ਜੰਮੂ-ਕਸ਼ਮੀਰ ਵਿਚ ਫ਼ੌਜੀਆਂ ਦੀ ਤੈਨਾਤੀ ਦਾ 35-ਏ ਨਾਲ ਕੋਈ ਸਬੰਧ ਨਹੀਂ : ਸਰਕਾਰੀ ਸੂਤਰ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ - ਵਾਦੀ ਵਿਚ ਫ਼ੌਜੀਆਂ ਦੀ ਤੈਨਾਤੀ ਨਿਯਮਿਤ ਤੈਨਾਤੀ ਦਾ ਹਿੱਸਾ ਹੈ।

Article 35-A, 370 not on BJP meet agenda : Source

ਨਵੀਂ ਦਿੱਲੀ : ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਇਨ੍ਹਾਂ ਅਟਕਲਾਂ ਨੂੰ ਰੱਦ ਕਰ ਦਿਤਾ ਹੈ ਕਿ ਧਾਰਾ 35-ਏ ਨੂੰ ਖ਼ਤਮ ਕਰਨ ਲਈ ਵਾਦੀ ਵਿਚ ਫ਼ੌਜੀਆਂ ਦੀ ਤੈਨਾਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਿਯਮਿਤ ਤੈਨਾਤੀ ਦਾ ਹਿੱਸਾ ਹੈ ਅਤੇ ਉਥੇ ਪਹਿਲਾਂ ਤੈਨਾਤ ਫ਼ੌਜੀਆਂ ਨੂੰ ਹਟਾਉਣ ਦੀ ਥਾਂ ਇਨ੍ਹਾਂ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ। ਇਹ ਧਾਰਾ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਹੈ।

ਸੂਤਰਾਂ ਨੇ ਦਸਿਆ ਕਿ ਰਾਜ ਅਤੇ ਖ਼ਾਸਕਰ ਘਾਟੀ ਵਿਚ ਸੁਰੱਖਿਆ ਬਲ ਪੰਚਾਇਤ ਚੋਣਾਂ, ਲੋਕ ਸਭਾ ਚੋਣਾਂ ਅਤੇ ਹੁਣ ਅਮਰਨਾਥ ਯਾਤਰਾ ਕਾਰਨ ਲੰਮੇ ਸਮੇਂ ਤੋਂ ਔਖੇ ਹਾਲਾਤ ਵਿਚ ਤੈਨਾਤ ਹਨ। ਉਨ੍ਹਾਂ ਕਿਹਾ ਕਿ ਸਖ਼ਤ ਡਿਊਟੀ ਤੋਂ ਰਾਹਤ ਦੇਣਾ ਜ਼ਰੂਰੀ ਹੈ ਅਤੇ ਰਾਜ ਵਿਚ ਛੇਤੀ ਹੀ ਵਿਧਾਨ ਸਭਾ ਚੋਣਾਂ ਵੀ ਹੋ ਸਕਦੀਆਂ ਹਨ। ਰਾਜ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਵੀ ਕਸ਼ਮੀਰ ਵਿਚ ਕਿਹਾ ਕਿ ਸੱਭ ਕੁੱਝ ਠੀਕ ਹੈ, ਆਮ ਹੈ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਕੋਈ ਵੀ ਹੁਕਮ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ, 'ਲਾਲ ਚੌਕ 'ਤੇ ਜੇ ਕੋਈ ਛਿੱਕ ਵੀ ਮਾਰਦਾ ਹੈ ਤਾਂ ਰਾਜਪਾਲ ਭਵਨ ਤਕ ਪਹੁੰਚਦੇ ਪਹੁੰਚਦੇ ਇਸ ਨੂੰ ਬੰਬ ਧਮਾਕਾ ਦਸਿਆ ਜਾਂਦਾ ਹੈ। ਰਾਜਪਾਲ ਨੇ ਕਿਹਾ ਕਿ ਰਾਜ ਦੇ ਲੋਕ ਪਰਵਾਰਕ ਪਾਰਟੀਆਂ ਦਾ ਬਾਈਕਾਟ ਕਰ ਰਹੇ ਹਨ ਨਾਕਿ ਚੋਣਾਂ ਦਾ। ਉਨ੍ਹਾਂ ਕਿਹਾ ਕਿ ਪੰਚਾਇਤ ਚੋਣਾਂ ਵਿਚ 75 ਫ਼ੀ ਸਦੀ ਵੋਟਾਂ ਪਈਆਂ ਅਤੇ ਘਾਟੀ ਦੇ ਵੋਟਰ ਵੀ ਉਤਸ਼ਾਹ ਨਾਲ ਮਤਦਾਨ ਕਰ ਰਹੇ ਹਨ।