ਅਕਾਲੀ ਦਲ ਟਕਸਾਲੀ ਵਲੋਂ ਐਸ.ਜੀ.ਪੀ.ਸੀ. ਦੇ ਘਪਲਿਆਂ ਦੀ ਜਾਂਚ ਲਈ ਕਮੇਟੀ ਗਠਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਦਲ ਤੇ ਕਾਂਗਰਸ ਨੂੰ ਛੱਡ ਹੋਰ ਕਿਸੇ ਨਾਲ ਵੀ ਤਾਲਮੇਲ ਸੰਭਵ

Shiromani Akali Dal Taksali

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਅੱਜ ਇਥੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਅਹਿਮ ਫ਼ੈਸਲਾ ਲੈਂਦਿਆਂ ਐਸ.ਜੀ.ਪੀ.ਸੀ. ਵਿਚ ਹੋਏ ਘਪਲਿਆਂ ਦੀ ਜਾਂਚ ਲਈ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।

ਇਸ ਕਮੇਟੀ ਵਿਚ ਸੇਖਵਾਂ ਨਾਲ ਜਥੇਦਾਰ ਮਹਿੰਦਰ ਸਿੰਘ ਹੂਸੈਨਪੁਰ, ਜਥੇਦਾਰ ਹਰਬੰਸ ਸਿੰਘ ਮੰਝਪੁਰ, ਜਥੇਦਾਰ ਬਲਵਿੰਦਰ ਸਿੰਘ ਵੇਈਂਪੁਰ ਅਤੇ ਜਥੇਦਾਰ ਮੱਖਣ ਸਿੰਘ ਨੰਗਲ ਨੂੰ ਮੈਂਬਰ ਬਣਾਇਆ ਗਿਆ ਹੈ। ਇਹ ਕਮੇਟੀ ਹੋਰਨਾਂ ਘਪਲਿਆਂ ਤੋਂ

ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਸਬੰਧੀ ਕੋਤਾਹੀਆਂ ਦੀ ਵੀ ਜਾਂਚ ਕਰ ਕੇ ਅਸਲੀਅਤ ਸਾਹਮਣੇ ਲਿਆਵੇਗੀ। ਮੀਟਿੰਗ ਤੋਂ ਬਾਅਦ ਜਥੇਦਾਰ ਬ੍ਰਹਮਪੁਰਾ ਨੇ ਦਸਿਆ ਕਿ ਪੰਥਕ ਧਿਰਾਂ ਨੂੰ ਇਕਜੁੱਟ ਕਰ ਕੇ ਤੀਜਾ ਬਦਲ ਤਿਆਰ ਕਰਨ ਦੇ ਯਤਨ ਸ਼ੁਰੁ ਹੋ ਚੁੱਕੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਬਾਦਲ ਦਲ ਅਤੇ ਕਾਂਗਰਸ ਨੂੰ ਛੱਡ ਕੇ ਹੋਰ ਕਿਸੇ ਨਾਲ ਵੀ ਤਾਲਮੇਲ ਹੋ ਸਕਦਾ ਹੈ।

ਪੰਥਕ ਏਕਤਾ ਸਮੇਂ ਸ਼੍ਰੋਮਣੀ ਟਕਸਾਲੀ ਦਲ ਦੀ ਹੋਂਦ ਬਰਕਰਾਰ ਰੱਖੀ ਜਾਵੇਗੀ। ਮੀਟਿੰਗ ਵਿਚ ਪਾਸ ਕੀਤੇ ਮਤਿਆਂ ਰਾਹੀਂ ਕੇਂਦਰ ਸਰਕਾਰ ਵਲੋਂ ਪਾਸ ਖੇਤੀ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦਸਦੇ ਹੋਏ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।

ਇਕ ਮਤੇ ਰਾਹੀਂ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਦੋਸ਼ੀਆਂ ਵਿਰੁਧ ਹਾਲੇ ਤਕ ਕਾਰਵਾਈ ਨਾ ਹੋਣ ਦੀ ਨਿੰਦਾ ਕਰਦਿਆਂ ਕਿਹਾ ਗਿਆ ਕਿ ਇਸ ਤਰ੍ਹਾਂ ਕਰ ਕੇ ਕੈਪਟਨ ਸਰਕਾਰ ਵੀ ਬਾਦਲ ਸਰਕਾਰ ਸਮੇਂ ਵਾਲੀ ਹੀ ਨੀਤੀ ਅਪਣਾ ਰਹੀ ਹੈ। ਇਕ ਮਤੇ ਰਾਹੀਂ ਪਟਰੌਲ-ਡੀਜ਼ਲ ਕੀਮਤਾਂ ਵਿਚ ਵਾਧੇ ਦਾ ਵਿਰੋਧ ਕੀਤਾ ਗਿਆ।

ਚੀਨ ਅਤੇ ਭਾਰਤ ਤਣਾਅ ਦੌਰਾਨ ਸ਼ਹੀਦ ਹੋਏ 20 ਜਵਾਨਾਂ ਨੂੰ ਸ਼ਰਧਾਂਜਲੀ ਦਿਤੀ ਗਈ। ਇਕ ਹੋਰ ਮਤੇ ਰਾਹੀਂ ਤਾਲਾਬੰਦੀ ਦੇ ਬਾਵਜੂਦ ਵਧ ਰਹੇ ਸ਼ਰਾਬ ਅਤੇ ਹੋਰ ਨਸ਼ਿਆਂ 'ਤੇ ਚਿੰਤਾ ਪ੍ਰਗਟਾਈ ਗਈ। ਗੁਰੂ ਨਾਨਕ ਦੇਵ ਥਰਮਲ ਪਲਾਂਟ ਬੰਦ ਕਰਨ ਵਿਰੁਧ ਵੀ ਮਤਾ ਪਾਸ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ