ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਨੂੰ ਚੇਤਾਵਨੀ ਚੰਡੀਗੜ੍ਹ 'ਚ 61 ਹਜ਼ਾਰ ਟੈਕਸ ਅਦਾ ਕਰਨ ਵਾਲਿਆਂ 'ਤੇ ਲੱਗੇਗਾ 25 ਫੀਸਦੀ ਜੁਰਮਾਨਾ

ਏਜੰਸੀ

ਖ਼ਬਰਾਂ, ਪੰਜਾਬ

12 ਫ਼ੀਸਦੀ ਵਿਆਜ ਨਾਲ ਅਦਾ ਕਰਨਾ ਪਵੇਗਾ ਪੈਸਾ

photo

 

ਚੰਡੀਗੜ੍ਹ : ਚੰਡੀਗੜ੍ਹ ਦੇ ਪ੍ਰਾਪਰਟੀ ਟੈਕਸ ਦਾਤਾਵਾਂ ਲਈ ਅਹਿਮ ਖਬਰ ਹੈ। ਨਗਰ ਨਿਗਮ ਨੇ ਛੋਟ ਦੇ ਬਾਵਜੂਦ ਟੈਕਸ ਨਾ ਭਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਨਵਾਂ ਹੁਕਮ ਜਾਰੀ ਕੀਤਾ ਹੈ। ਹੁਣ 31 ਮਈ ਤੱਕ ਟੈਕਸ ਨਾ ਭਰਨ ਵਾਲਿਆਂ 'ਤੇ ਜੁਰਮਾਨਾ ਲਗਾਇਆ ਜਾਵੇਗਾ। ਨਾਲ ਹੀ ਉਨ੍ਹਾਂ ਨੂੰ ਵਿਆਜ ਦੇ ਨਾਲ ਟੈਕਸ ਵੀ ਜਮ੍ਹਾ ਕਰਨਾ ਹੋਵੇਗਾ। ਇਹ ਆਰਡਰ 61480 ਟੈਕਸ ਦਾਤਾਵਾਂ ਲਈ ਹੈ।

ਦਸ ਦੇਈਏ ਕਿ ਨਗਰ ਨਿਗਮ ਨੇ 31 ਮਈ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ 'ਤੇ 20 ਫ਼ੀਸਦੀ ਤੱਕ ਦੀ ਛੋਟ ਦਿਤੀ ਸੀ। ਇਸ ਵਿਚ ਰਿਹਾਇਸ਼ੀ ਸ਼੍ਰੇਣੀ ਦੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ 20 ਫ਼ੀਸਦੀ ਅਤੇ ਕਮਰਸ਼ੀਅਲ ਸ਼੍ਰੇਣੀ ਦੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ 10 ਫ਼ੀਸਦੀ ਦੀ ਛੋਟ ਦਿਤੀ ਗਈ ਸੀ ਪਰ ਇਹ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿਚ ਕੁੱਲ 142000 ਟੈਕਸ ਦਾਤਾ ਹਨ ਪਰ ਛੋਟ ਦਾ ਫਾਇਦਾ ਉਠਾਉਂਦੇ ਹੋਏ ਸਿਰਫ਼ 80520 ਲੋਕਾਂ ਨੇ ਹੀ 31 ਮਈ ਤੱਕ ਨਗਰ ਨਿਗਮ ਕੋਲ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ ਹੈ। ਹੁਣ ਪ੍ਰਾਪਰਟੀ ਟੈਕਸ 25 ਫ਼ੀਸਦੀ ਜੁਰਮਾਨੇ ਅਤੇ 12 ਫ਼ੀਸਦੀ ਸਾਲਾਨਾ ਦਰ 'ਤੇ ਵਿਆਜ ਦੇ ਨਾਲ ਜਮ੍ਹਾ ਕਰਵਾਉਣਾ ਹੋਵੇਗਾ।

ਨਗਰ ਨਿਗਮ ਨੇ 80520 ਪ੍ਰਾਪਰਟੀ ਟੈਕਸ ਦਾਤਾਵਾਂ ਤੋਂ ਕੁੱਲ 42.47 ਕਰੋੜ ਪ੍ਰਾਪਰਟੀ ਟੈਕਸ ਵਸੂਲਿਆ ਹੈ। ਇਸ ਵਿਚ 16185 ਲੋਕਾਂ ਨੇ 26.89 ਕਰੋੜ ਰੁਪਏ ਦਾ ਕਮਰਸ਼ੀਅਲ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ। 64335 ਲੋਕਾਂ ਨੇ ਪ੍ਰਾਪਰਟੀ ਟੈਕਸ ਵਜੋਂ 12.56 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ।

ਪੰਜਾਬ ਯੂਨੀਵਰਸਿਟੀ, ਯੂਟੀ ਪ੍ਰਸ਼ਾਸਨ ਅਤੇ ਪੀਜੀਆਈ ਵਰਗੀਆਂ ਸੰਸਥਾਵਾਂ ਨੇ ਛੋਟ ਦਾ ਫਾਇਦਾ ਉਠਾਉਂਦੇ ਹੋਏ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਇਆ ਹੈ। ਇਹ ਅਦਾਰੇ ਸ਼ਹਿਰ ਦੇ ਸਭ ਤੋਂ ਵੱਡੇ ਟੈਕਸ ਅਦਾ ਕਰਨ ਵਾਲੇ ਵੀ ਹਨ। ਪੰਜਾਬ ਯੂਨੀਵਰਸਿਟੀ ਨੇ 1 ਕਰੋੜ ਰੁਪਏ, ਯੂਟੀ ਪ੍ਰਸ਼ਾਸਨ ਨੇ 1.38 ਕਰੋੜ ਰੁਪਏ ਅਤੇ ਪੀਜੀਆਈ ਨੇ 0.88 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ।