’ਚ ਕੁਝ ਕਾਲਾ ਨਹੀਂ ਬਲਕਿ ਕਾਂਗਰਸ ਸਰਕਾਰ ਦੀ ਦਾਲ ਹੀ ਕਾਲੀ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਦ ਐਨਜੀਟੀ ਵਲੋਂ ਕਰੋੜਾਂ ਦਾ ਜੁਰਮਾਨਾ ਲਗਾਇਆ ਗਿਆ ਸੀ ਤਾਂ ਉਦੋਂ ਕੈਪਟਨ ਨੇ ਸਰਬ ਪਾਰਟੀ ਮੀਟਿੰਗ ਕਿਉਂ ਨਹੀਂ ਬੁਲਾਈ: ਮਾਨ

Bhagwant Mann

ਸੰਗਰੂਰ: ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਣੀਆਂ ਦੇ ਮੁੱਦੇ ਤੇ ਬੁਲਾਈ ਗਈ ਸਰਬ ਦਲ ਮੀਟਿੰਗ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜਦ ਐਨ.ਜੀ.ਟੀ. ਨੇ ਕਰੋੜਾਂ ਰੁਪਏ ਦਾ ਜੁਰਮਾਨਾ ਲਗਾਇਆ ਸੀ ਤਾਂ ਉਸ ਸਮੇਂ ਕੈਪਟਨ ਵਲੋਂ ਇਹ ਮੀਟਿੰਗ ਕਿਉਂ ਨਹੀਂ ਬੁਲਾਈ ਅਤੇ ਹੁਣ ਇਹ ਮੀਟਿੰਗ ਬੁਲਾਉਣ ਦਾ ਕੋਈ ਲਾਭ ਨਹੀਂ ਕਿਉਂਕਿ ਹੁਣ ਪੰਜਾਬ ਦੇ ਪਾਣੀਆਂ ਉਪਰ ਖ਼ਤਰਾ ਮੰਡਰਾ ਰਿਹਾ ਹੈ। ਭਗਵੰਤ ਮਾਨ ਅਪਣੇ ਸੰਗਰੂਰ ਸਥਿਤ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਅਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਨਾ ਮਿਲਣ ਦੀ ਗੱਲ ਆਖੀ ਤੇ ਉਹ ਬਾਕੀ ਦਲਾਂ ਨੂੰ ਕੀ ਮਿਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਖ-ਵੱਖ ਗੰਭੀਰ ਮੁੱਦਿਆਂ ਪ੍ਰਤੀ ਸੁੱਤੀ ਹੋਈ ਹੈ ਅਤੇ ਪੰਜਾਬ ਨੂੰ ਉਸਦੀ ਕਿਸਮਤ ਉਪਰ ਛੱਡਿਆ ਹੋਇਆ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੁਆਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਵੱਖੋ-ਵੱਖ ਗੰਭੀਰ ਮਸਲਿਆਂ ਸਬੰਧੀ ਸਰਕਾਰ ਕੋਲ ਕੋਈ ਠੋਸ ਨੀਤੀ ਹੈ ਤਾਂ ਉਹ ਖੁਲ੍ਹ ਕੇ ਦੱਸਣ ਨਹੀਂ ਤਾਂ ਜਿਸ ਤਰ੍ਹਾਂ ਪੰਜਾਬ ਸੂਬੇ ਦੇ ਹਾਲਾਤ ਬਣੇ ਹੋਏ ਹਨ ਉਸ ਤੋਂ ਲਗਦਾ ਹੈ ਕਿ ਪੰਜਾਬ ਲਗਾਤਾਰ ਮਾਰੂਥਲ ਵੱਲ ਵਧ ਰਿਹਾ ਹੈ।

ਮਾਨ ਨੇ ਕਿਹਾ ਕਿ ਪੰਜਾਬ ਨੂੰ ਚਾਹੇ ਬਿਜਲੀ ਪੱਖੋਂ ਸਰਪਲੱਸ ਸੂਬਾ ਕਿਹਾ ਜਾਂਦਾ ਹੋਵੇ ਪਰ ਇਸਦੇ ਬਾਵਜੂਦ ਵੀ ਪੰਜਾਬ ਸੂਬੇ ਵਿਚ ਬਿਜਲੀ ਦੀਆਂ ਦਰਾਂ ਦਿੱਲੀ ਦੇ ਮੁਕਾਬਲੇ ਕਈ ਗੁਣਾ ਸਸਤੀ ਹੈ ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਦੀ ਦਾਲ ਵਿਚ ਕੁਝ ਕਾਲਾ ਨਹੀਂ ਬਲਕਿ ਦਾਲ ਹੀ ਕਾਲੀ ਹੈ।