ਮੌੜ ਮੰਡੀ ਦੇ ਵਪਾਰੀ ਦੀ i20 ਕਾਰ ਖੋਹ ਕੇ ਫਰਾਰ 

ਏਜੰਸੀ

ਖ਼ਬਰਾਂ, ਪੰਜਾਬ

ਦੋ ਨੌਜੁਆਨ ਲਿਫਟ ਲੈਣ ਬਹਾਨੇ ਚੜ੍ਹੇ ਸਨ ਕਾਰ ’ਚ, ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ 

Maur Mandi businessman car was stolen

ਬਠਿੰਡਾ : ਬੁਧਵਾਰ ਰਾਤ ਨੂੰ ਮੌੜ ਮੰਡੀ ਦੇ ਵਪਾਰੀ ਬੀਨੂੰ ਸਿੰਗਲਾ ਤੋਂ ਦੋ ਨੌਜੁਆਨ ਉਸ ਦੀ i20 ਕਾਰ ਖੋਹ ਕੇ ਫਰਾਰ ਹੋ ਗਏ। ਘਟਨਾ ਦੇ ਸਮੇਂ ਵਪਾਰੀ ਰਾਮਪੁਰਾ ਫੂਲ ਤੋਂ ਮੌੜ ਮੰਡੀ ਵਲ ਆ ਰਿਹਾ ਸੀ ਕਿ ਦੋ ਅਣਪਛਾਤੇ ਨੌਜੁਆਨ ਲਿਫਟ ਲੈ ਕੇ ਕਾਰ ’ਚ ਸਵਾਰ ਹੋ ਗਏ। ਜਿਨ੍ਹਾਂ ਨੇ ਰਸਤੇ ’ਚ ਉਕਤ ਘਟਨਾ ਨੂੰ ਅੰਜਾਮ ਦਿਤਾ ਅਤੇ ਫਰਾਰ ਹੋ ਗਏ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਮੌਕੇ ਦੇ ਨੇੜੇ ਲੱਗੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਸਕੈਨ ਕਰ ਰਹੀ ਹੈ। 

ਜਾਣਕਾਰੀ ਅਨੁਸਾਰ ਮੌੜ ਮੰਡੀ ਦਾ ਵਪਾਰੀ ਬੀਨੂੰ ਸਿੰਗਲਾ ਬੁਧਵਾਰ ਰਾਤ ਨੂੰ ਰਾਮਪੁਰਾ ਫੂਲ ਤੋਂ ਮੌੜ ਮੰਡੀ ਵਲ ਪਰਤ ਰਿਹਾ ਸੀ। ਰਸਤੇ ’ਚ ਦੋ ਨੌਜੁਆਨਾਂ ਨੇ ਕਾਰੋਬਾਰੀ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਜਦੋਂ ਕਾਰ ਰੁਕੀ ਤਾਂ ਦੋਵੇਂ ਨੌਜੁਆਨ ਲਿਫਟ ਲੈ ਕੇ ਕਾਰ ’ਚ ਸਵਾਰ ਹੋ ਗਏ। ਜਦੋਂ ਕਾਰ ਮੌੜ ਮੰਡੀ ਵਲ ਜਾ ਰਹੀ ਸੀ ਤਾਂ ਦੋਹਾਂ ਨੌਜੁਆਨਾਂ ਨੇ ਵਪਾਰੀ ਨੂੰ ਧਮਕਾਇਆ ਅਤੇ ਰਸਤੇ ਵਿਚ ਕਾਰ ਰੋਕ ਕੇ ਉਸ ਤੋਂ ਕਾਰ ਖੋਹ ਕੇ ਫਰਾਰ ਹੋ ਗਏ। ਪਤਾ ਲੱਗਾ ਹੈ ਕਿ ਜਦੋਂ ਮੁਲਜ਼ਮ ਭੱਜ ਰਹੇ ਸਨ ਤਾਂ ਮੁਲਜ਼ਮਾਂ ਨੇ ਖੋਹੀ ਗਈ ਗੱਡੀ ਕਾਰੋਬਾਰੀ ਦੀ ਲੱਤ ’ਤੇ ਚੜ੍ਹਾ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿਤਾ। 

ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਨੇ ਕਾਰੋਬਾਰੀ ਦੇ ਬਿਆਨ ਦਰਜ ਕਰ ਕੇ ਮੌਕੇ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿਤਾ ਹੈ ਪਰ ਵੀਰਵਾਰ ਸਵੇਰ ਤਕ ਪੁਲਿਸ ਨੂੰ ਮੁਲਜ਼ਮ ਬਾਰੇ ਕੋਈ ਸੁਰਾਗ ਨਹੀਂ ਸੀ। ਸੂਤਰਾਂ ਮੁਤਾਬਕ ਕਾਰ ਖੋਹਣ ਵਾਲੇ ਨੌਜੁਆਨ ਕਿਸੇ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵਲੋਂ ਪੂਰੇ ਜ਼ਿਲ੍ਹੇ ’ਚ ਅਲਰਟ ਜਾਰੀ ਕਰ ਦਿਤਾ ਗਿਆ ਹੈ ਅਤੇ ਵਾਹਨ ਅਤੇ ਨੌਜੁਆਨਾਂ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ।