ਨਹੀਂ ਰਹੇ ਹਾਕੀ ਉਲੰਪੀਅਨ ਬਲਬੀਰ ਸਿੰਘ ਕੁਲਾਰ

ਏਜੰਸੀ

ਖ਼ਬਰਾਂ, ਪੰਜਾਬ

ਦੋ ਵਾਰ ਦੀ ਉਲੰਪਿਕ ਤਮਗ਼ਾ ਜੇਤੂ ਟੀਮ ਦੇ ਰਹਿ ਚੁੱਕੇ ਸਨ ਮੈਂਬਰ

File photo

ਚੰਡੀਗੜ੍ਹ : ਭਾਰਤੀ ਖੇਡ ਜਗਤ ਨੂੰ ਉਲੰਪਿਕ 'ਚ ਤਮਗ਼ਾ ਦਿਵਾਉਣ ਵਾਲੇ ਅਤੇ ਹਾਕੀ ਦੀ ਦੁਨੀਆਂ 'ਚ ਭਾਰਤ ਦਾ ਨਾਂ ਚਮਕਾਉਣ ਵਾਲੇ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ ਅੱਜ 77 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਹਾਕੀ ਇੰਡੀਆ ਨੇ ਅਪਣੇ ਅਧਿਕਾਰਕ ਟਵਿਟਰ ਹੈਂਡਲ ਰਾਹੀਂ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿਤੀ। 1963 'ਚ ਫਰਾਂਸ ਦੇ ਲਿਓਨ ਵਿਚ ਭਾਰਤ ਲਈ ਅਪਣਾ ਪਹਿਲਾ ਮੈਚ ਖੇਡਣ ਵਾਲੇ ਬਲਬੀਰ ਸਿੰਘ ਨੇ 77 ਸਾਲ ਦੀ ਉਮਰ 'ਚ ਐਤਵਾਰ ਨੂੰ ਆਖ਼ਰੀ ਸਾਹ ਲਏ। ਬਲਬੀਰ ਸਿੰਘ ਨੇ ਭਾਰਤੀ ਟੀਮ ਵਿਚ ਇਨਸਾਈਡ ਫ਼ਾਰਵਰਡ ਪਲੇਅਰ ਦੀ ਭੂਮਿਕਾ ਨਿਭਾਈ ਅਤੇ ਇਸ ਪੁਜੀਸ਼ਨ 'ਤੇ ਦੁਨੀਆਂ ਭਰ 'ਚ ਸਨਮਾਨ ਹਾਸਲ ਕੀਤਾ।

ਬਲਬੀਰ ਸਿੰਘ ਨੇ ਬਤੌਰ ਹਾਕੀ ਖਿਡਾਰੀ ਬੈਲਜ਼ੀਅਮ, ਇੰਗਲੈਂਡ, ਨੀਦਰਲੈਂਡਜ਼ ਅਤੇ ਪਛਮੀ ਜਰਮਨੀ ਵਰਗੇ ਦੇਸ਼ਾਂ ਦਾ ਦੌਰਾ ਕੀਤਾ ਸੀ। ਉਹ 1968 ਦੇ ਉਲੰਪਿਕ ਵਿਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਬੈਂਕਾਕ 'ਚ ਆਯੋਜਿਤ ਏਸ਼ੀਅਨ ਖੇਡਾਂ ਵਿਚ ਭਾਰਤ ਨੂੰ ਸੋਨ ਤਮਗ਼ਾ ਜਿਤਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ।

  
ਹਾਕੀ ਇੰਡੀਆ ਨੇ ਅਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਦੁਖਦਾਈ ਗੱਲ ਦੀ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ 'ਅਸੀਂ ਅਪਣੇ ਸਾਬਕਾ ਹਾਕੀ ਖਿਡਾਰੀ ਅਤੇ ਦੋ ਵਾਰ ਦੀ ਉਲੰਪਿਕ ਤਮਗ਼ਾ ਜੇਤੂ ਟੀਮ ਦੇ ਮੈਂਬਰ ਬਲਬੀਰ ਸਿੰਘ ਕੁਲਾਰ ਦੀ ਮੌਤ 'ਤੇ ਦੁਖੀ ਹਾਂ।' ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸੰਸਾਰਪੁਰ ਵਿਚ 8 ਅਗੱਸਤ 1942 ਨੂੰ ਜੰਮੇ ਬਲਬੀਰ ਸਿੰਘ ਦੀ ਮੌਤ 'ਤੇ ਹਾਕੀ ਇੰਡੀਆ ਨੇ ਲਿਖਿਆ ਕਿ ਅਸੀਂ ਉਨ੍ਹਾਂ ਦੇ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਬਲਬੀਰ ਸਿੰਘ ਨੇ ਭਾਰਤੀ ਹਾਕੀ ਟੀਮ ਲਈ ਅਪਣਾ ਪਹਿਲਾ ਕੌਮਾਂਤਰੀ ਮੈਚ ਸਾਲ 1963 'ਚ ਫਰਾਂਸ ਵਿਰੁਧ ਖੇਡਿਆ ਸੀ।

ਬਲਬੀਰ ਸਿੰਘ ਸਾਲ 1962 'ਚ ਪੰਜਾਬ ਆਰਮਡ ਪੁਲਿਸ ਵਿਚ ਭਰਤੀ ਹੋਏ ਸਨ ਅਤੇ 1963 ਵਿਚ ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ ਬਣੇ ਸਨ। 1968-1975 ਦੌਰਾਨ ਬਲਬੀਰ ਸਿੰਘ ਆਲ ਇੰਡੀਆ ਪੁਲਿਸ ਟੀਮ ਦਾ ਹਿੱਸਾ ਸਨ ਅਤੇ ਕੁੱਝ ਸਮੇਂ ਲਈ ਉਨ੍ਹਾਂ ਨੇ ਕਪਤਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ। ਉਹ 1981 'ਚ ਪੰਜਾਬ ਪੁਲਿਸ ਦੇ ਡਿਪਟੀ ਸੁਪਰਡੈਂਟ ਬਣੇ। 1987 ਵਿਚ ਉਹ ਇੰਡੀਅਨ ਪੁਲਿਸ ਸਰਵਿਸ ਅਧਿਕਾਰੀ ਬਣੇ। ਉਹ ਫ਼ਰਵਰੀ 2001 'ਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਵਜੋਂ ਸੇਵਾ ਮੁਕਤ ਹੋਏ। ਉਨ੍ਹਾਂ ਨੂੰ ਭਾਰਤੀ ਹਾਕੀ 'ਚ ਮਹੱਤਵਪੂਰਨ ਯੋਗਦਾਨ ਲਈ ਸਰਕਾਰ ਵਲੋਂ ਅਰਜੁਨ ਐਵਾਰਡ ਅਤੇ ਪਦਮਸ੍ਰੀ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।