ਉਚੇਰੀ ਸਿੱਖਿਆ ਲੈਣ ਲਈ 12ਵੀਂ ਤੋਂ ਬਾਅਦ ਵਿਦਿਆਰਥੀ ਕਰ ਰਹੇ ਵਿਦੇਸ਼ਾਂ ਦਾ ਰੁਖ਼

ਏਜੰਸੀ

ਖ਼ਬਰਾਂ, ਪੰਜਾਬ

ਸੂਬੇ 'ਚ 4 ਸਾਲਾਂ ਅੰਦਰ ਕਾਲਜਾਂ ਵਿਚ ਸਵਾ ਲੱਖ ਦਾਖ਼ਲੇ ਘਟੇ

photo

 

ਮੁਹਾਲੀ- ਪੰਜਾਬ ’ਚੋਂ ਸਟੱਡੀ ਵੀਜ਼ਾ ’ਤੇ ਵਿਦੇਸ਼ ਜਾਣ ਦਾ ਰੁਝਾਨ ਹੁਣ ਕਾਲਜ ਖ਼ਾਲੀ ਕਰਨ ਲੱਗਾ ਹੈ। 12ਵੀਂ ਦੀ ਪੜ੍ਹਾਈ ਮਗਰੋਂ ਵਿਦਿਆਰਥੀ ਵਿਦੇਸ਼ਾਂ ਦਾ ਰੁਖ਼ ਕਰਨ ਲੱਗੇ ਹਨ ਜਿਸ ਕਾਰਨ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਦੀ ਗਿਣਤੀ ਘਟਣ ਲੱਗੀ ਹੈ। ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ (2020-21) ਦੀ ਹਾਲ ਹੀ ਵਿੱਚ 29 ਜਨਵਰੀ ਨੂੰ ਜਾਰੀ ਰਿਪੋਰਟ ’ਚ ਇਹ ਤੱਥ ਸਾਹਮਣੇ ਆਏ ਹਨ। ਸਰਵੇ ਮੁਤਾਬਿਕ ਇਕੱਲੀ ਪੀਐੱਚਡੀ ਦੀ ਡਿਗਰੀ ਹੈ ਜਿਸ ’ਚ ਵਿਦਿਆਰਥੀਆਂ ਦੀ ਰੁਚੀ ਵਧੀ ਹੈ।

ਸਰਵੇ ਰਿਪੋਰਟ ਅਨੁਸਾਰ ਬੀਤੇ 5 ਸਾਲਾਂ ਅੰਦਰ ਕਾਫ਼ੀ ਕਾਲਜ ਬੰਦ ਵੀ ਹੋ ਗਏ ਹਨ। 2020-21 ਵਿਚ ਸੂਬੇ ’ਚ 1039 ਕਾਲਜ ਸਨ ਜਦਕਿ 2016-17 ਵਿੱਚ ਇਨ੍ਹਾਂ ਕਾਲਜਾਂ ਦੀ ਗਿਣਤੀ 1068 ਸੀ। ਇਨ੍ਹਾਂ ਪੰਜ ਸਾਲਾਂ ਅੰਦਰ 29 ਕਾਲਜ ਬੰਦ ਹੋਏ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਉਚੇਰੀ ਸਿੱਖਿਆ ਲਈ 2017-18 ’ਚ 9.59 ਲੱਖ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਜਦਕਿ 2020-21 ’ਚ ਇਹ ਦਾਖਲਾ ਲੈਣ ਵਾਲੇ ਵਿਦਿਆਰਥੀ 8.33 ਲੱਖ ਰਹਿ ਗਏ ਸਨ। ਇਨ੍ਹਾਂ ਚਾਰ ਸਾਲਾਂ ਅੰਦਰ ਵਿਦਿਆਰਥੀਆਂ ਦੀ ਗਿਣਤੀ ’ਚ ਸਵਾ ਲੱਖ ਦੀ ਕਮੀ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇੱਕ ਹੋਰ ਹੱਸਦਾ ਵੱਸਦਾ ਘਰ: ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਪਿਛਲੇ 4 ਸਾਲਾਂ ਦੌਰਾਨ ਉਚੇਰੀ ਸਿੱਖਿਆ ਲਈ 65,339 ਲੜਕੀਆਂ ਤੇ 60,862 ਮੁੰਡਿਆਂ ਦੇ ਦਾਖ਼ਲਿਆਂ ’ਚ ਕਮੀ ਆਈ ਹੈ। ਇਸੇ ਤਰ੍ਹਾਂ ਦਲਿਤ ਵਿਦਿਆਰਥੀਆਂ ਦੇ ਵੀ 40,187 ਦਾਖ਼ਲੇ ਘਟੇ ਹਨ। ਪੰਜਾਬ ਵਿਚ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਦਾ ਰੁਝਾਨ 2016-17 ਵਿਚ ਸ਼ੁਰੂ ਹੋਇਆ ਸੀ ਤੇ ਤੇਜ਼ੀ ਨਾਲ ਵਧਿਆ। 
 ਦੂਸਰੇ ਪਾਸੇ 2021-22 ਦੇ ਵਰ੍ਹੇ ਵਿਚ 64 ਸਰਕਾਰੀ ਕਾਲਜਾਂ ਨੇ ਵਿਦਿਆਰਥੀਆਂ ਤੋਂ ਬਾਕੀ ਫੰਡਾਂ ਦੇ ਰੂਪ ਵਿੱਚ 75.83 ਕਰੋੜ ਰੁਪਏ ਇਕੱਠੇ ਕੀਤੇ ਹਨ ਜਿਨ੍ਹਾਂ ’ਚੋਂ 53.33 ਕਰੋੜ ਕਾਲਜਾਂ ’ਤੇ ਖਰਚ ਕੀਤੇ ਗਏ ਹਨ। ਵਿਦਿਆਰਥੀਆਂ ਦੇ ਪੈਸੇ ’ਚੋਂ ਵੀ ਸਰਕਾਰ ਨੇ 16.50 ਕਰੋੜ ਰੁਪਏ ਬਚਾਅ ਲਏ ਹਨ।