ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਰਾਹੁਲ ਗਾਂਧੀ ਦੇ ਦਾਅਵੇ ਨੂੰ ਨਕਾਰਿਆ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਸਰਗਰਮ ਫੌਜੀ ਸੇਵਾ ਦੌਰਾਨ ਮਾਰੇ ਗਏ ਅਗਨੀਵੀਰ ਦੇ ਪਰਵਾਰ ਨੂੰ ਇਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੇਗੀ

Rahul Gandhi

ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਸੋਮਵਾਰ ਨੂੰ ਕਿਹਾ ਕਿ ਸਰਗਰਮ ਫੌਜੀ ਸੇਵਾ ਦੌਰਾਨ ਮਰਨ ਵਾਲੇ ਕਿਸੇ ਵੀ ਅਗਨੀਵੀਰ ਦੇ ਪਰਵਾਰ ਨੂੰ ਇਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿਤੀ ਜਾਵੇਗਾ। ਸੂਤਰਾਂ ਨੇ ਇਹ ਵੀ ਨੋਟ ਕੀਤਾ ਕਿ ਇਸ ਰਕਮ ’ਚ ਬੀਮਾ ਅਤੇ ਐਕਸਗ੍ਰੇਸ਼ੀਆ ਭੁਗਤਾਨ ਸ਼ਾਮਲ ਹੈ। 

ਉਨ੍ਹਾਂ ਕਿਹਾ, ‘‘ਜੇਕਰ ਕਿਸੇ ਅਗਨੀਵੀਰ ਦੀ ਸਰਗਰਮ ਫੌਜੀ ਸੇਵਾ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿਤੀ ਜਾਵੇਗੀ। ਇਸ ’ਚ 48 ਲੱਖ ਰੁਪਏ ਦਾ ਬੀਮਾ ਸ਼ਾਮਲ ਹੈ, ਜਿਸ ਲਈ ਅਗਨੀਵੀਰ ਤੋਂ ਕੋਈ ਭੁਗਤਾਨ ਨਹੀਂ ਲਿਆ ਜਾਂਦਾ। ਇਸ ਤੋਂ ਇਲਾਵਾ 44 ਲੱਖ ਰੁਪਏ ਦੀ ਐਕਸਗ੍ਰੇਸ਼ੀਆ, ਲਗਭਗ 11.70 ਲੱਖ ਰੁਪਏ ਦਾ ਸੇਵਾ ਨਿਧੀ ਪੈਕੇਜ ਅਤੇ ਬਾਕੀ ਸੇਵਾ ਦੀ ਮਿਆਦ ਲਈ ਤਨਖਾਹ ਤਨਖਾਹ ਸ਼ਾਮਲ ਹੈ। ਇਸ ਤੋਂ ਇਲਾਵਾ ਅਗਨੀਵੀਰਾਂ ਲਈ 50 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤਕ ਦਾ ਬੀਮਾ ਕਵਰ ਵੀ ਹੈ, ਜਿਸ ’ਤੇ ਸਰਕਾਰ ਨੇ ਵੱਖ-ਵੱਖ ਬੈਂਕਾਂ ਨਾਲ ਦਸਤਖਤ ਕੀਤੇ ਹਨ। ਇਸ ਬੀਮੇ ਲਈ ਵੀ ਅਗਨੀਵੀਰਾਂ ਨੂੰ ਕੋਈ ਪ੍ਰੀਮੀਅਮ ਨਹੀਂ ਦੇਣਾ ਪਵੇਗਾ।’’

ਇਹ ਸਪੱਸ਼ਟੀਕਰਨ ਰਾਹੁਲ ਗਾਂਧੀ ਵਲੋਂ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਗਨੀਵੀਰਾਂ ਦੇ ਪਰਵਾਰਾਂ ਨੂੰ ਦਿਤੇ ਗਏ ਮੁਆਵਜ਼ੇ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਨ ਦੇ ਕੁੱਝ ਘੰਟਿਆਂ ਬਾਅਦ ਆਇਆ ਹੈ। 

ਲੋਕ ਸਭਾ ’ਚ ਅਗਨੀਵੀਰ ਯੋਜਨਾ ’ਤੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ’ਤੇ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਰਾਜਨਾਥ ਸਿੰਘ ਨੇ ਡਿਊਟੀ ਦੌਰਾਨ ਅਪਣੀ ਜਾਨ ਗੁਆਉਣ ਵਾਲੇ ਅਗਨੀਵੀਰਾਂ ਦੇ ਪਰਵਾਰ ਨੂੰ ਦਿਤੇ ਗਏ ਇਕ ਕਰੋੜ ਰੁਪਏ ਦੇ ਮੁਆਵਜ਼ੇ ਬਾਰੇ ਝੂਠ ਬੋਲਿਆ। 

ਰਾਹੁਲ ਗਾਂਧੀ ਨੇ ਕਿਹਾ, ‘‘ਰੱਖਿਆ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਅਗਨੀਵੀਰ ਦੇ ਪਰਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿਤਾ ਗਿਆ ਹੈ। ਪਰ ਉਹ ਗਲਤ ਸੀ। ਬੀਮੇ ਦਾ ਪੈਸਾ ਅਗਨੀਵੀਰ ਦੇ ਪਰਵਾਰ ਨੂੰ ਦਿਤਾ ਗਿਆ ਸੀ; ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦਿਤਾ ਗਿਆ। ਇਹ ਸੱਚ ਹੈ; ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ।’’

ਰਾਹੁਲ ਗਾਂਧੀ ਨੇ ਕੇਂਦਰੀ ਬਜਟ 2024 ’ਚ ਅਗਨੀਵੀਰਾਂ ਦੀ ਪੈਨਸ਼ਨ ਨੂੰ ਸ਼ਾਮਲ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। 

ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਨੇ ਫੌਜ ਦੇ ਜਵਾਨਾਂ ਨੂੰ ਅਗਨੀਵੀਰ ਚੱਕਰਵਿਊ ’ਚ ਫਸਾਇਆ ਹੈ। ਅਗਨੀਵੀਰਾਂ ਦੀ ਪੈਨਸ਼ਨ ਲਈ ਬਜਟ ’ਚ ਇਕ ਰੁਪਿਆ ਵੀ ਨਹੀਂ ਹੈ। ਤੁਸੀਂ ਅਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਹੋ। ਪਰ ਜਦੋਂ ਅਗਨੀਵੀਰਾਂ ਦੀ ਮਦਦ ਕਰਨ ਅਤੇ ਫ਼ੌਜੀਆਂ ਨੂੰ ਪੈਸੇ ਦੇਣ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਬਜਟ ਵਿਚ ਇਕ ਰੁਪਿਆ ਵੀ ਨਜ਼ਰ ਨਹੀਂ ਆਉਂਦਾ।’’