ਮਨੂ ਸਾਡੀ ਦਾਤਰੀ...ਕਿਸਾਨੀ ਹੌਂਸਲਿਆਂ ਨੂੰ ਫੌਲਾਦੀ ਬਣਾ ਰਹੇ ਨੇ ਭਾਜਪਾ ਆਗੂਆਂ ਦੇ ਬਚਕਾਨਾ ਬਿਆਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ’ਚ ਸੰਘਰਸ਼ੀ ਕਿਸਾਨਾਂ ’ਤੇ ਪਰਚੇ ਦਰਜ ਕਰਨ ਦਾ ਸਿਲਸਿਲਾ ਜਾਰੀ

Farmer Protest

ਚੰਡੀਗੜ੍ਹ :  ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚ ਚੁੱਕਾ ਕਿਸਾਨੀ ਸੰਘਰਸ਼ ਅਪਣੇ ਸੁਨਹਿਰੀ ਇਤਿਹਾਸ ਦਾ ਗਵਾਹ ਬਣਨ ’ਚ ਸਫ਼ਲ ਰਿਹਾ ਹੈ। ਪੰਜਾਬੀਆਂ ਦੀ ਬੇਮਿਸਾਲ ਲਾਮਬੰਦੀ ਅਤੇ ਹੌਂਸਲੇ ਨੇ ਹਕੂਮਤੀ ਧਿਰਾਂ ਨੂੰ ਵੀ ਅੰਦਰ ਤਕ ਹਿਲਾ ਕੇ ਰੱਖ ਦਿਤਾ ਹੈ। ਅਪਣੇ ਫ਼ੈਸਲਿਆਂ ਨੂੰ ਹਰ ਹਾਲ ਲਾਗੂ ਕਰਨ ਦੇ ‘ਸਿਆਸੀ ਭਰਮ’ ਪਾਲੀ ਬੈਠੀ ਸੱਤਾਧਰੀ ਧਿਰ ਸਮੇਂ ਦੀ ਨਜ਼ਾਕਤ ਸਮਝਣ ਦੀ ਥਾਂ ਅਜੇ ਵੀ ਬਚਕਾਨਾ ਬਿਆਨਬਾਜ਼ੀ ਕਰ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਦਿੱਲੀ ਪਹੁੰਚੇ ਕਿਸਾਨਾਂ ’ਚ ਹਰਿਆਣਾ ਦੇ ਕਿਸਾਨਾਂ ਦੀ ਸ਼ਮੂਲੀਅਤ ਤੋਂ ਇਨਕਾਰ ਰਹੇ ਹਨ। ਮੁੱਖ ਮੰਤਰੀ ਮੁਤਾਬਕ ਇਹ ਸੰਘਰਸ਼ ਪੰਜਾਬ ਦੇ ਕਿਸਾਨਾਂ ਨੇ ਖੜ੍ਹਾ ਕੀਤਾ ਹੈ ਅਤੇ ਇਸ ਵਿਚ ਹਰਿਆਣਾ ਦੇ ਕਿਸਾਨ ਸ਼ਾਮਲ ਨਹੀਂ ਹਨ। ਇੰਨਾ ਹੀ ਨਹੀਂ, ਮੁੱਖ ਮੰਤਰੀ ਕਿਸਾਨੀ ਸੰਘਰਸ਼ ਪਿਛੇੇ ਵੱਖ-ਵੱਖ ਤੱਤਾਂ ਦੀ ਸ਼ਮੂਲੀਅਤ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲੇ।

ਇਸੇ ਤਰ੍ਹਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਜੇ ਵੀ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੰਦਿਆਂ ਸੰਘਰਸ਼ ਮੁਲਤਵੀ ਕਰਨ ਲਈ ਕਹਿ ਰਹੇ ਹਨ। ਨਰਿੰਦਰ ਤੋਮਰ ਮੁਤਾਬਕ ਉਨ੍ਹਾਂ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਭੇਜਿਆ ਹੈ ਜਿਸ ਦਾ ਕਿਸਾਨ ਜਵਾਬ ਨਹੀਂ ਦੇ ਰਹੇ। ਭਾਜਪਾ ਦੇ ਕਈ ਆਗੂ ਅਜੇ ਵੀ ਕਿਸਾਨੀ ਘੋਲ ਪਿੱਛੇ ਸਮਾਜ-ਵਿਰੋਧੀ ਅਨਸਰਾਂ ਦਾ ਥਾਪੜਾ ਹੋਣ ਦੇ ਪ੍ਰਚਾਰ ’ਚ ਜੁਟੇ ਹੋਏ ਹਨ। ਕਿਸਾਨਾਂ ’ਚ ਖ਼ਾਲਿਸਤਾਨ ਪੱਖੀ ਕਾਰਕੁਨਾਂ ਦੇ ਸ਼ਾਮਲ ਹੋਣ ਦਾ ਪ੍ਰੋਪੋਗੰਡਾ ਵੀ ਕੀਤਾ ਜਾ ਰਿਹਾ ਹੈ। ਦਿੱਲੀ ਪਹੁੰਚੇ ਕਿਸਾਨੀ ਸੰਘਰਸ਼ ਨੇ ਭਾਜਪਾ ਆਗੂਆਂ ਦੇ ਆਪਾ ਵਿਰੋਧੀ ਬਿਆਨਾਂ ਦਾ ਕੱਚਾ ਚਿੱਠਾ ਵੀ ਖੋਲ੍ਹ ਦਿਤਾ ਹੈ। ਪਹਿਲਾਂ ਭਾਜਪਾ ਆਗੂ ਕਿਸਾਨੀ ਸੰਘਰਸ਼ ਨੂੰ ਸਿਆਸਤ ਤੋਂ ਪ੍ਰੇਰਿਤ ਗਰਦਾਨਦੇ ਰਹੇ ਅਤੇ ਹੁਣ ਜਦੋਂ ਇਸ ਵਿਚ ਦੇਸ਼ ਭਰ ਦੇ ਕਿਸਾਨ ਸ਼ਾਮਲ ਹੋ ਗਏ ਹਨ ਤਾਂ ਇਸ ਨੂੰ ਇਕ ਖਿੱਤੇ ਦੇ ਕਿਸਾਨਾਂ ਦਾ ਸੰਘਰਸ਼ ਕਿਹਾ ਜਾਣ ਲੱਗਾ ਹੈ। ਭਾਜਪਾ ਆਗੂਆਂ ਦੇ ਅਜਿਹੇ ਆਪਾ ਵਿਰੋਧੀ ਬਿਆਨ ਕਿਸਾਨਾਂ ਦੇ ਇਰਾਦੇ ਅਤੇ ਹੌਂਸਲੇ ਨੂੰ ਹੋਰ ਵਧਾਉਣ ਦਾ ਕੰਮ ਕਰ ਰਹੇ ਹਨ।

ਕਿਸਾਨਾਂ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁਪੀ ਨੂੰ ਲੈ ਕੇ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਭਾਵੇਂ ਕਿਸਾਨਾਂ ਦੇ ਸੰਘਰਸ਼ ਦੇ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਸੀ ਜਿਸ ’ਚ ਉਨ੍ਹਾਂ ਨੇ ਕਿਸਾਨਾਂ ਨੂੰ ਗੁੰਮਰਾਹ ਕੀਤੇ ਜਾਣ ਦਾ ਜ਼ਿਕਰ ਕੀਤਾ ਸੀ। ਇਸ ਤੋਂ ਬਾਅਦ ਉਹ ਕਿਸਾਨੀ ਮੁੱਦੇ ਨੂੰ ਅਣਗੌਲਿਆ ਕਰਦੇ ਆ ਰਹੇ ਹਨ। ਕਿਸਾਨਾਂ ’ਤੇ ਬੀਤੇ ਦੋ ਦਿਨਾਂ ਦੌਰਾਨ ਹੋਏ ਤਸ਼ੱਦਦ ਬਾਰੇ ਵੀ ਪ੍ਰਧਾਨ ਮੰਤਰੀ ਕੁੱਝ ਨਹੀਂ ਬੋਲੇ। ਮਨ ਕੀ ਬਾਤ ਜ਼ਰੀਏ ਲੋਕਾਂ ਨਾਲ ਸੰਵਾਦ ਰਚਾਉਣ ਵਾਲੇ ਅਤੇ ਹਰ ਨਿੱਕੀ ਗੱਲ ਬਾਰੇ ਟਵੀਟ ’ਤੇ ਸਰਗਰਮ ਰਹਿਣ ਵਾਲੇ ਪ੍ਰਧਾਨ ਮੰਤਰੀ ਕਿਸਾਨਾਂ ਦੇ ਮੁੱਦੇ ’ਤੇ ਚੁੱਪ ਹਨ।

ਕਿਸਾਨ ਆਗੂਆਂ ਮੁਤਾਬਕ ਪ੍ਰਧਾਨ ਮੰਤਰੀ ਕੋਲ ਕਰੋਨਾ ਵੈਕਸੀਨ ਦਾ ਜਾਇਜ਼ਾ ਲੈਣ ਜਾਣ ਲਈ ਸਮਾਂ ਹੈ ਪਰ ਘਰ (ਦਿੱਲੀ) ਪਹੁੰਚ ਚੁੱਕੇ ਲੱਖਾਂ ਕਿਸਾਨਾਂ ਦੀ ਗੱਲ ਸੁਣਨ ਲਈ ਵਕਤ ਨਹੀਂ ਹੈ। ਜਦਕਿ ਕਰੋਨਾ ਕਾਲ ਦੌਰਾਨ ਖੇਤੀ ਕਾਨੂੰਨ ਬਣਾ ਕੇ ਜ਼ਬਰੀ ਥੋਪਣ ਦੀ ਸਰਕਾਰ ਦੀ ਗ਼ਲਤੀ ਕਾਰਨ ਲੱਖਾਂ ਕਿਸਾਨਾਂ ਦੇ ਦਿੱਲੀ ਪਹੰੁਚ ਜਾਣ ਬਾਅਦ ਕਰੋਨਾ ਖ਼ਤਰਾ ਹੋਰ ਵਧਿਆ ਹੈ, ਜਿਸ ਨੂੰ ਅਣਗੌਲਿਆ ਜਾ ਰਿਹਾ ਹੈ।

ਇਸੇ ਦੌਰਾਨ ਸੰਘਰਸ਼ੀ ਧਿਰਾਂ ਨੂੰ ਕੇਸਾਂ ’ਚ ਉਲਝਾਉਣ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਦਿੱਲੀ ਕੂਚ ਪ੍ਰੋਗਰਾਮ ਦੌਰਾਨ 25 ਨਵੰਬਰ ਨੂੰ ਅੰਬਾਲਾ ਵਿਖੇ ਹਰਿਆਣਾ ਪੁਲਿਸ ਦੇ ਵਾਟਰ ਕੈਨਨ ’ਤੇ ਚੜ੍ਹ ਕੇ ਉਸਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨਵਦੀਪ ਨਾਮ ਦੇ ਨੌਜਵਾਨ ਖਿਲਾਫ਼ ਵੀ ਹਰਿਆਣਾ ਪੁਲਿਸ ਨੇ ਆਈਪੀਸੀ ਦੀ ਧਾਰਾ 307, 147, 149, 186, 269, 270, 279 ਅਤੇ 332 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਨਵਦੀਪ ਦੀ ਇਹ ਤਸਵੀਰ ਵੱਡੀ ਪੱਧਰ ’ਤੇ ਵਾਇਰਲ ਹੋਣ ਹੋਣ ਬਾਅਦ ਉਸ ਨੂੰ ਦੇਸ਼-ਵਿਦੇਸ਼ਾ ਤੋਂ ਪੰਜਾਬੀਆਂ ਨੇ ਪਿਆਰ ਅਤੇ ਸ਼ਾਬਾਸ਼ੀ ਦਿਤੀ ਸੀ। ਹਰਿਆਣਾ ਵਾਸੀ ਨਵਦੀਪ ਦਾ ਪਿਤਾ ਵੀ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਤੋਂ ਇਲਾਵਾ ਵੱਡੀ ਗਿਣਤੀ ਆਗੂਆਂ ਅਤੇ ਕਿਸਾਨਾਂ ਖਿਲਾਫ਼ ਪਰਚੇ ਦਰਜ ਕੀਤੇ ਗਏ ਹਨ। ਇਨ੍ਹਾਂ ਆਗੂਆਂ ’ਤੇ ਪੁਲਿਸ ਰੋਕਾਂ ਤੋੜਣ ਅਤੇ ਧਾਰਾ 144 ਦਾ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। 

ਇਸੇ ਦੌਰਾਨ ਵੱਡੀ ਗਿਣਤੀ ਕਿਸਾਨ ਸਿੰਘੂ ਬਾਰਡਰ ’ਤੇ ਜਮ੍ਹਾ ਹੋ ਚੁੱਕੇ ਹਨ ਜਿਸ ਕਾਰਨ ਤਕਰੀਬਨ ਸੱਤ ਕਿਲੋਮੀਟਰ ਜਾਮ ਲੱਗ ਗਿਆ ਹੈ। ਉਧਰ ਬਾਰਡਰ ’ਤੇ ਬੈਠੇ ਕਿਸਾਨਾਂ ਨੇ ਸਰਕਾਰ ਵਲੋਂ ਸੁਝਾਏ ਦਿੱਲੀ ਦੇ ਬੁਰਾੜੀ ਨਿਰੰਕਾਰੀ ਮੈਦਾਨ ਵਿਚ ਜਾਣ ਤੋਂ ਇਨਕਾਰ ਕਰ ਦਿਤਾ ਹੈ। ਕਿਸਾਨਾਂ ਦੇ ਧਰਨੇ ਕਰਕੇ ਕੌਮੀ ਮਾਰਗ ਨੰਬਰ-44 ’ਤੇ ਸਿੰਘੂ ਰਾਏ ਤਕ ਬੀਸਵਾਂ ਮੀਲ ਚੌਂਕ ਤੋਂ ਦਿੱਲੀ ਬਾਰਡਰ ਤਕ ਲਗਭਗ ਸੱਤ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ। ਇਸ ਕਾਰਨ ਪਾਣੀਪਤ ਤੋਂ ਆ ਰਹੇ ਵਾਹਨ ਜਾਮ ਵਿਚ ਫਸ ਗਏ ਹਨ। ਇਸੇ ਦੌਰਾਨ ਕੇਂਦਰ ਸਰਕਾਰ ਦੀਆਂ ਸ਼ੱਕੀ ਗਤੀਵਿਧੀਆਂ ਵੀ ਜਾਰੀ ਹਨ। ਇਕ ਪਾਸੇ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਬਾਰੇ ਕਹਿ ਰਹੀ ਹੈ ਅਤੇ ਦੂਜੇ ਪਾਸੇ ਸੁਰੱਖਿਆ ਦਸਤਿਆਂ ਦਾ ਜਮਾਵੜਾ ਵਧਾਉਣ ਤੋਂ ਇਲਾਵਾ ਹੋਰ ਸਾਜੋ ਸਮਾਨ ਇਕੱਠਾ ਕੀਤਾ ਜਾ ਰਿਹਾ ਹੈ।