ਫ਼ਾਜ਼ਿਲਕਾ ਦੇ ਨੌਜਵਾਨ ਨੇ ਦਖਣੀ ਅਫ਼ਰੀਕਾ ਦੀ ਸਭ ਤੋਂ ਉਚੀ ਚੋਟੀ ਕਿਲੀਮੰਜਾਰੋ ਕੀਤੀ ਸਰ

ਏਜੰਸੀ

ਖ਼ਬਰਾਂ, ਪੰਜਾਬ

ਉਸ ਨੇ ਇਹ ਪ੍ਰਾਪਤੀ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਕੀਤੀ

Fazilka youth climbs Kilimanjaro, South Africa's highest peak

ਫ਼ਾਜਿਲਕਾ/ਜਲਾਲਾਬਾਦ (ਕੁਲਦੀਪ ਸਿੰਘ ਸੰਧੂ/ਸੁਖਦੇਵ ਸਿੰਘ ਸੰਧੂੂੂੂੂੂੂੂੂ) : ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਸਾਹਸੀ ਨੌਜਵਾਨ ਨੇ ਦੱਖਣੀ ਅਫ਼ਰੀਕਾ ਦੀ ਸੱਭ ਤੋਂ ਉਚੀ ਚੋਟੀ ਕਿਲੀਮੰਜਾਰੋ ਸਰ ਕਰ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਚੋਟੀ ਦੀ ਉੱਚਾਈ 5895 ਮੀਟਰ ਹੈ। ਉਸ ਨੇ ਇਹ ਪ੍ਰਾਪਤੀ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਕੀਤੀ। ਉਹ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਅਭਿਆਨ ਸਫ਼ਲਤਾ ਨਾਲ ਪੂਰੇ ਕਰ ਚੁੱਕਾ ਹੈ। ਰਾਮਚੰਦਰ ਦੀ ਇਸ ਪ੍ਰਾਪਤੀ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈਏਐਸ ਨੇ ਨੌਜਵਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿਤੀ ਹੈ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਮਚੰਦਰ ਦੀਆਂ ਇਹ ਸਾਹਸਿਕ ਗਤੀਵਿਧੀਆਂ ਹੋਰਨਾਂ ਨੌਜਵਾਨਾਂ ਲਈ ਵੀ ਰਾਹ ਦਸੇਰਾ ਬਣਨਗੀਆਂ। ਰਾਮਚੰਦਰ ਨੇ ਆਪਣੇ ਅਭਿਆਨ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਆਪਣੇ ਦਲ ਦੇ ਹੋਰ ਸਾਥੀਆਂ ਸਮੇਤ 21 ਜਨਵਰੀ ਨੂੰ ਕਿਲੀ ਏਅਰਪੋਰਟ ਪੁੱਜਾ ਤੇ ਇਕ ਦਿਨ ਦੇ ਆਰਾਮ ਤੋਂ ਬਾਅਦ 23 ਜਨਵਰੀ ਨੂੰ ਉਨ੍ਹਾਂ ਨੇ ਮੋਸੀ ਨਾਂਅ ਦੇ ਪਿੰਡ ਤੋਂ ਅਪਣੇ ਅਭਿਆਨ ਦੀ ਸ਼ੁਰੂਆਤ ਕਰਦਿਆਂ ਟਰੈਕਿੰਗ ਸ਼ੁਰੂ ਕੀਤੀ। ਅਪਣੇ ਅਭਿਆਨ ਦੇ ਆਖ਼ਰੀ ਪੜਾਅ ਦੀ ਸ਼ੁਰੂਆਤ ਉਸ ਨੇ 25 ਜਨਵਰੀ ਦੀ ਰਾਤ ਨੂੰ ਕੀਬੋ ਬੇਸ ਕੈਂਪ ਤੋਂ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਸਟੈਲਾ ਨਾ ਦੇ ਇਕ ਹੋਰ ਪੜਾਅ ਤੇ 350 ਫੁੱਟ ਵੱਡਾ ਤਿਰੰਗਾ ਲਹਿਰਾਇਆ। ਪਰ ਇਥੇ ਉਸ ਨਾਲ ਇਕ ਤ੍ਰਾਸਦੀ ਵੀ ਵਾਪਰ ਗਈ ਜਿਥੇ ਉਸ ਦਾ ਬੈਗ ਚੋਰੀ ਹੋ ਗਿਆ ਜਿਸ ਵਿਚ ਉਸ ਦਾ ਪਾਸਪੋਰਟ ਤੇ ਹੋਰ ਸਮਾਨ ਸੀ। ਮਾਇਨਸ 15 ਤੋਂ 20 ਡਿਗਰੀ ਤਾਪਮਾਨ ਅਤੇ ਤੇਜ਼ ਤੂਫ਼ਾਨ ਦੌਰਾਨ ਵੀ ਰਾਮਚੰਦਰ ਨੇ ਅਪਣਾ ਹੌਂਸਲਾ ਨਹੀਂ ਡਿਗਣ ਦਿਤਾ ਭਾਵੇਂ ਕਿ ਠੰਢ ਕਾਰਨ ਉਸ ਨੂੰ ਉਲਟੀਆਂ ਲੱਗ ਗਈਆਂ

ਪਰ ਉਸ ਨੇ ਹੌਂਸਲੇ ਨਾਲ ਅਪਣਾ ਅਭਿਆਨ ਜਾਰੀ ਰਖਿਆ ਅਤੇ 26 ਜਨਵਰੀ ਦੇ ਸਵੇਰ 9:30 ਵਜੋਂ ਉੁਸ ਨੇ 19341 ਫੁੱਟ ਉੱਚੀ ਅਫ਼ਰੀਕਾ ਮਹਾਂਦੀਪ ਦੀ ਸੱਭ ਤੋਂ ਉੱਚੀ ਚੋਟੀ ਸਰ ਕਰ ਲਈ। ਪਾਸਪੋਰਟ ਚੋਰੀ ਹੋ ਜਾਣ ਕਾਰਨ ਉਸ ਨੂੰ ਅਪਣੀ ਵਾਪਸੀ ਦੀ ਟਿਕਟ ਵੀ ਅੱਗੇ ਕਰਵਾਉਣੀ ਪਈ ਅਤੇ ਭਾਰਤੀ ਦੂਤਘਰ ਦੀ ਮਦਦ ਨਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਫ਼ਾਜ਼ਿਲਕਾ ਦੀ ਮਦਦ ਨਾਲ ਉਸ ਨੂੰ ਡੁਪਲੀਕੇਟ ਪਾਸਪੋਰਟ ਜਾਰੀ ਹੋਇਆ ਜਿਸ ਉਪਰੰਤ ਅੱਜ ਸਵੇਰ ਰਾਮਚੰਦਰ ਮੁੰਬਈ ਏਅਰਪੋਰਟ ’ਤੇ ਵਾਪਸ ਦੇਸ਼ ਪਰਤਿਆ।