ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪ੍ਰਿਯੰਕਾ ਸੱਭ ਤੋਂ ਵਧੀਆ ਉਮੀਦਵਾਰ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ - ਨੌਜਵਾਨ ਆਗੂ ਹੀ ਲੋਕਾਂ ਨਾਲ ਸੰਪਰਕ ਪੈਦਾ ਕਰ ਸਕਦਾ ਹੈ ਅਤੇ ਉਨ੍ਹਾਂ ਦੀ ਖਾਹਿਸ਼ਾਂ ਦੀ ਪੂਰਤੀ ਕਰ ਸਕਦਾ ਹੈ

Priyanka ideal candidate for Congress presidentship, says Captain Amarinder Singh

ਚੰਡੀਗੜ੍ਹ : ਪ੍ਰਿਯੰਕਾ ਗਾਂਧੀ ਵਾਡਰਾ ਕਾਂਗਰਸ ਪਾਰਟੀ ਦੀ ਵਾਗਡੋਰ ਸੰਭਾਲਨ ਲਈ ਢੁਕਵੇਂ ਪਸੰਦੀਦਾ ਉਮੀਦਵਾਰ ਹੋਣਗੇ, ਪਰ ਇਹ ਫ਼ੈਸਲਾ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ) 'ਤੇ ਨਿਰਭਰ ਕਰਦਾ ਹੈ ਜੋ ਕਿ ਇਸ ਮਾਮਲੇ 'ਤੇ ਫ਼ੈਸਲਾ ਲੈਣ ਲਈ ਅਧਿਕਾਰਿਤ ਹੈ। ਜੇ ਪ੍ਰਿਯੰਕਾ ਕਾਂਗਰਸ ਦੀ ਪ੍ਰਧਾਨ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਮੁੱਚਾ ਸਮੱਰਥਨ ਪ੍ਰਾਪਤ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਰਾਹੁਲ ਗਾਂਧੀ ਵਲੋਂ ਪਿੱਛੇ ਹਟਣ ਦੇ ਲਏ ਗਏ ਫ਼ੈਸਲੇ 'ਤੇ ਦੁਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ ਅਤੇ ਨੌਜਵਾਨ ਆਗੂ ਹੀ ਇਸ ਦੀ ਅਗਵਾਈ ਕਰਨ ਦੇ ਅਨੁਕੂਲ ਹੈ। ਕਾਂਗਰਸ ਦੇ ਆਗੂ ਸ਼ਸ਼ੀ ਥਰੂਰ ਦੇ ਬਿਆਨ ਦੇ ਸਬੰਧ ਵਿਚ ਪੁਛੇ ਜਾਣ ’ਤੇ ਉਨਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਪਾਰਟੀ ਦੇ ਮੁਖੀ ਵਾਸਤੇ ਬਹੁਤ ਵਧੀਆ ਪਸੰਦ ਹੋਣਗੇ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ ਵੀ ਇਸ ਅਹਿਮ ਮੌਕੇ 'ਤੇ ਪਾਰਟੀ ਦੀ ਵਾਗਡੋਰ ਕਿਸੇ ਨੌਜਵਾਨ ਆਗੂ ਨੂੰ ਦੇਣ ਦੀ ਵਕਾਲਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਵੇਲੇ ਭਾਰਤ ਦੀ ਬਹੁਮਤ ਜਨਸੰਖਿਆ ਯੁਵਾ ਹੈ ਅਤੇ ਇਕ ਨੌਜਵਾਨ ਆਗੂ ਹੀ ਲੋਕਾਂ ਨਾਲ ਸੰਪਰਕ ਪੈਦਾ ਕਰ ਸਕਦਾ ਹੈ ਅਤੇ ਉਨ੍ਹਾਂ ਦੀ ਖਾਹਿਸ਼ਾਂ ਦੀ ਪੂਰਤੀ ਕਰ ਸਕਦਾ ਹੈ। 

ਇਕ ਹੋਰ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਪ੍ਰਿਯੰਕਾ ਗਾਂਧੀ ਪਾਰਟੀ ਮੁਖੀ ਲਈ ਪੂਰੀ ਤਰਾਂ ਢੁਕਵੇ ਹਨ ਕਿਉਂਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਤੋਂ ਬਾਅਦ ਪਾਰਟੀ ਨੂੰ ਮੁੜ ਸੰਗਠਿਤ ਕਰਨ ਲਈ ਇਕ ਨੌਜਵਾਨ ਗਤੀਸ਼ੀਲ ਆਗੂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਬੁੱਧੀਮਾਨ ਹੈ ਅਤੇ ਦੇਸ਼ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਤੁਰੰਤ ਉਨਾਂ ਦਾ ਪ੍ਰਗਟਾਵਾ ਕਰਨ ਲਈ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਵਿਚ ਕਿਸੇ ਵੀ ਚੁਣੌਤੀ ਨੂੰ ਲੈਣ ਅਤੇ ਜਿੱਤ ਵਾਸਤੇ ਸੰਘਰਸ਼ ਕਰਨ ਦਾ ਹੌਸਲਾ ਹੈ। 

ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਉਨਾਵ ਬਲਾਤਕਾਰ ਪੀੜਤਾ ਨਾਲ ਸਬੰਧਤ ਘਟਨਾਵਾਂ 'ਤੇ ਬਹੁਤ ਜ਼ਿਆਦਾ ਦੁੱਖ ਪ੍ਰਗਟ ਕੀਤਾ। ਉਨਾਂ ਪੁਛਿਆ, "ਕੀ ਅਸੀਂ ਜੰਗਲ ਰਾਜ ਵਿਚ ਰਹਿ ਰਹੇ ਹਾਂ?" ਉਨਾਂ ਕਿਹਾ ਕਿ ਜੇ ਅਸੀ ਆਪਣੀਆਂ ਧੀਆਂ ਦੀ ਰੱਖਿਆ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਨਿਆਂ ਨਹੀਂ ਦੇ ਸਕਦੇ ਤਾਂ ਅਸੀਂ ਇਕ ਰਾਸ਼ਟਰ ਵਜੋਂ ਤਬਾਹ ਹੋ ਜਾਵਾਂਗੇ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਹਰ ਕੀਮਤ 'ਤੇ ਬਣਾਈ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਮਾਮਲਾ ਸੁਪਰੀਮ ਕੋਰਟ ਨੂੰ ਲੈਣ ਦੀ ਅਪੀਲ ਕੀਤੀ।