ਬੇਅਦਬੀ ਕੇਸ 'ਚ ਮੈਂ ਕਦੇ ਵੀ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ: ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੇਅਦਬੀ ਕੇਸ ਵਿਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਬਾਰੇ...

Sukhbir Badal

ਚੰਡੀਗੜ੍ਹ: ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੇਅਦਬੀ ਕੇਸ ਵਿਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਬਾਰੇ ਮੀਡੀਆ ਵੱਲੋਂ ਪੇਸ਼ ਕੀਤੇ ਉਨ੍ਹਾਂ ਦੇ ਬਿਆਨ ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਬਿਲਕੁਲ ਹੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਬੇਅਦਬੀ ਦੇ ਕੇਸ ਵਿਚ ਕਦੇ ਵੀ ਕਿਸੇ ਨੂੰ ਕਲੀਨ ਚਿਟ ਨਹੀਂ ਦਿੱਤੀ ਅਤੇ ਨਾ ਹੀ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਨੂੰ ਗਲਤ ਕਰਾਰ ਦਿੱਤਾ ਹੈ।

ਇਸ ਦੇ ਉਲਟ ਮੀਡੀਆ ਨਾਲ ਗੱਲਬਾਤ ਕਰਦਿਆਂ ਮੈਂ ਇਸ ਗੱਲ ਉਤੇ ਜ਼ੋਰ ਦਿੱਤਾ ਸੀ ਕਿ ਅਕਾਲੀ ਦਲ ਇਸ ਕਲੋਜ਼ਰ ਰਿਪੋਰਟ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਇਸ ਕੇਸ ਨੂੰ ਕਿਸੇ ਸਿੱਟੇ ਉਤੇ ਪਹੁੰਚਾਇਆ ਜਾਵੇ। ਅਕਾਲੀ ਦਲ ਦੇ ਪ੍ਰਧਾਨ ਨੇ ਕਲੋਜ਼ਰ ਰਿਪੋਰਟ ਦੇ ਹਵਾਲੇ ਨਾਲ ਰਿਕਾਰਡ ਕਿ ਇਸ ਜਾਂਚ ਨੂੰ ਬੰਦ ਕੀਤਾ ਜਾਣ ਵਿਰੱਧ ਮੈਂ ਪੂਰੀ ਦ੍ਰਿੜਤਾ ਨਾਲ ਅਪਣਾਇਆ ਅਤੇ ਆਪਣੀ ਪਾਰਟੀ ਦਾ ਸਟੈਂਡ ਦੁਹਰਾਉਂਦਾ ਹਾਂ। ਅਸੀਂ ਇਸ ਕਲੋਜ਼ਰ ਰਿਪੋਰਟ ਨੂੰ ਵਾਪਿਸ ਲਈ ਜਾਣ ਦੇ ਹੱਕ ਵਿਚ ਹਾਂ।

ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੀਬੀਆਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਘਿਨੌਣੇ ਕੇਸ ਦੀ ਜਾਂਚ ਨੂੰ ਅੰਤਿਮ ਸਿੱਟੇ ਉੱਤੇ ਪਹੰਚਾਉਣ ਦਾ ਨਿਰਦੇਸ਼ ਦੇਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਸਲੀ ਦੋਸ਼ਾਂ, ਉਨ੍ਹਾਂ ਦੇ ਸਪਾਂਸਰਾਂ ਅਤੇ ਇਸ ਘਿਨੌਣੀ ਸਾਜ਼ਿਸ਼ ਦੇ ਸਰਗਨਿਆਂ ਨੂੰ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਰਾਹੀਂ ਇੱਕ ਅਜਿਹੀ ਮਿਸਾਲੀ ਸਜ਼ਾ ਦਿਵਾਉਣੀ ਚਾਹੁੰਦਾ ਹੈ ਕਿ ਭਵਿੱਖ ਵਿਚ ਕੋਈ ਅਜਿਹੀ ਨਾਪਾਕ ਹਰਕਤ ਕਰਨ ਦੀ ਜੁਅਰਤ ਨਾ ਕਰੇ।

ਬਾਦਲ ਨੇ ਅੱਗੇ ਕਿਹਾ ਕਿ ਇਹ ਵੇਖ ਕੇ ਸਾਰੇ ਸਿੱਖਾਂ ਨੂੰ ਬਹੁਤ ਹੀ ਦੁੱਖ ਹੁੰਦਾ ਹੈ ਕਿ ਸੂਬੇ ਅੰਦਰ ਬੇਅਦਬੀ ਦੀਆਂ ਘਿਣਾਉਣੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਕਾਂਗਰਸ ਸਰਕਾਰ ਨੇ ਇਸ ਇਸ ਸਾਰੀ ਸਾਜ਼ਿਸ਼ ਦੀ ਜੜ੍ਹ ਤੱਕ ਜਾਣ ਲਈ ਕੋਈ ਗੰਭੀਰਤਾ ਜਾਂ ਕਾਹਲ ਨਹੀਂ ਦਿਖਾਈ ਹੈ। ਅਕਾਲੀ ਦਲ ਪ੍ਰਧਨ  ਨੇ ਕਿਹਾ ਕਿ ਇਹ ਵੀ ਬੜੇ ਅਫ਼ਸੋਸ ਦੀ ਗਲ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਅਸਲੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਏ ਕਾਂਗਰਸ ਸਰਕਾਰ ਦੀ ਸਿਰਫ਼ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਸਿਆਸਤ ਕਰਨ ਵਿਚ ਦਿਲਚਸਪੀ ਹੈ।

ਉਨ੍ਹਾਂ ਕਿਹਾ ਅਜਿਹੀਆਂ ਵੰਡੀਆਂ ਪਾਉਣ ਵਾਲੀ ਸਿਆਸਤ ਵਿੱਚੋਂ ਕੁਝ ਨਹੀਂ ਨਿਕਲੇਗਾ। ਇਸ ਮੁੱਦੇ ਦਾ ਸਿਆਸੀਕਰਨ ਕਰਨ ਦੀ ਬਜਾਏ ਜਿਹੜੇ ਵੀ ਦੋਸ਼ੀ ਹਨ, ਭਾਵੇਂ ਉਹ ਕੋਈ ਵੀ ਹੋਣ, ਉਨ੍ਹਾਂ ਨੂੰ ਫ਼ੜ ਕੇ ਸਿੱਖ ਭਾਈਚਾਰੇ ਦੇ ਤੌਖ਼ਲਿਆਂ ਨੂੰ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ।