ਚੰਡੀਗੜ੍ਹ 'ਚ ਟੈਕਸੀ ਡਰਾਈਵਰ ਦਾ ਕਤਲ : ਬੱਸ ਸਟੈਂਡ ਸੈਕਟਰ-43 ਤੋਂ ਸਵਾਰੀ ਲੈ ਕੇ ਆਇਆ ਸੀ ਮ੍ਰਿਤਕ
ਪੁਲਿਸ ਨੂੰ ਲੜਾਈ 'ਚ ਕਤਲ ਦਾ ਸ਼ੱਕ
ਚੰਡੀਗੜ੍ਹ : ਚੰਡੀਗੜ੍ਹ ਵਿਚ ਇੱਕ ਟੈਕਸੀ ਡਰਾਈਵਰ ਦਾ ਕਤਲ ਕਰ ਦਿਤਾ ਗਿਆ ਹੈ। ਉਸ ਦੀ ਲਾਸ਼ ਮੁੱਲਾਂਪੁਰ ਦੀ ਮੈਡੀਸਿਟੀ ਕੋਲ ਪਈ ਮਿਲੀ। ਪੁਲੀਸ ਹਾਲੇ ਵੀ ਇਸ ਨੂੰ ਸਵਾਰੀ ਵਲੋਂ ਕੀਤਾ ਗਿਆ ਕਤਲ ਮੰਨ ਰਹੀ ਹੈ। ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੀਜੀਆਈ ਚੰਡੀਗੜ੍ਹ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਪੁਲਿਸ ਨੇ ਅਣਪਛਾਤੇ ਹਮਲਾਵਰ ਵਿਰੁਧ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਧਰਮਪਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ।
ਮ੍ਰਿਤਕ ਡਰਾਈਵਰ ਪਿਛਲੇ 15 ਸਾਲਾਂ ਤੋਂ ਚੰਡੀਗੜ੍ਹ ਵਿਚ ਟੈਕਸੀ ਚਲਾ ਰਿਹਾ ਸੀ। ਉਹ ਮੂਲ ਰੂਪ ਤੋਂ ਰਾਜਸਥਾਨ ਦੇ ਝੁੰਝਨੂ ਦਾ ਰਹਿਣ ਵਾਲਾ ਹੈ। ਉਹ ਜ਼ੀਰਕਪੁਰ ਵਿਚ ਅਪਣੀ ਭੈਣ ਕੋਲ ਰਹਿੰਦਾ ਸੀ।
ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਇਹ ਮਾਮਲਾ ਲੁੱਟ ਦਾ ਨਹੀਂ ਲੱਗ ਰਿਹਾ ਕਿਉਂਕਿ ਜੇਕਰ ਇਹ ਲੁੱਟ ਦੀ ਵਾਰਦਾਤ ਹੁੰਦੀ ਤਾਂ ਲੁਟੇਰਿਆਂ ਨੇ ਡਰਾਈਵਰ ਦੀ ਕਾਰ ਵੀ ਖੋਹ ਲਈ ਸੀ ਪਰ ਲਾਸ਼ ਕੋਲੋਂ ਹੀ ਕਾਰ ਬਰਾਮਦ ਕਰ ਲਈ ਗਈ ਹੈ।
ਮੁੱਲਾਂਪੁਰ ਥਾਣਾ ਇੰਚਾਰਜ ਸਤਿੰਦਰ ਸਿੰਘ ਨੇ ਦਸਿਆ ਕਿ ਇਹ ਡਰਾਈਵਰ ਅਤੇ ਸਵਾਰੀਆਂ ਵਿਚਾਲੇ ਲੜਾਈ ਦਾ ਮਾਮਲਾ ਹੋ ਸਕਦਾ ਹੈ। ਜਲਦੀ ਹੀ ਮਾਮਲੇ ਦਾ ਖੁਲਾਸਾ ਕਰਨਗੇ।