ਰਾਜ ਸਭਾ ਚੋਣਾਂ : 'ਆਪ' ਉਮੀਦਵਾਰ ਸੰਤ ਸੀਚੇਵਾਲ ਤੇ ਵਿਕਰਮਜੀਤ ਸਾਹਨੀ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
ਵਿਧਾਨ ਸਭਾ ਦੇ ਸਕੱਤਰ ਸੁਰਿੰਦਰਪਾਲ ਸਿੰਘ ਕੋਲ ਕਰਵਾਏ ਦਾਖ਼ਲ
ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਲਈ ਆਮ ਆਦਮੀ ਪਾਰਟੀ ਵਲੋਂ ਦੋ ਉੱਚ ਸ਼ਖਸੀਅਤਾਂ ਦੇ ਨਾਮ ਨਾਮਜ਼ਦ ਕੀਤੇ ਗਏ ਸਨ ਅਤੇ ਇਸ ਦੇ ਚਲਦੇ ਹੀ ਅੱਜ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰਪਾਲ ਸਿੰਘ ਕੋਲ ਆਪਣੀ ਨਾਮਜ਼ਦਗੀ ਦਾਖ਼ਲ ਕਰਵਾਈ ਹੈ।
ਦੱਸ ਦੇਈਏ ਕਿ ਇਸ ਮੌਕੇ ਉਹਨਾਂ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਾਜ਼ਰ ਸਨ। ਦੱਸ ਦੇਈਏ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਅੱਜ ਆਖਰੀ ਦਿਨ ਹੈ ਅਤੇ ਇਸ ਤੋਂ ਬਾਅਦ ਭਲਕੇ ਯਾਨੀ 1 ਜੂਨ ਨੂੰ ਦਾਖ਼ਲ ਕੀਤੀਆਂ ਨਾਮਜ਼ਦਗੀਆਂ ਦੀ ਜਾਂਚ ਪੜਤਾਲ ਹੋਵੇਗੀ। ਰਾਜ ਸਭਾ ਲਈ ਚੋਣਾਂ 3 ਜੂਨ ਨੂੰ ਹੋਣਗੀਆਂ।
ਇਸ ਤੋਂ ਇਲਾਵਾ ਕਮਿਸ਼ਨ ਵਲੋਂ ਹਦਾਇਤ ਦਿਤੀ ਗਈ ਹੈ ਕਿ ਜੇਕਰ ਅੱਜ ਦੀ ਤਰੀਕ ਵਿਚ ਕੋਈ ਵੀ ਪਾਰਟੀ ਦਾ ਉਮੀਦਵਾਰ ਨਾਮਜ਼ਦਗੀ ਦਾਖ਼ਲ ਨਹੀਂ ਕਰਦਿਆਂ ਤਾਂ 'ਆਪ' ਵਲੋਂ ਐਲਾਨੇ ਦੋਵਾਂ ਉਮੀਦਵਾਰਾਂ ਨੂੰ ਬਿਨ੍ਹਾ ਮੁਕਾਬਲਾ ਜੇਤੂ ਕਰਾਰ ਦੇ ਦਿਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਭੇਜਣ ਦਾ ਪਿਛਲੇ ਦਿਨੀਂ ਐਲਾਨ ਕੀਤਾ ਗਿਆ ਸੀ।