ਲੋਕ ਸਭਾ ਚੋਣਾਂ 2019 : ਪੰਜਾਬ 'ਚ ਕਾਂਗਰਸ ਨਾਲ ਆਪ ਦੇ ਗਠਜੋੜ ਦੀਆਂ ਸੰਭਾਵਨਾਵਾਂ ਸਮਾਪਤ
ਦਿੱਲੀ 'ਚ ਹੋਈ ਬੈਠਕ 'ਚ ਬਾਕੀ 5 ਉਮੀਦਵਾਰ ਐਲਾਨਣ ਤੇ ਆਪਣੇ ਬਲਬੂਤੇ ਚੋਣ ਪ੍ਰਚਾਰ ਦੀ ਰੂਪਰੇਖ ਉਲੀਕੀ ਗਈ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ 'ਚ ਲੋਕ ਸਭਾ ਦੀਆਂ ਕੁਲ 13 ਸੀਟਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਦੀ ਸੰਭਾਵਨਾ ਅੱਜ ਲਗਭਗ ਸਮਾਪਤ ਹੋ ਗਈ ਹੈ। ਆਪ ਵੱਲੋਂ ਪੰਜਾਬ ਤੋਂ ਐਲਾਨੇ ਜਾ ਚੁੱਕੇ 8 ਉਮੀਦਵਾਰਾਂ ਨੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਅਤੇ ਮੌਜੂਦਾ ਲੋਕ ਸਭਾ ਮੈਂਬਰ ਪੰਜਾਬ ਆਪ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਦਿੱਲੀ ਵਿਖੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕੀਤੀ।
ਪਾਰਟੀ ਦੇ ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਇਸ ਬੈਠਕ 'ਚ ਸਪਸ਼ਟ ਹੋ ਗਿਆ ਹੈ ਕਿ ਪਾਰਟੀ ਜਲਦ ਹੀ ਪੰਜਾਬ ਲਈ ਬਾਕੀ ਰਹਿੰਦੇ ਆਪਣੇ 5 ਉਮੀਦਵਾਰਾਂ ਦਾ ਐਲਾਨ ਵੀ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਕੇਜਰੀਵਾਲ ਦੇ ਨਾਲ-ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਕਈ ਹੋਰ ਕੌਮੀ ਆਪ ਆਗੂਆਂ ਦਾ ਪੰਜਾਬ 'ਚ ਚੋਣ ਪ੍ਰਚਾਰ ਪ੍ਰੋਗਰਾਮ ਵੀ ਉਲੀਕ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਕਾਂਗਰਸ, ਜੋ ਕਿ ਪੰਜਾਬ 'ਚ ਸੱਤਾਧਾਰੀ ਪਾਰਟੀ ਹੈ ਅਤੇ 2019 ਦੀਆਂ ਆਮ ਚੋਣਾਂ 'ਚ ਦੇਸ਼ ਦੀ ਪ੍ਰਮੁੱਖ ਧਿਰ ਵਜੋਂ ਟੱਕਰ ਦੇ ਰਹੀ ਹੈ, ਇਸ ਪਾਰਟੀ ਦਾ ਕੌਮੀ ਪੱਧਰ ਉੱਤੇ ਕਈ ਖੇਤਰੀ ਪਾਰਟੀਆਂ ਨਾਲ ਗਠਜੋੜ ਬਣ ਰਿਹਾ ਹੈ। ਇਸ ਗਠਜੋੜ 'ਚ ਆਪ ਨੂੰ ਵੀ ਕਾਫ਼ੀ ਗੰਭੀਰਤਾ ਨਾਲ ਵਿਚਾਰਿਆ ਜਾਂਦਾ ਰਿਹਾ ਹੈ ਪਰ ਪਹਿਲਾਂ ਵੀ ਅਤੇ ਹੁਣ ਬੀਤੇ ਕੱਲ੍ਹ ਵੀਰਵਾਰ ਨੂੰ ਦਿੱਲੀ ਵਿਖੇ ਹੋਈ ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਬੈਠਕ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਟੁਕ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਘੱਟੋ-ਘੱਟ ਪੰਜਾਬ 'ਚ ਕਿਸੇ ਨਾਲ ਵੀ ਖ਼ਾਸ ਕਰ ਆਪ ਨਾਲ ਤਾਂ ਉੱਕਾ ਵੀ ਨਹੀਂ ਗਠਜੋੜ ਦੀ ਕੋਈ ਜ਼ਰੂਰਤ ਹੈ।