ਪੰਜਾਬ ਦੀ ਹਾਕਮ ਪਾਰਟੀ ਦੇ ਸੰਕਟ ਦੇ ਹੱਲ ਲਈ ਸੋਨੀਆ ਗਾਂਧੀ ਵਲੋਂ ਤਿੰਨ ਮੈਂਬਰੀ ਕਮੇਟੀ ਗਠਤ
ਹਰੀਸ਼ ਰਾਵਤ ਨਾਲ ਮਲਕਾ ਅਰਜੁਨ ਖੜਗੇ ਤੇ ਜੇ.ਪੀ. ਅਗਰਵਾਲ ਨੂੰ ਕਮੇਟੀ ਵਿਚ ਕੀਤਾ ਸ਼ਾਮਲ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੀ ਹਾਕਮ ਪਾਰਟੀ ਵਿਚ ਕੋਟਕਪੂਰਾ ਗੋਲੀ ਕਾਂਡ ਬਾਰੇ ਹਾਈ ਕੋਰਟ ਦੇ ਫ਼ੈਸਲੇ ਬਾਅਦ ਪੈਦਾ ਹੋਈਆਂ ਨਾਰਾਜ਼ਗੀਆਂ ਦੇ ਚਲਦੇ ਬਗ਼ਾਵਤੀ ਸੁਰਾਂ ਦਾ ਸੰਕਟ ਹਾਈ ਕਮਾਨ ਦੇ ਦਖ਼ਲ ਦੇ ਬਾਵਜੂਦ ਬਰਕਰਾਰ ਰਹਿਣ ਕਾਰਨ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਮਸਲੇ ਦੇ ਹੱਲ ਲਈ ਪਾਰਟੀ ਹਾਈ ਕਮਾਨ ਦੇ ਵੱਡੇ ਆਗੂਆਂ ਦੀ ਕਮੇਟੀ ਗਠਤ ਕਰ ਦਿਤੀ ਹੈ।
ਇਸ ਕਮੇਟੀ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਨਾਲ ਸੀਨੀਅਰ ਆਗੂ ਮਲਕ ਅਰਜਨ ਖੜਗੇ ਅਤੇ ਦਿੱਲੀ ਦੇ ਆਗੂ ਜੇ.ਪੀ. ਅਗਰਵਾਲ ਨੂੰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਤਾਂ ਭਾਵੇਂ ਲਗਾਤਾਰ ਕੈਪਟਨ ਵਿਰੁਧ ਬੋਲ ਰਹੇ ਹਨ ਪਰ ਹਾਈ ਕੋਰਟ ਦੇ ਫ਼ੈਸਲੇ ਬਾਅਦ ਕੈਪਟਨ ਤੋਂ ਨਰਾਜ਼ ਹੋਣ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ। ਹੁਣ ਸੋਨੀਆ ਗਾਂਧੀ ਨੇ ਮਾਮਲੇ ਨੂੰ ਹੋਰ ਅੱਗੇ ਵਧਣ ਤੋਂ ਰੋਕਣ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਕਮੇਟੀ ਅਗਲੇ ਹਫ਼ਤੇ ਚੰਡੀਗੜ੍ਹ ਪਹੁੰਚ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਨਰਾਜ਼ ਆਗੂਆਂ ਨੂੰ ਮਿਲਣ ਤੋਂ ਇਲਾਵਾ ਪਾਰਟੀ ਵਿਧਾਇਕਾਂ ਨੂੰ ਵੀ ਮਿਲ ਕੇ ਉਨ੍ਹਾਂ ਦੇ ਵਿਚਾਰ ਲਏਗੀ। ਇਸ ਤੋਂ ਬਾਅਦ ਹਾਈਕਮਾਨ ਕੋਈ ਫ਼ੈਸਲਾ ਲਵੇਗੀ।