ਭਾਜਪਾ 'ਤੇ ਭੜਕੀ ਮਹਿਬੂਬਾ ਮੁਫਤੀ- ਜੇ ਸਾਰੇ ਅੱਤਵਾਦੀ ਹਨ ਤਾਂ ਹਿੰਦੁਸਤਾਨੀ ਕੌਣ ਹਨ ?

ਏਜੰਸੀ

ਖ਼ਬਰਾਂ, ਰਾਜਨੀਤੀ

ਮੁਸਲਮਾਨਾਂ ਨੂੰ 'ਪਾਕਿਸਤਾਨੀ, ਸਰਦਾਰਾਂ ਨੂੰ 'ਖਾਲਿਸਤਾਨੀ' ਕਹਿੰਦੇ ਹਨ ਭਾਜਪਾ ਵਰਕਰ- ਪੀਡੀਪੀ ਮੁਖੀ

Mehbooba Mufti

ਸ੍ਰੀਨਗਰ: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਲੋਕ ਮੁਸਲਮਾਨਾਂ ਨੂੰ 'ਪਾਕਿਸਤਾਨੀ', ਸਰਦਾਰਾਂ ਨੂੰ 'ਖਾਲਿਸਤਾਨੀ', ਸਮਾਜਿਕ ਵਰਕਰਾਂ ਨੂੰ 'ਅਰਬਨ ਨਕਸਲ' ਤੇ ਵਿਦਿਆਰਥੀਆਂ ਨੂੰ 'ਟੁਕੜੇ-ਟੁਕੜੇ ਗੈਂਗ' ਤੇ 'ਦੇਸ਼ ਵਿਰੋਧੀ' ਕਹਿੰਦੇ ਹਨ। ਉਹਨਾਂ ਕਿਹਾ 'ਮੈਨੂੰ ਸਮਝ ਨਹੀਂ ਆਉਂਦਾ ਕਿ ਜੇਕਰ ਸਾਰੇ ਲੋਕ ਅੱਤਵਾਦੀ ਹਨ ਤਾਂ ਇਸ ਦੇਸ਼ ਵਿਚ ਹਿੰਦੁਸਤਾਨੀ ਕੌਣ ਹੈ? ਸਿਰਫ਼ ਭਾਜਪਾ ਵਰਕਰ? 

ਇਸ ਤੋਂ ਅੱਗੇ ਉਹਨਾਂ ਕਿਹਾ ਕਿ ਜਦੋਂ ਤੱਕ ਕਸ਼ਮੀਰ ਦਾ ਮੁੱਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਸਮੱਸਿਆ ਬਣੀ ਰਹੇਗੀ। ਜਦੋਂ ਤੱਕ ਸਰਕਾਰ ਧਾਰਾ 370 ਨੂੰ ਫਿਰ ਤੋਂ ਲਾਗੂ ਨਹੀਂ ਕਰਦੀ, ਇਹ ਸਮੱਸਿਆ ਬਣੀ ਰਹੇਗੀ। ਮੰਤਰੀ ਆਉਂਦੇ ਜਾਂਦੇ ਰਹਿਣਗੇ।  

ਮਹਿਬੂਬਾ ਮੁਫਤੀ ਨੇ ਕਿਹਾ ਕਿ ਇਹ ਲੋਕ ਹੁਣ ਮੈਨੂੰ ਨਿਸ਼ਾਨਾ ਬਣਾ ਰਹੇ ਹਨ। ਮੇਰੀ ਪਾਰਟੀ 'ਤੇ ਬੈਨ ਲਗਾਉਣਾ ਚਾਹੁੰਦੇ ਹਨ ਕਿਉਂਕਿ ਮੈਂ ਆਵਾਜ਼ ਚੁੱਕਦੀ ਹਾਂ। ਮੈਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਮੇਰੀ ਰਿਹਾਈ ਤੋਂ ਬਾਅਦ ਹੀ ਧਾਰਾ 370 'ਤੇ ਚਰਚਾ ਸ਼ੁਰੂ ਹੋਈ ਹੈ। 

ਮਹਿਬੂਬਾ ਮੁਫਤੀ ਨੇ ਕਿਹਾ ਕਿ ਭਾਜਪਾ ਅਪਣਾ ਹੀ ਇਕ ਤੰਤਰ ਸਥਾਪਿਤ ਕਰਨਾ ਚਾਹੁੰਦੀ ਹੈ, ਜਿੱਥੇ ਲੋਕਤੰਤਰ ਲਈ ਕੋਈ ਸਥਾਨ ਨਹੀਂ ਹੋਵੇਗਾ। ਦੱਸ ਦਈਏ ਕਿ ਮਹਿਬੂਬਾ ਮੁਫਤੀ ਨੇ ਸੂਬੇ ਵਿਚ ਬਹੁਚਰਚਿਤ ਰੋਸ਼ਨੀ ਘੁਟਾਲੇ ਨੂੰ ਲੈ ਕੇ ਵੱਡਾ ਬਿਆਨ ਵੀ ਦਿੱਤਾ ਹੈ। ਉਹਨਾਂ ਕਿਹਾ ਕਿ ਰੋਸ਼ਨੀ ਇਕ ਯੋਜਨਾ ਸੀ, ਪਰ ਹੁਣ ਉਸ ਨੂੰ ਇਕ ਘੁਟਾਲੇ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। 

ਪੀਡੀਪੀ ਮੁਖੀ ਨੇ ਕਿਹਾ ਕਿ ਜਦ ਤੋਂ ਉਹਨਾਂ ਨੇ ਜ਼ਿਲ੍ਹਾ ਵਿਕਾਸ ਪਰੀਸ਼ਦ ਦੀਆਂ ਚੋਣਾਂ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ, ਉਦੋਂ ਤੋਂ ਉਹਨਾਂ 'ਤੇ ਹੋਰ ਜ਼ਿਆਦਾ ਅੱਤਿਆਚਾਰ ਕੀਤੇ ਜਾ ਰਹੇ ਹਨ। ਪੀਏਜੀਡੀ ਉਮੀਦਵਾਰਾਂ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਹਨਾਂ ਨੂੰ ਚੋਣ ਪ੍ਰਚਾਰ ਲਈ ਬਾਹਰ ਨਿਕਲਣ ਲਈ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਇਸ ਤਰ੍ਹਾਂ ਉਮੀਦਵਾਰ ਚੋਣਾਂ ਕਿਵੇਂ ਲੜਨਗੇ?