ਬਿੱਟੂ ਦੇ ਕਤਲ ਕੇਸ 'ਚ ਗ੍ਰਿਫ਼ਤਾਰ ਨੌਜਵਾਨਾਂ 'ਤੇ ਅਣਮਨੁਖੀ ਤਸ਼ਦਦ ਨਾ ਕੀਤਾ ਜਾਵੇ : ਦਮਦਮੀ ਟਕਸਾਲ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਮਾਮਲਾ ਨਿਰੋਲ ਅਪਰਾਧਕ ਨਾ ਹੋ ਕੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ

Mahinder Pal Singh Bittu

ਅੰਮ੍ਰਿਤਸਰ : ਦਮਦਮੀ ਟਕਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਥਿਤ ਕਤਲ ਕੇਸ 'ਚ ਗ੍ਰਿਫ਼ਤਾਰ ਕੀਤੇ ਗਏ ਸਿੱਖ ਕੈਦੀਆਂ 'ਤੇ ਪੁਛਗਿਛ ਦੇ ਨਾਮ 'ਤੇ ਅਣਮਨੁਖੀ ਤਸ਼ਦਦ ਨਾ ਕਰਨ ਅਤੇ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ ਲਈ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਕਿਹਾ ਹੈ। 

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖ਼ਾਲਸਾ ਅਤੇ ਭਾਈ ਅਜੈਬ ਸਿੰਘ ਅਭਿਆਸੀ ਦੀ ਮੌਜੂਦਗੀ 'ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਉਕਤ ਮਾਮਲਾ ਨਿਰੋਲ ਅਪਰਾਧਕ ਨਾ ਹੋ ਕੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਕਿਸੇ ਵੀ ਧਰਮ ਦੇ ਗ੍ਰੰਥਾਂ ਅਤੇ ਧਾਰਮਕ ਸਮੱਗਰੀ ਦੀ ਬੇਅਦਬੀ ਬਹੁਤ ਹੀ ਗ਼ਲਤ ਅਤੇ ਨਾ ਸਹਿਣਯੋਗ ਵਰਤਾਰਾ ਹੈ। ਗੁਰੂ ਗੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਸਿੱਖਾਂ ਲਈ ਅਸਹਿ ਹੈ। ਬਰਗਾੜੀ ਅਤੇ ਹੋਰਨਾਂ ਸਥਾਨਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਭਾਵੇਂ ਕਿ ਕੋਈ ਸਿੱਖ ਜੇਲ 'ਚ ਬੈਠਾ ਹੋਵੇ ਜਾਂ ਬਾਹਰ।

ਅਜਿਹੇ ਵਿਚ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਕਿਸੇ ਤਰ੍ਹਾਂ ਵੀ ਨਿਆਂਸੰਗਤ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਸਿੱਖ ਨੌਜਵਾਨਾਂ 'ਤੇ ਅਣਮਨੁਖੀ ਤਸ਼ਦਦ ਕਰਨ ਦੀ ਥਾਂ ਉਨ੍ਹਾਂ ਵਲੋਂ ਅਜਿਹੇ ਵਾਰਦਾਤ ਨੂੰ ਅੰਜਾਮ ਦੇਣ ਪਿਛੇ ਲੁਕੀ ਸਿੱਖ ਮਾਨਸਿਕਤਾ ਅਤੇ ਧਾਰਮਕ ਭਾਵਨਾਵਾਂ ਦਾ ਵੀ ਖ਼ਿਆਲ ਰਖਣ ਲਈ ਪੁਲਿਸ ਨੂੰ ਕਿਹਾ। ਦਮਦਮੀ ਟਕਸਾਲ ਮੁਖੀ ਨੇ ਮਹਿੰਦਰਪਾਲ ਬਿੱਟੂ ਹਤਿਆ ਮਾਮਲੇ ਦੇ ਕਥਿਤ ਦੋਸ਼ੀ ਗੁਰਸੇਵਕ ਸਿੰਘ, ਮਨਿੰਦਰ ਸਿੰਘ ਉਨ੍ਹਾਂ ਦੇ ਸਾਥੀਆਂ ਨੂੰ ਉਨ੍ਹਾਂ ਅਤੇ ਪਰਵਾਰਾਂ ਦੀ ਇੱਛਾ ਅਨੁਸਾਰ ਹਰ ਸੰਭਵ ਕਾਨੂੰਨੀ ਮਦਦ ਦੇਣ ਪ੍ਰਤੀ ਵਚਨਬੱਧ ਹੋਣ ਦੀ ਗਲ ਵੀ ਆਖੀ।