ਸਰਕਾਰਾਂ ਬਾਰੇ ਬੋਲੇ ਉਗਰਾਹਾਂ, ਸਿਆਸਤਦਾਨਾਂ ਨੂੰ ਕਿਸਾਨਾਂ ਨਾਲ ਨਹੀਂ ਕੋਈ ਸਰੋਕਾਰ, ਕਰ ਰਹੇ ਸਿਆਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਮਾਹੌਲ ਸੁਖਾਵਾਂ ਹੋਣ ਤਕ ਮੀਟਿੰਗ ਦਾ ਨਹੀਂ ਹੋਵੇਗਾ ਕੋਈ ਫਾਇਦਾ

Joginder Ugrahan

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੇ ਸਿਆਸੀ ਧਿਰਾਂ ਲਈ ਕਸੂਤੀ ਸਥਿਤੀ ਪੈਦਾ ਕੀਤੀ ਹੋਈ ਹੈ। ਭਾਜਪਾ ਨੂੰ ਛੱਡ ਕੇ ਭਾਵੇਂ ਸਮੂਹ ਸਿਆਸੀ ਦਲਾਂ ਵਲੋਂ ਕਿਸਾਨਾਂ ਦੇ ਨਾਲ ਖਲੋਣ ਦਾ ਦਾਅਲਾ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ਵਲੋਂ ਸਿਆਸਤਦਾਨਾਂ ਤੋਂ ਦੂਰੀ ਬਣਾ ਕੇ ਚੱਲਣ ਦੀ ਵਿਉਤਬੰਦੀ ਨੇ ਉਨ੍ਹਾਂ ਲਈ ਕਸੂਤੀ ਸਥਿਤੀ ਪੈਦਾ ਕੀਤੀ ਹੋਈ ਹੈ। ਸਿਆਸਤਦਾਨ ਕਿਸਾਨੀ ਸੰਘਰਸ਼ ਵਿਚ ਖੁਦ ਨੂੰ ਬਿਨ-ਬੁਲਾਏ ਮਹਿਮਾਨ ਵਰਗਾ ਮਹਿਸੂਸ ਕਰ ਰਹੇ ਹਨ।

ਬੀਤੇ ਦਿਨਾਂ ਦੌਰਾਨ ਕਿਸਾਨਾਂ ਵਲੋਂ ਕਈ ਸਿਆਸੀ ਆਗੂਆਂ ਨੂੰ ਆਪਣੀਆਂ ਸਟੇਜਾਂ ਤੋਂ ਬੇਰੰਗ ਮੋੜਿਆ ਜਾ ਚੁਕਾ ਹੈ। ਇਸ ਦੇ ਬਾਵਜੂਦ ਪੰਜਾਬ ਦੇ ਕਾਂਗਰਸ ਨਾਲ ਸਬੰਧਤ ਸੰਸਦ ਮੈਂਬਰਾਂ ਵਲੋਂ ਜੰਤਰ ਮੰਤਰ ‘ਤੇ ਕਿਸਾਨਾਂ ਦੇ ਹੱਕ ਵਿਚ ਧਰਨਾ ਦਿਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਕਈ ਆਗੂ ਕਿਸਾਨ ਆਗੂ ਟਿਕੈਤ ਨੂੰ ਮਿਲ ਚੁਕੇ ਹਨ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਮਸਲੇ ‘ਤੇ ਵਿਚਾਰ-ਵਟਾਦਰੇ ਲਈ ਆਲ ਪਾਰਟੀ ਮੀਟਿੰਗ ਬੁਲਾਈ ਹੈ।

ਦੂਜੇ ਪਾਸੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਨੂੰ 2022 ਦੀ ਤਿਆਰੀ ਨਾਲ ਜੋੜ ਕੇ ਬਿਆਨ ਦਿਤਾ ਹੈ। ਉਗਰਾਹਾਂ ਮੁਤਾਬਕ ਸਿਆਸੀ ਧਿਰਾਂ ਮਿਸ਼ਨ 2022 ਦੀ ਤਿਆਰੀ ਤਹਿਤ ਵਿਚਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੀ ਸਿਆਸੀ ਜ਼ਮੀਨ ਤਲਾਸ਼ ਰਹੀਆਂ ਹਨ, ਜਦਕਿ ਅਸਲ ਵਿਚ ਕਿਸੇ ਨੂੰ ਵੀ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਹੈ।

ਪ੍ਰਧਾਨ ਮੰਤਰੀ ਵਲੋਂ ਗੱਲਬਾਤ ਬਾਰੇ ਦਿਤੇ ਸੰਕੇਤ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਹਿਲਾਂ ਮੀਟਿੰਗ ਲਈ ਸੁਖਾਵਾਂ ਮਾਹੌਲ ਬਣਾਉਣਾ ਚਾਹੀਦਾ ਹੈ, ਜਦੋਂ ਤਕ ਮਾਹੌਲ ਸੁਖਾਵਾਂ ਨਹੀਂ ਹੁੰਦਾ, ਕਿਸੇ ਵੀ ਮੀਟਿੰਗ ਦਾ ਕੋਈ ਫਾਇਦਾ ਨਹੀਂ ਹੋਵੇਗਾ। ਕੇਂਦਰ ਸਰਕਾਰ ਵਲੋਂ ਕਿਸਾਨ ਆਗੂਆਂ ‘ਤੇ ਪਰਚੇ ਦਰਜ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਸਖਤੀ ਦਾ ਸਾਡੇ ‘ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਕਿਸਾਨ ਆਗੂ ਇਸ ਲਈ ਖੁਦ ਨੂੰ ਪਹਿਲਾਂ ਹੀ ਤਿਆਰ ਕਰ ਚੁਕੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਅੰਦੋਲਨ ਨੂੰ ਢਾਹ ਲਾਉਣ ਦੀ ਜਿੰਨੀ ਕੋਸ਼ਿਸ਼ ਕਰੇਗੀ, ਲੋਕਾਂ ਦੇ ਇਰਾਦੇ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਾਜਪਾ ਖਿਲਾਫ ਗੁੱਸਾ ਦਿਨੋ ਦਿਨ ਵਧਦਾ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਭਾਜਪਾ ਨੂੰ ਭੁਗਤਣਾ ਪਵੇਗਾ। 26 ਜਨਵਰੀ ਨੂੰ ਲਾਲ ਕਿਲੇ ‘ਤੇ ਝੰਡਾ ਝੁਲਾਉਣ ਦੀ ਘਟਨਾ ਨੂੰ ਗਲਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਘਟਨਾ ਨਹੀਂ ਸੀ ਵਾਪਰਨੀ ਚਾਹੀਦੀ।