ਸਿੱਧੂ ਮੂਸੇਵਾਲਾ ਦੇ ਪਿਸਤੌਲ ਵਿਚ ਦੋ ਹੀ ਕਾਰਤੂਸ ਸਨ ਪਰ ਉਹ ਆਖ਼ਰੀ ਦਮ ਤੱਕ ਦਲੇਰੀ ਨਾਲ ਲੜਿਆ
ਸਿੱਧੂ ਮੂਸੇਵਾਲਾ ਦੇ ਜ਼ਖ਼ਮੀ ਦੋਸਤਾਂ ਨੂੰ ਮਿਲੇ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਸਮੇਂ ਉਹਨਾਂ ਦੇ ਨਾਲ ਜ਼ਖ਼ਮੀ ਹੋਏ ਉਹਨਾਂ ਦੇ ਦੋ ਸਾਥੀਆਂ ਨੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕੋਲ ਘਟਨਾ ਸੰਬੰਧੀ ਅਹਿਮ ਖੁਲਾਸੇ ਕੀਤੇ। ਵਿਧਾਇਕ ਗੁਰਪ੍ਰੀਤ ਸਿੰਘ ਨੇ ਡੀਐਮਸੀ ਹਸਪਤਾਲ ਵਿਚ ਭਰਤੀ ਸਿੱਧੂ ਮੂਸੇਵਾਲਾ ਦੇ ਸਾਥੀ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਹਾਲ ਜਾਣਿਆ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਦੋਸਤ ਖਤਰੇ ਤੋਂ ਬਾਹਰ ਹਨ ਪਰ ਉਹਨਾਂ ਦੇ ਅੰਦਰੂਨੀ ਸੱਟਾਂ ਲੱਗੀਆਂ ਹਨ। ਸਾਥੀਆਂ ਨੇ ਵਿਧਾਇਕ ਨੂੰ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਆਖਰੀ ਸਾਹ ਤੱਕ ਹਮਲਾਵਰਾਂ ਦਾ ਮੁਕਾਬਲਾ ਕੀਤਾ। ਉਹਨਾਂ ਕੋਲ 45 ਬੋਰ ਸੀ, ਜਿਸ ਵਿਚ 2 ਰਾਊਂਡ ਹੀ ਬਾਕੀ ਸੀ।
Gurpreet Singh Banawali
ਆਮ ਆਦਮੀ ਪਾਰਟੀ ਖ਼ਿਲਾਫ਼ ਕੀਤੇ ਜਾ ਰਹੇ ਪ੍ਰਚਾਰ ਦੀ ਨਿੰਦਾ ਕਰਦਿਆਂ ਵਿਧਾਇਕ ਨੇ ਕਿਹਾ ਕਿ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਪੰਜਾਬੀਆਂ ਦਾ ਚਹੇਤਾ ਗਾਇਕ ਦੁਨੀਆਂ ਤੋਂ ਰੁਖ਼ਸਤ ਹੋਇਆ ਹੈ, ਕਿਸੇ ਨੂੰ ਵੀ ਉਸ ਦੀ ਚਿਤਾ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਸਾਰਿਆਂ ਦਾ ਸਾਂਝਾ ਸੀ, ਉਹ ਕਿਸੇ ਇਕ ਪਾਰਟੀ ਦਾ ਨਹੀਂ ਸੀ। ਉਸ ਨੂੰ ਲੈ ਕੇ ਕੀਤੀ ਜਾ ਰਹੀ ਸਿਆਸਤ ਬੇਹੱਦ ਨਿੰਦਣਯੋਗ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਸਿੱਧੂ ਨੂੰ ਮਿਲੇ ਹਨ ਅਤੇ ਉਹਨਾਂ ਨੇ ਕਈ ਵਾਰ ਉਹਨਾਂ ਨਾਲ ਫੋਨ ਉੱਤੇ ਗੱਲ ਵੀ ਕੀਤੀ ਹੈ। ਉਸ ਦੀ ਮੌਤ ਦਾ ਸਾਨੂੰ ਵੀ ਓਨਾ ਜ਼ਿਆਦਾ ਦੁੱਖ ਹੈ, ਜਿਨ੍ਹਾਂ ਬਾਕੀਆਂ ਨੂੰ ਹੈ। ਉਹਨਾਂ ਨੂੰ ਲੈ ਕੇ ਕੀਤੀ ਜਾ ਰਹੀ ਸਿਆਸਤ ਨਿੰਦਣਯੋਗ ਹੈ, ਕੁਝ ਪਾਰਟੀਆਂ ਨੂੰ ਲ਼ੱਗਦਾ ਹੈ ਕਿ ਅਸੀਂ ਸਿੱਧੂ ਦਾ ਨਾਮ ਲੈ ਕੇ ਉੱਪਰ ਉੱਠ ਜਾਵਾਂਗੇ ਪਰ ਲੋਕ ਸਮਝਦਾਰ ਹਨ। ਸੁਰੱਖਿਆ ਸਮੀਖਿਆ ਨੂੰ ਲੈ ਕੇ ਉਹਨਾਂ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਸੂਚਨਾ ਜਨਤਕ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਸਿੱਧੂ ਮੂਸੇਵਾਲਾ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਕਰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਲਈ ਨਾਮ ਬਣਾਉਣਾ, ਮੌਤ ਬੁਲਾਉਣਾ ਬਣ ਗਿਆ ਹੈ। ਜਿਹੜਾ ਵੀ ਆਮ ਘਰਾਂ ਵਿਚ ਉੱਠਦਾ ਹੈ, ਉਸ ਨੂੰ ਖਤਰਾ ਹੁੰਦਾ ਹੈ। ਉਹਨਾਂ ਦੱਸਿਆ ਕਿ ਸਿੱਧੂ ਨੇ ਕਈ ਵਾਰ ਕਿਹਾ ਕਿ ਸੁਰੱਖਿਆ ਵੀ ਕਿਸ-ਕਿਸ ਨੂੰ ਦਿੱਤੀ ਜਾਵੇ। ਉਹਨਾਂ ਨੂੰ ਕਈ ਫੋਨ ਆਉਂਦੇ ਸਨ ਪਰ ਉਹ ਦਲੇਰ ਸੀ। ਉਹਨਾਂ ਨੇ ਕਦੀ ਗਲਤ ਕੰਮ ਨਹੀਂ ਕੀਤਾ ਤੇ ਨਾ ਹੀ ਉਹ ਕਦੇ ਕਿਸੇ ਅੱਗੇ ਝੁਕੇ। ਸਿੱਧੂ ਮੂਸੇਵਾਲਾ ਦੇ ਜ਼ਖਮੀ ਸਾਥੀਆਂ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਦੋਸਤ ਮੂਸਾ ਪਿੰਡ ਦੇ ਹੀ ਹਨ ਅਤੇ ਸਿੱਧੂ ਦੇ ਚੰਗੇ ਦੋਸਤ ਹਨ। ਉਹਨਾਂ ਦੱਸਿਆ ਕਿ ਪਿੰਡ ਮੂਸੇ ਤੋਂ ਜਵਾਹਰਕੇ ਤੱਕ 5 ਮਿੰਟ ਦਾ ਰਸਤਾ ਸੀ, ਜਿੱਥੇ ਸਿੱਧੂ ਮੂਸੇਵਾਲਾ ਦੀ ਮਾਸੀ ਰਹਿੰਦੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਉਹ ਪਜੈਰੋ ਕਾਰ ਕੱਢਣ ਲੱਗੇ ਸੀ ਪਰ ਪਜੈਰੋ ਕਾਰ ਦਾ ਟਾਇਰ ਪੈਂਚਰ ਹੋਣ ਕਾਰਨ ਉਹਨਾਂ ਨੇ ਥਾਰ ਜੀਪ 'ਤੇ ਹੀ ਜਾਣ ਦਾ ਫ਼ੈਸਲਾ ਕੀਤਾ। ਜਦੋਂ ਸਿੱਧੂ ਦੇ ਪਿਤਾ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਵੀ ਪਿੱਛੇ ਜਾਣ ਲੱਗੇ ਪਰ ਉਹ ਲੇਟ ਹੋ ਗਏ।
Sidhu Moose Wala
ਸਿੱਧੂ ਦੇ ਦੋਸਤਾਂ ਨੇ ਦੱਸਿਆ ਕਿ ਉਹਨਾਂ ਨੂੰ ਲੱਗਿਆ ਸੀ ਕਿ ਇਕ ਗੱਡੀ ਉਹਨਾਂ ਦਾ ਪਿੱਛਾ ਕਰ ਰਹੀ ਸੀ। ਉਹਨਾਂ ਨੂੰ ਪਹਿਲਾਂ ਲੱਗਿਆ ਕਿ ਸਿੱਧੂ ਦੇ ਫੈਨ ਫੋਟੋ ਖਿਚਵਾਉਣ ਲਈ ਉਹਨਾਂ ਦਾ ਪਿੱਛਾ ਕਰ ਰਹੇ ਹੋਣਗੇ ਕਿਉਂਕਿ ਕਈ ਵਾਰ ਅਜਿਹਾ ਹੋਇਆ ਹੈ ਕਿ ਉਹਨਾਂ ਦੇ ਫੈਨ ਉਹਨਾਂ ਦਾ ਪਿੱਛਾ ਕਰਦੇ ਸਨ ਅਤੇ ਫੋਟੋਆਂ ਖਿਚਵਾਉਣ ਲਈ ਕਹਿੰਦੇ ਸਨ। ਇਸ ਦੌਰਾਨ ਗੱਡੀ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਘੇਰ ਲਿਆ। ਇਸ ਤੋਂ ਪਹਿਲਾਂ ਕਿ ਉਹ ਕੁੱਝ ਕਰਦੇ ਸੀ, ਹਮਲਾਵਰਾਂ ਨੇ ਗੱਡੀ ਦੇ ਟਾਈਰ ਉੱਤੇ ਗੋਲੀ ਮਾਰੀ। ਦੋਸਤਾਂ ਨੇ ਦੱਸਿਆ ਕਿ ਉਹ ਨਾ ਤਾਂ ਗੋਲਡੀ ਬਰਾੜ ਨੂੰ ਜਾਣਦੇ ਹਨ ਤੇ ਨਾ ਹੀ ਕਿਸੇ ਹੋਰ ਗੈਂਗਸਟਰ ਬਾਰੇ ਜਾਣਦੇ।
Sidhu moose wala
ਉਹਨਾਂ ਦੱਸਿਆ ਕਿ ਦੋ ਨੌਜਵਾਨਾਂ ਜਿਨ੍ਹਾਂ ਦੀ ਉਮਰ 30 ਤੋਂ 32 ਸਾਲ ਦੱਸੀ ਜਾ ਰਹੀ ਹੈ,ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਇਸ ਦੌਰਾਨ ਹਰ ਪਾਸੇ ਧੂੰਆ ਹੋ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਾ। ਇਸ ਦੌਰਾਨ ਹਮਲਾਵਰ ਸਿੱਧੂ ਨੂੰ ਮਾਰ ਕੇ ਦੁਬਾਰਾ ਫਿਰ ਵੇਖਣ ਆਏ ਸੀ ਕਿ ਜਿਉਂਦਾ ਹੈ ਜਾਂ ਮਰ ਗਿਆ। ਦੋਸਤਾਂ ਨੇ ਵਿਧਾਇਕ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕ ਵੀਡੀਓ ਬਣਾਉਣ ਲੱਗ ਗਏ ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ। 10-12 ਮਿੰਟ ਬਾਅਦ ਉਹਨਾਂ ਨੂੰ ਬਾਹਰ ਕੱਢਿਆ, ਉਸ ਤੋਂ ਬਾਅਦ ਉਹਨਾਂ ਨੂੰ ਕੋਈ ਗੱਡੀ ਵੀ ਨਹੀਂ ਮਿਲੀ, ਜਿਸ ਕਾਰਨ ਦੂਜੇ ਸ਼ਹਿਰ ਤੋਂ ਗੱਡੀ ਮੰਗਵਾਈ। ਇਸ ਦੌਰਾਨ ਕਾਫੀ ਸਮਾਂ ਬਰਬਾਦ ਹੋਇਆ। ਵਿਧਾਇਕ ਗੁਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਦੇ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਵੀਡੀਓ ਬਣਾਉਣ ਦੀ ਬਜਾਏ ਪੀੜਤਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਕਿਸੇ ਦੀ ਕੀਮਤੀ ਜਾਨ ਬਚ ਸਕੇ।