ਹਰਸਿਮਰਤ ਬਾਦਲ ਵੱਲੋਂ ਲਾਡੋਵਾਲ ਫੂਡ ਪਾਰਕ ਨੂੰ ਲੈ ਕੇ ਕੈਪਟਨ ਅਮਰਿੰਦਰ ਨੂੰ ਸਖ਼ਤ ਚਿਤਾਵਨੀ
ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁਕਰਵਾਰ ਨੂੰ ਮੁੱਖ ਮੰਤਰੀ...
ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ ‘ਤੇ ਦਖ਼ਲ ਦੇ ਕੇ ਪੰਜਾਬ ਐਗਰੋ ਇੰਡਸਟਰੀਜ਼ ਕਾਪੋਰੇਸ਼ਨ (ਪੀਏਆਈਸੀ) ਨੂੰ ਅਗਲੇ ਮਹੀਨੇ ਦੇ ਅਖੀਰ ਤੱਕ ਲਾਡੋਵਾਲ ਫੂਡ ਪਾਰਕ ਚਾਲੂ ਕਰਨ ਦਾ ਨਿਰਦੇਸ਼ ਦੇਣ ਲਈ ਆਖਇਆ ਹੈ। ਉਨ੍ਹਾਂ ਕਿਹਾ ਕਿ ਜੇਕਰ 31 ਜੁਲਾਈ ਤੱਕ ਅਜਿਹਾ ਨਾ ਕੀਤਾ ਗਿਆ ਤਾਂ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਮਜ਼ਬੂਰ ਹੋ ਕੇ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੂੰ ਲਿਖੀ ਇਕ ਚਿੱਠੀ ਵਿਚ ਹਰਸਿਮਰਤ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਦਿੱਤੀ 50 ਕਰੋੜ ਰੁਪਏ ਦੀ ਗ੍ਰਾਂਟ ਮਗਰੋਂ ਪੀਏਆਈਸੀ ਨੇ ਲਾਡੋਵਾਲ ਫੂਡ ਪਾਰਕ ਬਣਾਉਣ ਦਾ ਜ਼ਿੰਮਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਇਸ ਪਾਰਕ ਨੂੰ ਨਵੰਬਰ 2015 ਵਿਚ ਪ੍ਰਵਾਨਗੀ ਮਿਲੀ ਸੀ ਅਤੇ ਇਹ ਮਈ 2018 ਤੱਕ ਮੁਕੰਮਲ ਕੀਤਾ ਜਾਣਾ ਸੀ।
ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਪ੍ਰਾਜੈਕਟ ਦੇ ਨਿਰਮਾਣ ਦੀ ਲਗਾਤਾਰ ਕੀਤੀ ਜਾ ਰਹੀ ਨਿਗਰਾਨੀ ਦੇ ਬਾਵਜੂਦ ਪੀਏਆਈਸੀ ਨੇ ਤੈਅ ਸਮੇਂ ਉੱਤੇ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਦਾ ਉਪਰਾਲਾ ਨਹੀਂ ਕੀਤਾ ਤੇ ਜਿਸ ਕਰਕੇ ਅਗਾਂਹਵਧੂ ਕਿਸਾਨਾਂ ਅਤੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਹੈ, ਜਿਨ੍ਹਾਂ ਨੂੰ ਇੱਥੇ ਰੁਜ਼ਗਾਰ ਦੀ ਸਹੂਲਤ ਮਿਲਣੀ ਸੀ।
ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਉਹ ਪਹਿਲਾਂ ਵੀ ਕਈ ਵਾਰ ਇਸ ਪ੍ਰੈਜਕਟ ਦੇ ਸਮੇਂ ਸਿਰ ਉਦਘਾਟਨ ਅਤੇ ਇਸ ਨੂੰ ਚਾਲੂ ਕੀਤੇ ਜਾਣ ਦਾ ਮੁੱਦਾ ਉਨ੍ਹਾਂ ਕੋਲ ਉਠਾ ਚੁੱਕੇ ਹਨ ਪਰ ਇਸ ਪ੍ਰਾਡੈਕਟ ਨੂੰ ਲਟਕਾਇਆ ਜਾ ਰਿਹਾ ਹੈ।