ਆਜ਼ਾਦੀ ’ਚ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਸਾਡੇ ਨਾਲ ਧੱਕੇਸ਼ਾਹੀਆਂ ਹੀ ਹੋਈਆਂ- ਮਨਪ੍ਰੀਤ ਇਯਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਇਕ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਚੰਡੀਗੜ੍ਹ ਵਿਚ ਕੇਂਦਰੀ ਸਰਵਿਸ ਨਿਯਮ ਲਾਗੂ ਕਰਨਾ ਪੰਜਾਬ ਦੇ ਹੱਕਾਂ ਉੱਤੇ ਡਾਕਾ ਹੈ ਕਿਉਂਕਿ ਚੰਡੀਗੜ੍ਹ ਉੱਤੇ ਪੰਜਾਬ ਦਾ ਹੱਕ ਹੈ।

Manpreet Singh Ayali



ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਚੰਡੀਗੜ੍ਹ ਵਿਚ ਕੇਂਦਰੀ ਨਿਯਮ ਲਾਗੂ ਕਰਨ ਅਤੇ ਬੀਬੀਐਮ ਨਿਯਮਾਂ ਵਿਚ ਸੋਧ ਖਿਲਾਫ਼ ਮਤਾ ਪਾਸ ਕਰਨ ਲਈ ਸੱਦੇ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਚੰਡੀਗੜ੍ਹ ਵਿਚ ਕੇਂਦਰੀ ਸਰਵਿਸ ਨਿਯਮ ਲਾਗੂ ਕਰਨਾ ਪੰਜਾਬ ਦੇ ਹੱਕਾਂ ਉੱਤੇ ਡਾਕਾ ਹੈ ਕਿਉਂਕਿ ਚੰਡੀਗੜ੍ਹ ਉੱਤੇ ਪੰਜਾਬ ਦਾ ਹੱਕ ਹੈ।

Manpreet Singh Ayali

ਉਹਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਪੰਜਾਬੀਆਂ ਤੇ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਇਸ ਦੇ ਬਦਲੇ ਸਾਡੇ ਨਾਲ ਧੱਕੇਸ਼ਾਹੀਆਂ ਹੀ ਹੋਈਆਂ। ਉਹਨਾਂ ਕਿਹਾ ਕਿ 1966 ਵਿਚ ਜਦੋਂ ਹਿਮਾਚਲ ਅਤੇ ਹਰਿਆਣਾ, ਪੰਜਾਬ ਵਿਚੋਂ ਵੱਖਰੇ ਸੂਬੇ ਬਣਾਏ ਗਏ ਉਦੋਂ ਹੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਸੀ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਸੂਬਿਆਂ ਵਿਚੋਂ ਹੋਰ ਸੂਬੇ ਕੱਢੇ ਗਏ ਤਾਂ ਪੇਰੈਂਟ ਸਟੇਟ ਨੂੰ ਹੀ ਰਾਜਧਾਨੀ ਦਿੱਤੀ ਗਈ ਪਰ ਪੰਜਾਬ ਨੂੰ ਚੰਡੀਗੜ੍ਹ ਨਹੀਂ ਦਿੱਤਾ ਗਿਆ।

Manpreet Singh Ayali

ਉਹਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਨੂੰ 10 ਸਾਲਾਂ ਲਈ ਅਸਥਾਈ ਯੂਟੀ ਬਣਾਇਆ ਗਿਆ ਸੀ। 1970 ਵਿਚ ਇੰਦਰਾ ਗਾਂਧੀ ਅਤੇ 1985 ਵਿਚ ਰਾਜੀਵ ਗਾਂਧੀ ਨੇ ਐਲਾਨ ਕੀਤਾ ਪਰ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਕੇਂਦਰੀ ਰਾਜ ਲਾਗੂ ਕਰਨਾ ਇਕ ਸਾਜ਼ਿਸ਼ ਹੈ। ਸਾਨੂੰ ਕਿਸਾਨ ਅੰਦੋਲਨ ਵਾਂਗ ਅੰਦੋਲਨ ਕਰਨਾ ਪਵੇਗਾ। ਅਕਾਲੀ ਦਲ ਇਸ ਮੁੱਦੇ 'ਤੇ ਸਰਕਾਰ ਦੇ ਨਾਲ ਹੈ।


Manpreet Singh Ayali

ਮਨਪ੍ਰੀਤ ਇਯਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਪੰਜਾਬ ਦੇ ਹੱਕਾਂ ਲਈ ਸਮਝੌਤਾ ਨਹੀਂ ਕੀਤਾ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਪਣੀ ਸਹੀ ਭੂਮਿਕਾ ਨਿਭਾਉਂਦੀ ਹੈ ਤਾਂ ਉਹ ਜ਼ਰੂਰ ਸਾਥ ਦੇਣਗੇ। ਜੇਕਰ ਸਰਕਾਰ ਵਲੋਂ ਸਹੀ ਭੂਮਿਕਾ ਨਹੀਂ ਨਿਭਾਈ ਜਾਂਦੀ ਤਾਂ ਸ਼੍ਰੋਮਣੀ ਅਕਾਲੀ ਦਲ ਅਪਣੇ ਤੌਰ ’ਤੇ ਸੰਘਰਸ਼ ਕਰੇਗੀ।

Manpreet Singh Ayali

ਭਾਜਪਾ ਦੀਆਂ ਨੀਤੀਆਂ ਬਾਰੇ ਬੋਲਦਿਆਂ ਅਕਾਲੀ ਵਿਧਾਇਕ ਨੇ ਕਿਹਾ ਕਿ ਜੇਕਰ ਵਾਕਈ ਭਾਜਪਾ ਪੰਜਾਬ ਦੇ ਹੱਕ ਵਿਚ ਹੈ ਤਾਂ ਉਹਨਾਂ ਨੂੰ ਵੱਡੇ ਐਲਾਨ ਕਰਨੇ ਚਾਹੀਦੇ ਹਨ। ਚੰਡੀਗੜ੍ਹ ਪੰਜਾਬ ਨੂੰ ਦੇਣਾ ਚਾਹੀਦਾ ਹੈ, ਪੰਜਾਬੀ ਬੋਲਦੇ ਇਲਾਕੇ ਦੇਣੇ ਚਾਹੀਦੇ ਹਨ, ਪਾਣੀਆਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਤਾਂ ਹੀ ਲੋਕ ਮੰਨਣਗੇ ਕਿ ਭਾਜਪਾ ਸਾਡੇ ਹੱਕ ਵਿਚ ਹੈ। ਪੰਜਾਬ ਲਈ ਕੁਰਬਾਨੀਆਂ ਦੇਣ ਵਾਲੇ ਲੋਕਾਂ ਦੀਆਂ ਆਤਮਾਵਾਂ ਨੂੰ ਵੀ ਦੁੱਖ ਪਹੁੰਚ ਰਿਹਾ ਹੋਵੇਗਾ। ਕੇਂਦਰ ਸਰਕਾਰਾਂ ਨੇ ਹਮੇਸ਼ਾ ਪੰਜਾਬ ਨਾਲ ਪੱਖਪਾਤ ਕੀਤਾ ਹੈ।