ਮੈਂ ਨਾ ਪੰਜਾਬ ਤੇ ਨਾ ਪਾਰਟੀ ਦਾ ਗੱਦਾਰ, ਜੱਸੀ ਜਸਰਾਜ ਤੋਂ ਸਰਟੀਫਿਕੇਟ ਦੀ ਨਹੀਂ ਲੋੜ: ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਰੂਰ ਤੋਂ ਉਹ ਨਹੀਂ ਸਗੋਂ ਲੋਕ ਚੋਣਾਂ ਲੜ ਰਹੇ ਹਨ ਪਰ ਵਿਰੋਧੀਆਂ ਕੋਲ ਮੇਰੇ ਵਿਰੁਧ ਬੋਲਣ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ: ਭਗਵੰਤ ਮਾਨ

Bhagwant Mann

ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਲੋਕਸਭਾ ਮੈਂਬਰ ਭਗਵੰਤ ਮਾਨ ਨੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਸੰਗਰੂਰ ਸੀਟ ਤੋਂ ਐਲਾਨੇ ਉਮੀਦਵਾਰ ਜੱਸੀ ਜਸਰਾਜ ਵਲੋਂ ਮਾਫ਼ੀ ਦੀ ਪੇਸ਼ਕਸ਼ ’ਤੇ ਤਿੱਖਾ ਜਵਾਬ ਦਿਤਾ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਨਾਲ ਨਾ ਤਾਂ ਕਦੇ ਗੱਦਾਰੀ ਕੀਤੀ ਅਤੇ ਨਾ ਹੀ ਕੋਈ ਗੁਨਾਹ ਕੀਤਾ ਹੈ ਜਿਸ ਲਈ ਉਹ ਮਾਫ਼ੀ ਮੰਗਣ। ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ। ਇਸ ਦੇ ਲਈ ਉਨ੍ਹਾਂ ਨੂੰ ਜੱਸੀ ਜਸਰਾਜ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਉਹ ਨਹੀਂ ਸਗੋਂ ਲੋਕ ਚੋਣਾਂ ਲੜ ਰਹੇ ਹਨ ਪਰ ਵਿਰੋਧੀਆਂ ਕੋਲ ਮੇਰੇ ਵਿਰੁਧ ਬੋਲਣ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਲੰਘੀਆਂ ਚੋਣਾਂ ਦੌਰਾਨ ਸੂਬੇ ਭਰ ਵਿਚ 300 ਤੋਂ ਵੱਧ ਰੈਲੀਆਂ ਕੀਤੀਆਂ ਸਨ, ਦਿਨ ਰਾਤ ਅਪਣੀ ਪਾਰਟੀ ਲਈ ਕੰਮ ਕੀਤਾ ਸੀ।
ਦੱਸਣਯੋਗ ਹੈ ਕਿ ਐਤਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਜੱਸੀ ਜਸਰਾਜ ਨੇ ਕਿਹਾ ਸੀ ਕਿ ਉਹ ਭਗਵੰਤ ਮਾਨ ਨੂੰ 48 ਘੰਟਿਆਂ ਦਾ ਸਮਾਂ ਦਿੰਦੇ ਹਨ

ਕਿ ਉਹ ਪੰਜਾਬ ਅਤੇ ਅਪਣੇ ਸਾਥੀਆਂ ਨਾਲ ਕੀਤੀ ਗੱਦਾਰੀ ਲਈ ਸ਼੍ਰੀ ਹਰਿਮੰਦਰ ਸਾਹਿਬ ਆ ਕੇ ਮਾਫ਼ੀ ਮੰਗਣ। ਜੱਸੀ ਨੇ ਕਿਹਾ ਕਿ ਜੇਕਰ ਉਹ ਗਲਤੀਆਂ ਦੀ ਖਿਮਾ ਮੰਗਦੇ ਹਨ ਤਾਂ ਉਹ ਖ਼ੁਦ ਭਗਵੰਤ ਮਾਨ ਲਈ ਸੰਗਰੂਰ ’ਚ ਪ੍ਰਚਾਰ ਕਰਨਗੇ।