ਭਗਵੰਤ ਦਰਬਾਰ ਸਾਹਿਬ ਜਾ ਕੇ ਗਲਤੀ ਮਨ ਲਵੇ, ਮੈਂ ਉਸ ਦਾ ਪ੍ਰਚਾਰ ਕਰਾਂਗਾ: ਜੱਸੀ ਜਸਰਾਜ
ਭਗਵੰਤ ਮਾਨ ਨੇ ਇਕ ਕ੍ਰਾਂਤੀ ਦੀ ਕੀਤੀ ਹੈ ਭਰੂਣ ਹੱਤਿਆ : ਜੱਸੀ ਜਸਰਾਜ
ਚੰਡੀਗੜ੍ਹ: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਸੰਗਰੂਰ ਲੋਕਸਭਾ ਸੀਟ ਤੋਂ ਐਲਾਨੇ ਗਏ ਉਮੀਦਵਾਰ ਜੱਸੀ ਜਸਰਾਜ ਨੇ 'ਸਪੋਕਸਮੈਨ ਟੀਵੀ’ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਭਗਵੰਤ ਮਾਨ ਅਪਣਾ ਲਾਲਚ ਛੱਡ ਕੇ ਕੱਲ੍ਹ ਤੱਕ ਕੀਤੀਆਂ ਗਲਤੀਆਂ ਦੀ ਮਾਫ਼ੀ ਦਰਬਾਰ ਸਾਹਿਬ ਮੰਗ ਲੈਂਦਾ ਹੈ ਤਾਂ ਮੈਂ ਸੰਗਰੂਰ ਲੋਕਸਭਾ ਸੀਟ ਛੱਡਣ ਨੂੰ ਤਿਆਰ ਹਾਂ। ਇੱਥੋਂ ਤੱਕ ਕਿ ਮੈਂ ਫਿਰ ਭਗਵੰਤ ਮਾਨ ਲਈ ਖ਼ੁਦ ਪ੍ਰਚਾਰ ਵੀ ਕਰਾਂਗਾ। ਇਸ ਦੌਰਾਨ ਜੱਸੀ ਨੇ ਭਗਵੰਤ ਮਾਨ ਉਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਗਵੰਤ ਮਾਨ ਨੇ ਇਕ ਕ੍ਰਾਂਤੀ ਦੀ ਭਰੂਣ ਹੱਤਿਆ ਕੀਤੀ ਹੈ ਸਿਰਫ਼ ਅਪਣੇ ਲਾਲਚ ਲਈ।
ਜੱਸੀ ਨੇ ਕਿਹਾ ਕਿ ਜਿੱਤ ਇਨਸਾਨ ਦੀ ਨਹੀਂ ਹਮੇਸ਼ਾ ਸੋਚ ਦੀ ਹੁੰਦੀ ਹੈ। ਜਿਸ ਸਮੇਂ ਪੰਜਾਬ ਵਿਚ ਤੀਜੀ ਪਾਰਟੀ ਆਮ ਆਦਮੀ ਪਾਰਟੀ ਬਣੀ ਸੀ ਉਸ ਸਮੇਂ ਲੋਕਾਂ ਵਿਚ ਬਹੁਤ ਜੋਸ਼ ਸੀ ਅਤੇ ਵਿਸ਼ਵਾਸ ਸੀ। ਇੱਥੋਂ ਤੱਕ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਤਾ ਅਤੇ ਚੋਣ ਪ੍ਰਚਾਰ ਲਈ ਫੰਡਾਂ ਵਲੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿਤੀ। ਪੰਜਾਬ ਵਿਚ ਰਹਿਣ ਵਾਲੇ ਲੋਕਾਂ ਨੇ ਵੀ ਫੰਡ ਦੇਣ ਵਿਚ ਵੱਧ-ਚੜ੍ਹ ਕੇ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਲੋਂ ਉਸ ਸਮੇਂ ਕਿਹਾ ਗਿਆ ਸੀ ਕਿ ਪਾਰਟੀ ਵਿਚ ਪੂਰੀ ਤਰ੍ਹਾਂ ਪਾਰਦਰਸ਼ਿਤਾ ਰੱਖੀ ਜਾਵੇਗੀ ਪਰ ਅਸਲ ਵਿਚ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਚੋਣ ਪ੍ਰਚਾਰ ਲਈ ਇਕੱਠਾ ਹੋਇਆ ਕਰੋੜਾਂ ਦਾ ਫੰਡ ਕਿੱਥੇ ਗਿਆ। ਜੱਸੀ ਨੇ ਕੇਜਰੀਵਾਲ ਦੀ ਨੀਅਤ ਦਾ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਪੰਜਾਬ ਨੂੰ ਲੁੱਟਣਾ ਚਾਹੁੰਦੀ ਹੈ ਤੇ ਉਨ੍ਹਾਂ ਨੇ ਪੰਜਾਬ ਲਈ ਇਕੱਠਾ ਹੋਇਆ ਫੰਡ ਦਿੱਲੀ ਵਿਚ ਵਰਤਿਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਦਿੱਲੀ ਕਦੇ ਵੀ ਪੰਜਾਬ ਦੀ ਨਹੀਂ ਬਣੀ।
ਹੁਣ ਵੀ ਦਿੱਲੀ ਸਰਕਾਰ ਇਹ ਸਾਜ਼ਿਸ਼ ਰਚ ਰਹੀ ਹੈ ਪਰ ਭਗਵੰਤ ਮਾਨ ਫਿਰ ਵੀ ਇਕ ਕਲਾਕਾਰ ਹੈ ਅਤੇ ਉਸ ਵਿਚ ਅਜੇ ਵੀ ਕਿਤੇ ਨਾ ਕਿਤੇ ਇਨਸਾਨੀਅਤ ਜ਼ਿੰਦਾ ਹੈ। ਇਸ ਲਈ ਉਨ੍ਹਾਂ ਨੂੰ ਇਕ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ। ਜੱਸੀ ਜਸਰਾਜ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਨੂੰ 48 ਘੰਟਿਆਂ ਦਾ ਸਮਾਂ ਦਿਤਾ ਸੀ, ਜੇਕਰ ਉਹ ਬਚੇ ਹੋਏ 24 ਘੰਟਿਆਂ ਵਿਚ ਅਪਣੇ ਲਾਲਚ ਨੂੰ ਛੱਡ ਕੇ ਸਹੀ ਰਸਤੇ ’ਤੇ ਚੱਲਣ ਦੀ ਸਹੁੰ ਖਾਂਦਾ ਹੈ ਅਤੇ ਦਰਬਾਰ ਸਾਹਿਬ ਜਾ ਕੇ ਕੀਤੀਆਂ ਗਲਤੀਆਂ ਦੀ ਮਾਫ਼ੀ ਮੰਗਦਾ ਹੈ
ਤਾਂ ਮੈਂ ਸੰਗਰੂਰ ਲੋਕਸਭਾ ਸੀਟ ਛੱਡਣ ਲਈ ਤਿਆਰ ਹਾਂ ਅਤੇ ਸਗੋਂ ਭਗਵੰਤ ਮਾਨ ਲਈ ਖ਼ੁਦ ਪ੍ਰਚਾਰ ਕਰਨ ਲਈ ਵੀ ਤਿਆਰ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਅਕਾਲੀ ਦਲ (ਬ) ਦੇ ਰਾਜ ਵਿਚ ਬੇਅਦਬੀਆਂ ਅਤੇ ਗੋਲੀਕਾਂਡ ਵਰਗੀਆਂ ਘਟਨਾਵਾਂ ਹੋਈਆਂ ਅਤੇ ਹੁਣ ਕਾਂਗਰਸ ਸਰਕਾਰ ਉਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਬਚਾ ਕੇ ਉਨ੍ਹਾਂ ਦੀ ਹੀ ਭੂਮਿਕਾ ਨਿਭਾ ਰਹੀ ਹੈ। ਦੋਵਾਂ ਪਾਰਟੀਆਂ ਨੇ ਪੰਜਾਬ ਦੀ ਬਹੁਤ ਮਾੜੀ ਹਾਲਤ ਕਰ ਦਿਤੀ ਹੈ। ਜੱਸੀ ਨੇ ਕਿਹਾ ਕਿ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਹੁਣ ਸਮਝ ਚੁੱਕੀ ਹੈ ਅਤੇ ਉਨ੍ਹਾਂ ਨੂੰ ਸਹੀ ਗ਼ਲਤ ਵਿਚ ਫ਼ਰਕ ਪਤਾ ਲੱਗ ਚੁੱਕਿਆ ਹੈ,
ਜਿਸ ਦਾ ਸਬੂਤ ਆਉਂਦੀਆਂ ਲੋਕਸਭਾ ਚੋਣਾਂ ਵਿਚ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ਼ ਸ਼ੁਰੂਆਤ ਵਿਚ ਬਹੁਤ ਉੱਚਾ ਜਾ ਰਿਹਾ ਸੀ ਪਰ ਇਕਦਮ ਪਾਰਟੀ ਦਾ ਗ੍ਰਾਫ਼ ਹੇਠਾਂ ਡਿੱਗ ਗਿਆ ਅਤੇ ਉਸ ਤੋਂ ਬਾਅਦ ਉੱਠਿਆ ਹੀ ਨਹੀਂ, ਇਸ ਦਾ ਸਿਰਫ਼ ਇਹੀ ਮਤਲਬ ਨਿਕਲਦਾ ਹੈ ਕਿ ਪਾਰਟੀ ਕੋਲੋਂ ਗਲਤੀ ਹੋਈ ਹੈ ਜਿਸ ਨੂੰ ਭਗਵੰਤ ਮਾਨ ਸਮੁੱਚੇ ਪੰਜਾਬ ਕੋਲੋਂ ਮਾਫ਼ੀ ਮੰਗ ਕੇ ਸੁਧਾਰ ਸਕਦੇ ਹਨ।
ਗੱਲਬਾਤ ਕਰਦਿਆਂ ਜੱਸੀ ਨੇ ਇਹ ਵੀ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਿਚ ਨਵੇਂ ਜੋਸ਼ ਨਾਲ ਨਵੀਂਆਂ ਪਾਰਟੀਆਂ ਇਕੱਠੀਆਂ ਹੋਈਆਂ ਹਨ ਤੇ ਉਨ੍ਹਾਂ ਵਿਚ ਪੰਜਾਬ ਲਈ ਕੁਝ ਕਰਨ ਦਾ ਜਜ਼ਬਾ ਅਤੇ ਜਨੂੰਨ ਹੈ। ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਪੀਡੀਏ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਜ਼ਰੂਰ ਖਰੀ ਉਤਰੇਗੀ।