ਪੰਜਾਬ 'ਚ ਲੋਕ ਸਭਾ ਚੋਣਾਂ ਲਈ ਸੌ ਫ਼ੀ ਸਦੀ ਤਿਆਰੀਆਂ ਮੁਕੰਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਪੰਜਾਬ ਵਿਚ ਲੋਕ ਸਭਾ ਚੋਣਾਂ ਕਰਵਾਉਣ ਲਈ ਸੌ ਫ਼ੀ ਸਦੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸਦੀ ਰੀਪੋਰਟ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਭੇਜੀ ਜਾ...

Lok Sabha elections

ਚੰਡੀਗੜ੍ਹ : ਪੰਜਾਬ ਵਿਚ ਲੋਕ ਸਭਾ ਚੋਣਾਂ ਕਰਵਾਉਣ ਲਈ ਸੌ ਫ਼ੀ ਸਦੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸਦੀ ਰੀਪੋਰਟ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਭੇਜੀ ਜਾ ਚੁੱਕੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰਨਾ ਰਾਜੂ ਨੇ ਪੱਤਰਕਾਰਾਂ ਨਾਲ ਮੁਲਾਕਾਤ ਕਰਦਿਆਂ ਦਸਿਆ ਕਿ ਚੋਣਾਂ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਹੋਣਗੀਆਂ। ਚੋਣਾਂ ਵਿਚ ਕਿਸੀ ਵੀ ਕਿਸਮ ਦੀ ਗੜਬੜੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਪੂਰੀ ਸ਼ਖਤੀ ਹੋਵੇਗੀ।
ਉਨ੍ਹਾਂ ਦਸਿਆ ਕਿ ਚੋਣ ਕਮਿਸ਼ਨ ਦੁਆਰਾ ਹਦਾਇਤਾਂ ਅਨੁਸਾਰ ਪੰਜਾਬ ਵਿਚ ਅਧਿਕਾਰੀਆਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ ਅਤੇ ਚੋਣ ਅਮਲੇ ਦੀਆਂ ਡਿਊਟੀਆਂ ਵੀ ਲੱਗ ਚੁਕੀਆਂ ਹਨ।
ਪੰਜਾਬ ਵਿਚ ਵੋਟਰਾਂ ਦੀ ਕੁੱਲ ਗਿਣਤੀ ਦੋ ਕਰੋੜ ਤਿੰਨ ਲੱਖ ਹੈ ਅਤੇ ਨਵੇਂ ਬਣੇ ਵੋਟਰਾਂ ਦੀ ਸੰਖਿਆ 7 ਲੱਖ ਹੈ। ਉਨ੍ਹਾਂ ਦਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਤੋਂ ਬਾਅਦ ਅੰਤਮ ਸੁਧਾਈ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਵਾਰ ਅਪਾਹਜ ਵੋਟਰਾਂ ਦੀ ਸੰਖਿਆ ਸਾਡੇ 6 ਲੱਖ ਦੇ ਨੇੜੇ ਹੈ। ਇਸ ਵਾਰ ਪੂਰੀ ਕੋਸ਼ਿਸ਼ ਹੋਵੇਗੀ ਕਿ ਹਰ ਵਿਅਕਤੀ ਸਮੇਤ ਅਪਾਹਜ ਅਪਣੀ ਵੋਟ ਦੇ ਹੱਕ ਦਾ ਇਤੇਮਾਲ ਕਰੇ। ਅਪਾਹਜ ਅਤੇ ਬਜ਼ੁਰਗਾਂ ਜੋ ਤੁਰ ਨਹੀਂ ਸਕਦੇ ਲਈ ਵਲੰਟੀਅਰ ਸਹੂਲਤਾਂ ਉਪਲਬਧ ਕਰਵਾਉਣਗੇ। ਪਿਛਲੀਆਂ ਹੋਈਆਂ ਚੋਣਾਂ ਸਮੇਂ ਅਪਾਹਜ ਵੋਟਰਾਂ ਦੀ ਜਾਣਕਾਰੀ ਉਪਲਬਧ ਹੈ ਪਰ ਇਸ ਵਾਰ ਪੂਰੀ ਜਾਣਕਾਰੀ ਰਖੀ ਜਾਵੇਗੀ।
ਡਾ. ਰਾਜੂ ਨੇ ਦਸਿਆ ਕਿ ਪਿੰਡਾਂ ਵਿਚ ਬਾਰਾਂ ਸੌ ਵੋਟਾਂ ਅਤੇ ਸ਼ਹਿਰਾਂ ਵਿਚ 1400 ਵੋਟਾਂ ਪਿਛੇ ਇਕ ਬੂਥ ਸਥਾਪਤ ਕੀਤਾ ਗਿਆ ਹੈ। ਪੰਜਾਬ ਵਿਚ ਕੁੱਲ ਬੂਥਾਂ ਦੀ ਗਿਣਤੀ 23124 ਹੋਵੇਗੀ। ਉਨ੍ਹਾਂ ਇਹ ਵੀ ਦਸਿਆ ਕਿ 2 ਅਤੇ 3 ਮਾਰਚ ਨੂੰ ਵੋਟਾਂ ਦੀ ਜਾਂਚ ਅਤੇ ਜਾਣਕਾਰੀ ਸਬੰਧੀ ਵਿਸ਼ੇਸ਼ ਪ੍ਰੋਗਰਾਮ ਹੋਣਗੇ।
ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਵੀ.ਵੀ.ਪੈਟ ਵੋਟਰ ਮਸ਼ੀਟਾਂ ਸਬੰਧੀ ਕਿਸੀ ਸਿਆਸੀ ਪਾਰਟੀ ਨੇ ਕੋਈ ਸਵਾਲ ਉਠਾਇਆ ਹੈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਬਾਹੁਤ ਜਾਗਰੂਕ ਹਨ ਅਤੇ ਕਿਸੀ ਨੇ ਕਿਸੀ ਕਿਸਮ ਦੀ ਸ਼ੰਕਾ ਜਾਹਰ ਨਹੀਂ ਕੀਤੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵੋਟਰ ਮਸ਼ੀਨਾਂ ਪੂਰੀ ਤਰ੍ਹਾਂ ਫੂਲ ਪਰੂਫ਼ ਹਨ ਅਤੇ ਇਨ੍ਹਾਂ ਵਿਚ ਕਿਸੀ ਕਿਸਮ ਦੀ ਹੇਰਾਫ਼ੇਰੀ ਦੀ ਕੋਈ ਗੁੰਜਾਇਸ਼ ਨਹੀਂ ਹੈ। 
ਉਨ੍ਹਾਂ ਦਸਿਆ ਕਿ 30 ਹਜ਼ਾਰ ਵੀ.ਵੀ. ਪੈਟ ਮਸ਼ੀਨਾਂ ਉਪਲਬਧ ਹਨ ਅਤੇ ਪੂਰੀ ਤਰ੍ਹਾਂ ਇਨ੍ਹਾਂ ਦਾ ਟੈਸਟ ਹੋ ਚੁੱਕਾ ਹੈ। ਬੂਥ ਅਮਲੇ ਨੂੰ ਮਸ਼ੀਨਾਂ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 100 ਫ਼ੀ ਸਦੀ ਵੋਟਰ ਕਾਰਡ ਬਣ ਚੁੱਕੇ ਹਨ।
ਅਪਾਹਜ ਹਰਮਨ ਸਿੱਧੂ ਅਤੇ ਡਾ. ਕਿਰਨ ਕੁਮਾਰੀ ਨੂੰ ਵੋਟਰਾਂ ਨੂੰ ਕਰਨਗੇ ਜਾਗਰੂਕ : ਲੋਕ ਸਭਾ ਚੋਣਾਂ 2019 ਵਿਚ ਅਪਾਹਜਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਦਫ਼ਤਰ, ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਹਰਮਨ ਸਿੱਧੂ ਅਤੇ ਡਾ ਕਿਰਨ ਕੁਮਾਰੀ  ਨੂੰ ਪੀ.ਡਬਲਿਊ.ਡੀ ਆਈਕਨ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਹਰਮਨ ਸਿੱਧੂ ਅਪਾਹਜ ਹੋਣ ਦੇ ਬਾਵਜੂਦ ਸਮਾਜ ਭਲਾਈ ਦੇ ਕਾਰਜਾਂ ਨਾਲ ਜੁੜੇ ਹੋਏ ਹਨ ਅਤੇ ਡਾ. ਕਿਰਨ ਕੁਮਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅਧਿਆਪਨ ਦਾ ਕਾਰਜ ਕਰਦੇ ਹਨ ਜਿਨ੍ਹਾਂ ਕੋਲ ਕਿ ਨਜ਼ਰ ਨਹੀਂ ਹੈ ਇਸ ਦੇ ਬਾਵਜੂਦ ਉਹ ਲੋਕਾਂ ਨੂੰ ਉਤਸ਼ਾਹਤ ਕਰਦੇ ਰਹਿੰਦੇ ਹਨ। ਇਸ ਵਾਰ ਉਹ ਲੋਕਾਂ ਨੂੰ ਖ਼ਾਸ ਕਰ ਕੇ ਅਪਾਹਜਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨਗੇ।
ਸੀ.ਈ.ਓ ਵਲੋਂ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ : ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਇਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਫ਼ੋਟੋ ਵੋਟਰ ਸੂਚੀਆਂ ਦੀ ਸੂਧਾਈ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਸਟੇਟ ਕਮਿਊਨਿਸਟ ਪਾਰਟੀ ਆਫ ਇੰਡੀਆ ਅਤੇ ਦੇ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਈ.ਉ. ਡਾ. ਰਾਜੂ ਨੇ ਕਿਹਾ ਕਿ ਮਿਤੀ 2 ਮਾਰਚ ਅਤੇ 3 ਮਾਰਚ 2019 ਨੂੰ ਹਰੇਕ ਪੋਲਿੰਗ ਬੂਥ ਤੇ ਵਿਸ਼ੇਸ਼ ਕੈਂਪ ਲਗਾ ਕੇ ਵੋਟਾਂ ਬਣਾਉਣ ਦਾ ਆਖਰੀ ਮੌਕੇ ਦਿਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇਸ ਮੁਹਿੰਮ ਦੌਰਾਨ ਵੋਟਰ ਸੂਚੀਆਂ ਵਿਚੋਂ ਦੋਹਰੇ ਇੰਦਰਾਜ ਜਾਂ ਦੋ ਬਾਰ ਦਰਜ ਹੋਏ ਵੇਰਵਿਆਂ ਨੂੰ ਕੱਟਣਾ, ਪੱਕੇ ਤੌਰ ਤੇ ਰਿਹਾਇਸ਼ ਬਦਲਣ ਵਾਲੇ ਅਤੇ ਮਰ ਚੁੱਕੇ ਲੋਕਾਂ ਦੀਆਂ ਵੋਟਾਂ ਕੱਟਣ ਦਾ ਕੰਮ ਕੀਤਾ ਜਾਵੇਗਾ।  ਸੀ.ਈ.ਉ. ਨੇ ਇਸ ਮੌਕੇ ਹਾਜ਼ਰ ਸਮੂੰਹ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਜ਼ਿਲ੍ਹਾ ਇਕਾਈ ਦੇ ਆਗੂਆਂ ਨੂੰ ਨਿਰਦੇਸ਼ ਦੇਣ ਕਿ ਹਰੇਕ ਪੋਲਿੰਗ ਬੂਥ ਵਾਈਜ਼ ਬੀ.ਐਲ.ਏ. ਜ਼ਰੂਰ ਨਿਯੁਕਤ ਕਰਨ।