ਸੱਦਾ ਦੇਣ ਦੇ ਬਾਵਜੂਦ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ 'ਚ ਸ਼ਾਮਲ ਨਹੀਂ ਹੋਏ ਸੀ ਭਗਵੰਤ ਮਾਨ- ਗੁਰਜੀਤ ਔਜਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਇਹ ਸਭ ਲੋਕ ਸਭਾ ਦੇ ਰਿਕਾਰਡ 'ਚ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ, ਨਿਊਜ਼ ਮੀਡੀਆ ਦੇ ਪੋਰਟਲਾਂ 'ਤੇ ਵੀ ਉਪਲਬਧ ਹੈ।

Gurjeet Singh Aujla



ਚੰਡੀਗੜ੍ਹ: ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਕਈ ਵਾਰ ਭਗਵੰਤ ਮਾਨ ਨੂੰ ਸੱਦਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਨਾ ਤਾਂ ਉਹ ਖੁਦ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਅਪਣਾ ਕੋਈ ਨੁਮਾਇੰਦਾ ਭੇਜਿਆ।

Gurjeet Singh Aujla

ਗੁਰਜੀਤ ਔਜਲਾ ਨੇ ਟਵੀਟ ਕਰਦਿਆਂ ਲਿਖਿਆ ਕਿ ਕਿਸਾਨ ਵਿਰੋਧੀ ਬਿੱਲ ਅਤੇ ਖ਼ਪਤਕਾਰ ਬਿੱਲਾਂ ਦੇ ਖ਼ਿਲਾਫ਼ ਅਤੇ ਇਹਨਾਂ ਨੂੰ ਵਾਪਸ ਕਰਵਾਉਣ ਲਈ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਘਰਸ਼ ਕੀਤਾ, ਉਹ ਸਾਰਾ ਲੋਕ ਸਭਾ ਦੇ ਰਿਕਾਰਡ 'ਚ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ, ਨਿਊਜ਼ ਮੀਡੀਆ ਦੇ ਪੋਰਟਲਾਂ 'ਤੇ ਵੀ ਉਪਲਬਧ ਹੈ।

Tweet

ਉਹਨਾਂ ਅੱਗੇ ਲਿਖਿਆ, “ਅਸੀਂ ਪੂਰਾ ਇਕ ਸਾਲ ਜੰਤਰ-ਮੰਤਰ 'ਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਤੇ ਇਸ ਲਈ ਅਸੀਂ ਭਗਵੰਤ ਮਾਨ ਨੂੰ ਸੱਦਾ ਵੀ ਦਿੰਦੇ ਰਹੇ ਕਿ ਉਹ ਸਾਡੇ ਨਾਲ ਇਹਨਾਂ ਕਾਲੇ ਕਾਨੂੰਨਾਂ ਖ਼ਿਲਾਫ਼ ਜੰਤਰ-ਮੰਤਰ ਤੇ ਪ੍ਰਦਰਸ਼ਨ ਕਰਨ ਪਰ ਨਾ ਤਾਂ ਉਹ ਆਪ ਆਏ ਅਤੇ ਨਾ ਹੀ ਉਹਨਾਂ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਆਪਣਾ ਕੋਈ ਨੁਮਾਇੰਦਾ ਭੇਜਿਆ। ਜੰਤਰ-ਮੰਤਰ ਅਰਵਿੰਦ ਕੇਜਰੀਵਾਲ ਦਾ ਵਿਧਾਨ ਸਭਾ ਹਲਕਾ ਵੀ ਹੈ”।

Bhagwant mann

ਇਕ ਹੋਰ ਟਵੀਟ ਕਰਦਿਆਂ ਵਿਧਾਨ ਸਭਾ ’ਚ ਦਿੱਤੇ ਭਾਸ਼ਣਾਂ ਨੂੰ ਲੈ ਕੇ ਗੁਰਜੀਤ ਔਜਲਾ ਨੇ ਆਮ ਆਦਮੀ ਪਾਰਟੀ ’ਤੇ ਤੰਜ਼ ਕੱਸਦਿਆਂ ਕਿਹਾ ਕਿ ਜਿਵੇਂ ਕੁਝ ਭਾਸ਼ਣ ਨਾਗਪੁਰ 'ਚ ਤਿਆਰ ਕੀਤੇ ਜਾਂਦੇ ਹਨ, ਮੈਨੂੰ ਲੱਗਦਾ ਹੈ ਕਿ ਤੁਹਾਡੇ ਭਾਸ਼ਣ ਦਿੱਲੀ ਦੀ “ਆਪ ਦੀ ਪਾਪ” ਫੈਕਟਰੀ 'ਚ ਲਿਖੇ ਜਾਂਦੇ ਹਨ। ਦਰਅਸਲ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ’ਤੇ ਤੰਜ਼ ਕੱਸਦਿਆਂ ਕਿਹਾ ਸੀ ਕਿ ਉਹਨਾਂ ਦਾ ਭਾਸ਼ਣ ‘ਨਾਗਪੁਰੀ’ ਭਾਸ਼ਣ ਹੈ।