ਮਨ ਕੀ ਬਾਤ ਕਰਨ ਵਾਲੇ ਮੋਦੀ ਲੋਕਾਂ ਦੀ ਨਹੀਂ ਸੁਣਦੇ ਆਵਾਜ਼: ਰਵਨੀਤ ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਅੰਦਰ ਪਟਰੌਲ, ਡੀਜ਼ਲ ਦੇ ਹੋਏ ਵਾਧੇ ਵਿਰੁਧ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਦਿਹਾਤੀ ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਅਤੇ ਸ਼ਹਿਰੀ ਦੇ ਪ੍ਰਧਾਨ ਗੁਰਪ੍ਰੀਤ...

Ravnit Bittu with others

ਲੁਧਿਆਣਾ: ਦੇਸ਼ ਅੰਦਰ ਪਟਰੌਲ, ਡੀਜ਼ਲ ਦੇ ਹੋਏ ਵਾਧੇ ਵਿਰੁਧ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਦਿਹਾਤੀ ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਅਤੇ ਸ਼ਹਿਰੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ ਦੀ ਅਗਵਾਈ ਵਿਚ ਮੋਦੀ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕਰਦਿਆਂ ਕਾਂਗਰਸ ਪਾਰਟੀ ਵਲੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿਤਾ ਗਿਆ। 

ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸ. ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਨੂੰ ਅਪਣੇ ਮਨ ਦੀ ਗੱਲ ਤਾਂ ਸੁਣਾਉਂਦੇ ਹਨ ਪਰ ਲੋਕਾਂ ਦੇ ਮਨ ਦੀ ਗੱਲ ਨਹੀਂ ਸੁਣਦੇ। ਜਿਹੜੇ ਭਾਜਪਾ ਨੇਤਾ ਰਾਜਨਾਥ ਅਤੇ ਸੁਸ਼ਮਾ ਸਵਰਾਜ ਨਾਲ ਸੜਕਾਂ 'ਤੇ ਤੇਲ ਵਿਰੁਧ ਪ੍ਰਦਰਸ਼ਨ ਕਰਦੇ ਸਨ, ਹੁਣ ਨਜ਼ਰ ਨਹੀਂ ਆ ਰਹੇ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪੂਰੇ ਦੇਸ਼ ਦੀ ਬਜਾਏ ਸਿਰਫ ਗੁਜਰਾਤ ਦੇ ਪ੍ਰਧਾਨ ਮੰਤਰੀ ਬਣ ਕੇ ਰਹਿ ਗਏ ਹਨ ਜਿਨ੍ਹਾਂ 15 ਤੇਲ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਪੂਰੇ ਦੇਸ਼ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿਤਾ ਹੈ। ਬਿੱਟੂ ਨੇ ਕਿਹਾ ਕਿ ਪੂਰਾ ਦੇਸ਼ ਭਾਜਪਾ ਤੋਂ ਛੁਟਕਾਰਾ ਚਾਹੁੰਦਾ ਹੈ।  ਇਸ ਮੌਕੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ਇਹ ਪ੍ਰਦਰਸ਼ਨ ਦੇਸ਼ ਦੀ ਗਲੀ-ਗਲੀ ਵਿਚ ਜਾਏਗਾ ਅਤੇ 2019 'ਚ ਭਾਜਪਾ ਸਰਕਾਰ ਦੇ ਕੇਂਦਰ ਵਿਚ ਅੰਤ ਦਾ ਕਾਰਨ ਬਣੇਗਾ। 

ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਲਖਵੀਰ ਸਿੰਘ ਲੱਖਾ ਪਾਇਲ, ਸੁਰਿੰਦਰ ਡਾਬਰ, ਅਮਰੀਕ ਸਿੰਘ ਢਿੱਲੋਂ, ਕੁਲਦੀਪ ਸਿੰਘ ਵੈਦ, ਸੰਜੇ ਤਲਵਾੜ ਸਾਰੇ ਵਿਧਾਇਕ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਗੁਰਦੀਪ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ, ਪੱਪੀ ਪਰਾਸ਼ਰ, ਸਰਬਜੀਤ ਕੌਰ ਸ਼ਿਮਲਾਪੁਰੀ ਡਿਪਟੀ ਮੇਅਰ, ਸੋਨੀ ਗਾਲਿਬ, ਰਮਨੀਤ ਸਿੰਘ ਗਿੱਲ, ਜਰਨੈਲ ਸਿੰਘ ਸ਼ਿਮਲਾਪੁਰੀ, ਜਸਵੀਰ ਸਿੰਘ ਜੱਸੀ ਦਾਊਮਾਜਰਾ, ਗੁਰਦੀਪ ਸਿੰਘ ਸਰਪੰਚ ਪੀਏ ਸਾਂਸਦ ਬਿੱਟੂ, ਪਰਮਜੀਤ ਸਿੰਘ ਪੰਮੀ ਘੱਵਦੀ, ਸੁਖਵੀਰ ਸਿੰਘ ਪੱਪੀ, ਭੁਪਿੰਦਰ ਸਿੱਧੂ ਆਦਿ ਹਾਜ਼ਰ ਸਨ।