ਰੋਪੜ ਪੁਲਿਸ ਨੇ ਖ਼ਤਰਨਾਕ ਰਿੰਦਾ ਗੈਂਗ ਦੇ ਸ਼ਾਰਪ-ਸ਼ੂਟਰ ਨੂੰ ਹਥਿਆਰਾਂ ਸਮੇਤ ਦਬੋਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਪੰਜਾਬ ਵਿਚ ਬਾਕੀ ਬਚਦੇ ਗਿਰੋਹਾਂ 'ਚੋਂ ਇਕ ਵੱਡਾ ਗਿਰੋਹ ਹੈ

Ropar Police nab sharpshooter of notorious Rinda Gang with weapons

ਰੋਪੜ: ਪੰਜਾਬ ਵਿਚ ਸੰਗਠਿਤ ਗੈਂਗ ’ਤੇ ਤਿੱਖੀ ਕਾਰਵਾਈ ਕਰਦਿਆਂ ਰੋਪੜ ਪੁਲਿਸ ਨੇ ਮਹਾਰਾਸ਼ਟਰ ਦੇ ਖ਼ਤਰਨਾਕ ਗੈਂਗ 'ਰਿੰਦਾ' ਨਾਲ ਸਬੰਧਤ ਇਕ 22 ਸਾਲਾ ਸ਼ਾਰਪ-ਸ਼ੂਟਰ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ 'ਰਿੰਦਾ' ਨਾਲ ਸਬੰਧਤ ਇਕ ਸ਼ਾਰਪ ਸ਼ੂਟਰ ਯਾਦਵਿੰਦਰ ਸਿੰਘ ਉਰਫ਼ ਯਾਦੀ ਉਤੇ ਕਤਲ, ਫਿਰੌਤੀ ਅਤੇ ਇਰਾਦਾ ਕਤਲ ਦੇ ਕਈ ਮਾਮਲੇ ਦਰਜ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਰਿੰਦਾ ਗੈਂਗ ਦੇ ਵੱਖ ਵੱਖ ਮੈਂਬਰਾਂ ਨਾਲ ਦੁਬਈ ਤੋਂ ਤਾਲਮੇਲ ਬਿਠਾਇਆ ਜਾ ਰਿਹਾ ਸੀ। ਇਸ ਗੈਂਗ ਦੇ ਵਿਦੇਸ਼ੀ ਧਰਤੀ 'ਤੇ ਕਈ ਹਮਦਰਦ ਦੱਸੇ ਜਾਂਦੇ ਸਨ। ਨਾਂਦੇੜ ਦੇ ਰਹਿਣ ਵਾਲੇ ਤੇ ਰਿੰਦਾ ਦੇ ਕੈਟਾਗਰੀ 'ਏ' ਗੈਂਗਸਟਰ ਯਾਦੀ ਪਾਸੋਂ ਪੁਲਿਸ ਨੇ 315 ਬੋਰ, 12 ਤੇ 32 ਬੋਰ ਦੇ ਤਿੰਨ ਪਿਸਤੌਲ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਤੋਂ ਇਹ ਪਤਾ ਚਲਦਾ ਹੈ ਕਿ ਲੱਕੀ ਤੇ ਮੋਗਾ ਦੇ ਸੁਖਪ੍ਰੀਤ ਬੁੱਢਾ ਨੇ ਉੱਤਰ ਪ੍ਰਦੇਸ਼ ਤੋਂ ਹਥਿਆਰ ਮੁਹੱਈਆ ਕਰਾਉਣ ਵਿਚ ਯਾਦਵਿੰਦਰ ਦੀ ਸਹਾਇਤਾ ਕੀਤੀ ਸੀ। ਪੁਲਿਸ ਹਥਿਆਰਾਂ ਦੇ ਉਸ ਸਰੋਤ ਨੂੰ ਕਾਬੂ ਕਰਨ ਲਈ ਮੇਰਠ(ਯੂਪੀ) ਪੁਲਿਸ ਦੇ ਸੰਪਰਕ ਵਿਚ ਹੈ।

ਯਾਦਵਿੰਦਰ ਅਪਣੇ ਸਾਥੀਆਂ ਨਾਲ ਬੱਦੀ ਤੇ ਨਾਲਾਗੜ੍ਹ ਦੇ ਸਨਅੱਤੀ ਖੇਤਰ ਵਿਚ ਫਿਰੌਤੀ ਦੇ ਮਾਮਲਿਆ ਵਿਚ ਸਰਗਰਮ ਸੀ। ਸ਼ਰਾਬ ਦੇ ਵੱਡੇ ਠੇਕੇਦਾਰ, ਟੋਲ ਪਲਾਜ਼ਾ ਤੇ ਧਾਤਾਂ ਦੇ ਕਬਾੜੀ ਇਸ ਗਿਰੋਹ ਦੇ ਮੁੱਖ ਸ਼ਿਕਾਰ ਹੁੰਦੇ ਸਨ। ਕਈ ਵਾਰ ਯਾਦਵਿੰਦਰ ਨੇ ਰਿੰਦਾ ਦੇ ਇਸ਼ਾਰੇ 'ਤੇ ਅੰਮ੍ਰਿਤਸਰ ਤੋਂ ਅੰਬਾਲਾ ਨਸ਼ੀਲੇ ਪਦਾਰਥਾਂ ਦਾ ਕੁਰੀਅਰ ਲਿਜਾਣ ਦਾ ਕੰਮ ਵੀ ਕੀਤਾ। ਇਹ ਪੰਜਾਬ ਵਿਚ ਬਾਕੀ ਬਚਦੇ ਗਿਰੋਹਾਂ 'ਚੋਂ ਇਕ ਵੱਡਾ ਗਿਰੋਹ ਹੈ ਜਿਸ ਦੇ ਪਿੰਜੌਰ, ਮੋਹਾਲੀ ਤੇ ਅੰਬਾਲਾ ਵਿਚ ਗੁਪਤ ਟਿਕਾਣੇ ਹਨ।