ਇਮਰਾਨ ਖ਼ਾਨ ਦਾ ਨਾਨਕਾ ਘਰ ਹੈ ਜਲੰਧਰ
ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਨਾਲ ਬੜੇ ਪੁਰਾਣੇ ਅਤੇ ਗਹਿਰੇ ਸਬੰਧ ਹਨ..............
ਜਲੰਧਰ : ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਨਾਲ ਬੜੇ ਪੁਰਾਣੇ ਅਤੇ ਗਹਿਰੇ ਸਬੰਧ ਹਨ। ਇਸੇ ਸ਼ਹਿਰ ਦੀ ਬਸਤੀ ਦਾਨਿਸ਼ਮੰਦਾਂ ਵਿਚ ਆਜ਼ਾਦੀ ਤੋਂ ਪਹਿਲਾਂ ਉਸ ਦੇ ਨਾਨਕੇ ਪਰਵਾਰ ਵਾਲੇ ਰਹਿੰਦੇ ਸਨ। ਅੱਧੇ ਏਕੜ ਤੋਂ ਵੀ ਵੱਧ ਜਿਸ ਕੋਠੀ ਵਿਚ ਉਨ੍ਹਾਂ ਦੀ ਰਿਹਾਇਸ਼ ਸੀ, ਉਸ ਨੂੰ ਅੱਜ ਦੀ ਪੀਲੀ ਕੋਠੀ ਵਜੋਂ ਕਰ ਕੇ ਜਾਣਿਆ ਜਾਂਦਾ ਹੈ। ਹੁਣੇ ਜਿਹੇ ਕਿਸੇ ਅੰਗਰੇਜ਼ੀ ਅਖ਼ਬਾਰ ਦੇ ਹਵਾਲੇ ਨਾਲ ਦਿਤੀ ਗਈ ਜਾਣਕਾਰੀ ਵਿਚ ਦਸਿਆ ਗਿਆ ਹੈ ਕਿ ਇਮਰਾਨ ਖ਼ਾਨ ਦੀ ਮਾਤਾ ਸ਼ੌਕਤ ਖ਼ਾਨ ਦਾ ਇਹ ਪੇਕਾ ਘਰ ਸੀ। ਇਹ ਕੋਠੀ 1930 ਦੇ ਨੇੜੇ-ਤੇੜੇ ਬਣੀ ਸੀ।
ਦੇਸ਼ ਦੀ ਵੰਡ ਪਿੱਛੋਂ ਇਹ ਪਰਵਾਰ ਲਾਹੌਰ ਚਲਾ ਗਿਆ ਅਤੇ ਉਥੇ ਹੀ 1952 ਵਿਚ ਇਮਰਾਨ ਖ਼ਾਨ ਦਾ ਜਨਮ ਹੋਇਆ ਸੀ। ਇਮਰਾਨ ਖ਼ਾਨ ਦੀ ਮਾਂ ਦੀ ਮੌਤ 1985 ਵਿਚ ਹੋ ਗਈ ਸੀ। ਇਹ ਵੀ ਦਸਿਆ ਗਿਆ ਹੈ ਕਿ ਵੰਡ ਪਿਛੋਂ ਜਿਸ ਪਰਵਾਰ ਨੂੰ ਇਹ ਕੋਠੀ ਅਲਾਟ ਹੋਈ ਸੀ, ਉਹ ਤਾਂ ਹੁਣ ਇੰਗਲੈਂਡ ਰਹਿੰਦਾ ਹੈ ਪਰ ਉਸ ਪਰਵਾਰ ਵਲੋਂ ਪੀਲੀ ਕੋਠੀ ਦੀ ਦੇਖਭਾਲ ਇਕ ਹੋਰ ਵਿਅਕਤੀ ਕਰ ਰਿਹਾ ਹੈ ਜੋ ਅਪਣੇ ਸਮੇਤ ਇਥੇ ਰਹਿ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵੰਡ ਤੋਂ ਪਹਿਲਾਂ ਇਸ ਖੇਤਰ ਵਿਚ ਇਹ ਤਿੰਨ ਵੱਡੀਆਂ ਕੋਠੀਆਂ ਸਨ ਜਿਨ੍ਹਾਂ ਵਿਚੋਂ ਦੋ ਤਾਂ ਹੁਣ ਤਕ ਢੱਠ ਚੁੱਕੀਆਂ ਹਨ ਅਤੇ ਪੀਲੀ ਕੋਠੀ ਸਹੀ ਸਲਾਮਤ ਹੈ।
ਸ਼ਾਇਦ ਇਸ ਲਈ ਕਿ ਇਸ ਦੀਆਂ ਨੀਂਹਾਂ ਬਹੁਤ ਮਜ਼ਬੂਤ ਹਨ। ਇਸ ਇਲਾਕੇ ਦੇ ਕੁੱਝ ਲੋਕਾਂ ਵਲੋਂ ਦਸਿਆ ਗਿਆ ਕਿ ਇਮਰਾਨ ਖ਼ਾਨ ਅਪਣੇ ਕ੍ਰਿਕਟ ਕਰੀਅਰ ਵੇਲੇ ਜਲੰਧਰ ਦੇ ਬਰਲਟਨ ਪਾਰਕ ਵਿਚ ਵੀ ਬਕਾਇਦਾ ਮੈਚ ਖੇਡ ਚੁਕਾ ਹੈ ਅਤੇ ਉਸ ਨੇ 2004 ਵਿਚ ਇਕ ਵਾਰ ਅਪਣੇ ਨਾਨਕੇ ਘਰ ਫੇਰੀ ਵੀ ਪਾਈ ਸੀ। ਪੀਲੀ ਕੋਠੀ ਦੇ ਨੇੜੇ-ਤੇੜੇ ਰਹਿੰਦੇ ਲੋਕਾਂ ਨੇ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਭਾਰਤ ਅਤੇ ਪਾਕਿਸਤਾਨ ਦੇ ਸੁਖਾਵੇਂ ਸਬੰਧਾਂ ਦੀ ਆਸ ਪ੍ਰਗਟਾਈ ਹੈ।
ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਥੇ ਇਮਰਾਨ ਖ਼ਾਨ ਨੂੰ ਫ਼ੋਨ 'ਤੇ ਵਧਾਈ ਦਿਤੀ ਹੈ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਆਸ ਪ੍ਰਗਟਾਈ ਹੈ ਕਿ ਭਾਰਤ ਪ੍ਰਤੀ ਜਿਹੋ ਜਿਹਾ ਹਾਂਪੱਖੀ ਰੁਖ਼ ਇਮਰਾਨ ਖ਼ਾਨ ਦਾ ਹੁਣ ਹੈ, ਜੇ ਭਵਿੱਖ ਵਿਚ ਵੀ ਰਿਹਾ ਤਾਂ ਦੋਹਾਂ ਦੇਸ਼ਾਂ ਦੇ ਸਬੰਧ ਸੁਧਰ ਸਕਦੇ ਹਨ।