ਕੈਪਟਨ ਸਰਕਾਰ ਚਿੜੀਆ ਘਰਾਂ ਦੇ ਵਿਕਾਸ ਪ੍ਰਾਜੈਕਟਾਂ ਲਈ ਖਰਚੇਗੀ 22 ਕਰੋੜ ਰੁਪਏ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੱਤਬੀੜ ਦੇ ਨਵੇਂ ਐਂਟਰੀ ਪਲਾਜ਼ਾ ਦਾ ਰਿਮੋਟ ਦਾ ਬਟਨ ਦੱਬ ਕੇ ਉਦਘਾਟਨ

Captain Amarinder Singh orders Rs 22 crore for zoo development

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿੰਦਰਾ ਚੌਧਰੀ ਜੂਲੋਜੀਕਲ ਪਾਰਕ ਛੱਤਬੀੜ ਅਤੇ ਸੂਬੇ ਦੇ ਹੋਰ ਚਿੜੀਆ ਘਰਾਂ ਦੇ ਵਿਕਾਸ ਵਾਸਤੇ 22 ਕਰੋੜ ਰੁਪਏ ਦੀ ਬਜਟ ਵਿਵਸਥਾ ਕਰਨ ਦੇ ਹੁਕਮ ਦਿੱਤੇ ਹਨ। ਚਿੜੀਆ ਘਰਾਂ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਛੱਤਬੀੜ ਚਿੜੀਆ ਘਰ ਦੇ ਨਵੇਂ ਐਂਟਰੀ ਪਲਾਜਾ ਦਾ ਰਿਮੋਟ ਦਾ ਬਟਨ ਦੱਬ ਕੇ ਉਦਘਾਟਨ ਕੀਤਾ ਅਤੇ ਇਸ ਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ। 

ਕੈਪਟਨ ਅਮਰਿੰਦਰ ਸਿੰਘ ਨੇ ਪੰਛੀਆਂ ਅਤੇ ਜਾਨਵਰਾਂ ਦੀਆਂ ਵੱਖ-ਵੱਖ ਪੇਂਟਿੰਗਾਂ ਨੂੰ ਦਰਸਾਉਂਦਾ ਇਕ ਰੰਗਦਾਰ ਪੋਸਟਰ ਵੀ ਜਾਰੀ ਕੀਤਾ ਜਿਸ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵੀ ਦਰਜ ਹੈ। ਇਹ ਪੋਸਟਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਦੀ ਧਾਰਨਾ ਡਾ. ਕੁਲਦੀਪ ਕੁਮਾਰ ਆਈ.ਐਫ.ਐਸ.  ਪੀ.ਸੀ.ਸੀ.ਐਫ. ਵਾਈਲਡ ਲਾਈਫ-ਕਮ-ਚੀਫ਼ ਵਾਈਲਡ ਲਾਈਫ ਵਾਰਡਨ ਪੰਜਾਬ ਵੱਲੋਂ ਤਿਆਰ ਕੀਤੀ ਗਈ ਹੈ। ਇਹ ਸੇਵਾ ਮੁਕਤ ਪੀ.ਸੀ.ਸੀ.ਐਫ. ਪਿਆਰਾ ਲਾਲ ਕਲੇਰ ਦੇ ਵਿਚਾਰਾਂ ’ਤੇ ਆਧਾਰਤ ਹੈ ਅਤੇ ਇਸ ਦੀਆਂ ਪੇਂਟਿੰਗਾਂ ਦਾ ਯੋਗਦਾਨ ਵਧੀਕ ਸਕੱਤਰ ਵਿੱਤ ਸੁਰਿੰਦਰ ਕੌਰ ਵੜੈਂਚ ਵੱਲੋਂ ਦਿੱਤਾ ਗਿਆ ਹੈ। 

ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਪੇਸ਼ ਕੀਤੇ ਪ੍ਰਸਤਾਵਿਤ ਚਿੜੀਆ ਘਰ ਵਿਕਾਸ ਪ੍ਰੋਜੈਕਟਾਂ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵਧੀਕ ਮੁੱਖ ਸਕੱਤਰ ਜੰਗਲਾਤ, ਵਧੀਕ ਮੁੱਖ ਸਕੱਤਰ ਮਕਾਨ ਅਤੇ ਸ਼ਹਿਰੀ ਵਿਕਾਸ, ਪ੍ਰਮੁੱਖ ਸਕੱਤਰ ਵਿੱਤ ਅਤੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਦੀ ਮਾਨਸੂਨ ਸੈਸ਼ਨ ਤੋਂ ਤੁਰੰਤ ਬਾਅਦ ਮੀਟਿੰਗ ਸੱਦਣ ਲਈ ਆਖਿਆ। ਉਨਾਂ ਨੇ ਵਿੱਤ ਮੰਤਰੀ ਨੂੰ ਇਹ ਸਾਰੇ ਪ੍ਰੋਜੈਕਟ ਦੋ ਸਾਲਾਂ ਵਿੱਚ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਵੀ ਕਿਹਾ। 

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪ੍ਰਭਾਵੀ ਡਾਇਨਾਸੋਰਸ ਪਾਰਕ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਆਪਣੇ ਕਿਸਮ ਦਾ ਦੇਸ਼ ਵਿੱਚ ਪਹਿਲਾ ਪਾਰਕ ਹੋਵੇਗਾ ਜੋ ਛੱਤਬੀੜ ਚਿੜੀਆ ਘਰ ਵਿਖੇ ਜਨਤਕ ਨਿੱਜੀ ਭਾਈਵਾਲੀ ਅਧਾਰਤ ਹੋਵੇਗਾ। ਉਨਾਂ ਨੇ ਛੱਤਬੀੜ ਵਿਖੇ 5-10 ਏਕੜ ਰਕਬੇ ਵਿੱਚ ਸੋਲਰ ਪਾਵਰ ਪਲਾਂਟ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਕਰਨ ਲਈ ਵੀ ਪੇਡਾ ਨੂੰ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਛੱਤਬੀੜ ਚਿੜੀਆ ਘਰ ਵਿਖੇ ਵਿਦੇਸ਼ੀ ਜਾਨਵਰਾਂ ਨੂੰ ਲਿਆਉਣ ਲਈ ਬਜਟ ਵਿਵਸਥਾ ਕਰਨ ਵਾਸਤੇ ਵੀ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਛੇਤੀ ਹੀ ਆਪਣੇ ਕੈਬਨਿਟ ਸਾਥੀਆਂ ਨਾਲ ਛੱਤਬੀੜ ਚਿੜੀਆ ਘਰ ਦਾ ਦੌਰਾ ਕਰਨ ਵਿਚ ਦਿਲਚਸਪੀ ਵਿਖਾਈ।