ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀ: ਰਾਵਤ ਦੀ ਫੇਰੀ, ਸਿੱਧੂ ਸ਼ਾਂਤ, ਕਾਂਗਰਸ ਇਕਜੁਟਤਾ ਵਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੈਪਟਨ ਅਮਰਿੰਦਰ ਸਿੰਘ ਦੀ ਘੁਰਕੀ, ਬਾਗੀਆਂ ਵਿਚ ਡਰ ਦਾ ਮਾਹੌਲ

Captain Amarinder Singh and Navjot Sidhu

 

ਚੰਡੀਗੜ੍ਹ, (ਜੀ.ਸੀ.ਭਾਰਦਵਾਜ): ਦੋ ਮਹੀਨੇ ਪਹਿਲਾਂ ਸੱਤਾਧਾਰੀ ਕਾਂਗਰਸ ਦੀ ਆਉਂਦੀਆਂ ਵਿਧਾਨ ਸਭਾ ਚੋਣਾਂ (Punjab Assembly Elections) ਵਾਸਤੇ ਮਜ਼ਬੂਤੀ ਤੇ ਠੋਸ ਸਥਿਤੀ ਇਸ ਤਰ੍ਹਾਂ ਲਗਦੀ ਸੀ ਕਿ ਵਿਰੋਧੀ ਧਿਰਾਂ ਅਕਾਲੀ ਦਲ-ਬੀਐਸਪੀ ਗਠਜੋੜ ਸਮੇਤ 'ਆਪ' ਤੇ ਬੀਜੇਪੀ ਸਭ ਮਿਲ ਕੇ ਕੁਲ 117 ਸੀਟਾਂ ਵਾਲੀ ਵਿਧਾਨ ਸਭਾ ਵਿਚ ਮਸਾਂ 35-40 ਸੀਟਾਂ ਜਿੱਤਣ ਦੀ ਹਾਲਤ ਵਿਚ ਸਨ ਜਦੋਂ ਕਿ ਕਾਂਗਰਸ ਨੇ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੇ ਸੁਪਨੇ ਲੈਣੇ ਸ਼ੁਰੂ ਕਰ ਦਿਤੇ ਸਨ |

ਪਿਛਲੇ ਮਹੀਨੇ 23 ਜੁਲਾਈ ਨੂੰ  ਨਵਜੋਤ ਸਿੱਧੂ (Navjot Singh Sidhu) ਦੀ ਬਤੌਰ ਪਾਰਟੀ ਪ੍ਰਧਾਨ ਤਾਜਪੋਸ਼ੀ ਉਪਰੰਤ ਵਰਕਿੰਗ ਪ੍ਰਧਾਨਾਂ ਦੀ ਨਿਯੁਕਤੀ ਅੱਗੋਂ 4 ਸਲਾਹਕਾਰ ਲਾਉਣੇ ਤੇ 2 ਮੀਡੀਆ ਐਡਵਾਈਜ਼ਰ ਲੱਗਣ ਦੇ ਨਾਲ ਨਾਲ ਸਿੱਧੂ ਤੇ ਮਲਵਿੰਦਰ ਮਾਲੀ ਵਲੋਂ ਬੋਲ ਕੁਬੋਲਾਂ ਦੀ ਟਵੀਟ ਝੜੀ ਕੈਪਟਨ ਵਿਰੁਧ ਪ੍ਰਚਾਰ ਅਤੇ ਤਿੰਨ ਮੰਤਰੀਆਂ ਤੇ ਕੁੱਝ ਵਿਧਾਇਕਾਂ ਵਲੋਂ ਨਵੇਂ ਪ੍ਰਧਾਨ ਨੂੰ  ਦਿਤੀ ਹੱਲਾਸ਼ੇਰੀ ਸਮੇਤ 'ਇੱਟ ਨਾਲ ਇੱਟ ਖੜਕਾਉਣ' ਵਰਗੇ ਅਪ ਸ਼ਬਦਾਂ ਨੇ ਕਾਂਗਰਸ ਹਾਈਕਮਾਂਡ ਨੂੰ  'ਸਖ਼ਤ ਰਵਈਆ' ਅਖ਼ਤਿਆਰ ਕਰਨ ਲਈ ਮਜਬੂਰ ਕੀਤਾ ਅਤੇ ਹੁਣ ਹਰੀਸ਼ ਰਾਵਤ (Harish Rawat) ਦੀ ਸੰਭਾਵਤ ਫੇਰੀ ਨੇ ਕਾਂਗਰਸ ਵਿਚ ਇਕਜੁਟਤਾ ਸ਼ੁਰੂ ਕਰ ਦਿਤੀ ਹੈ |

ਸੀਨੀਅਰ ਤੇ ਤਜਰਬੇਕਾਰ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਰਾਤ ਦੇ ਖਾਣੇ 'ਤੇ 14 ਮੰਤਰੀਆਂ ਸਮੇਤ 50-55 ਵਿਧਾਇਕਾਂ ਦੇ ਇਕੱਠ ਤੇ ਕੈਪਟਨ ਦੇ ਹੱਕ ਵਿਚ 'ਸ਼ਕਤੀ ਪ੍ਰਦਰਸ਼ਨ' ਨੇ ਬਾਗ਼ੀ ਕਾਂਗਰਸੀਆਂ ਵਿਚ ਡਰ ਦਾ ਮਾਹੌਲ ਪੈਦਾ ਕਰ ਕੇ ਨਵੇਂ ਪ੍ਰਧਾਨ ਨੂੰ  ਵੀ 'ਬੁਲ੍ਹਾਂ 'ਤੇ ਚੇਪੀ' ਲਾਉਣ ਲਈ ਕਹਿ ਦਿਤਾ ਹੈ | ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਹਾਈਕਮਾਂਡ ਦੀ ਸਲਾਹ ਨਾਲ ਆਉਂਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਅਗਵਾਈ ਵਿਚ ਲੜਨ ਦਾ ਹੁਕਮ ਸੁਣਾ ਦਿਤਾ ਹੈ | ਬੀਤੇ ਕਲ ਮੰਤਰੀ ਮੰਡਲ ਦੀ ਬੈਠਕ ਵਿਚ ਵਿਧਾਨ ਸਭਾ ਸੈਸ਼ਨ ਕੇਵਲ 9ਵੇਂ ਗੁਰੂ ਦੇ ਸਬੰਧ ਵਿਚ ਬੁਲਾਉਣ ਦਾ ਫ਼ੈਸਲਾ ਕਰ ਕੇ ਮੁੱਖ ਮੰਤਰੀ ਨੇ ਬੇਭਰੋਸੇਗੀ ਦਾ ਮਤਾ ਲਿਆਉਣ ਦੀ ਸੰਭਾਵਨਾ ਵੀ ਖ਼ਤਮ ਕਰ ਦਿਤੀ ਹੈ |

ਹੁਣ ਇਹ ਸ਼ਰਾਤ ਕੇਵਲ 'ਆਪ' ਤੇ ਅਕਾਲੀ ਦਲ ਹੀ ਕਰ ਸਕਦਾ ਹੈ ਪਰ ਵਿਸ਼ੇਸ਼ ਇਜਲਾਸ ਦੌਰਾਨ ਇਸ ਤਰ੍ਹਾਂ ਦਾ ਮਤਾ ਸੰਭਵ ਨਹੀਂ ਹੈ | ਸਿਆਸੀ ਮਾਹਰ ਚੋਣ ਅੰਕੜਾ ਗਿਆਤਾ ਮੰਨਦੇ ਹਨ, ਕਿ ਸੱਤਾਧਾਰੀ ਕਾਂਗਰਸ ਦੀ ਹਾਈਕਮਾਂਡ ਜੇ ਅਜੇ ਵੀ ਨਵਜੋਤ ਸਿੱਧੂ ਤੇ ਸਾਥੀਆਂ ਦੀ ਲਗਾਮ ਖਿੱਚ ਕੇ ਰੱਖੇ ਤਾਂ ਬਹੁਮਤ ਦੇ ਨੇੜੇ ਜ਼ਰੂਰ ਕਾਂਗਰਸ ਪਹੁੰਚ ਸਕਦੀ ਹੈ ਕਿਉਂਕਿ ਦਸੰਬਰ ਮਹੀਨੇ ਪਾਰਟੀ ਟਿਕਟਾਂ ਦੀ ਵੰਡ ਮੌਕੇ ਤਰ੍ਹਾਂ ਤਰ੍ਹਾਂ ਦੇ ਮਾਫ਼ੀਆ ਲੀਡਰਾਂ ਨੂੰ  ਝਟਕਾ ਦੇਣ ਤੇ ਉਨ੍ਹਾਂ ਦੀ ਥਾਂ ਸਾਫ਼ ਸੁਥਰੇ ਅਕਸ ਵਾਲੇ ਨੌਜਵਾਨਾਂ ਨੂੰ  ਮੌਕਾ ਦੇਣ ਦੇ ਰੌਅ ਵਿਚ ਇਹ ਧਰਮ ਨਿਰਪੱਖ ਪਾਰਟੀ ਹੈ | ਮਾਹਰ ਇਹ ਵੀ ਇਸ਼ਾਰਾ ਕਰਦੇ ਹਨ ਕਿ ਸੁਖਬੀਰ ਬਾਦਲ ਵਲੋਂ ਆਰੰਭਿਆ ਚੋਣ ਪ੍ਰਚਾਰ ਕਾਫ਼ੀ ਵੋਟਾਂ ਬਟੋਰ ਕੇ ਕਾਂਗਰਸ ਨੂੰ  ਪਟਕਣੀ ਦੇ ਸਕਦਾ ਹੈ |