ਨਵੀਨੀਕਰਨ ਦੇ ਨਾਂਅ ’ਤੇ ਜਲ੍ਹਿਆਂਵਾਲਾ ਬਾਗ਼ ਦੀ ਵਿਰਾਸਤ ਨਾਲ ਛੇੜਛਾੜ! ਜਾਣੋ ਕੀ ਕੁਝ ਬਦਲਿਆ?
ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਯਾਦਗਾਰ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਹੈ।
ਅੰਮ੍ਰਿਤਸਰ (ਸਰਵਣ ਸਿੰਘ ਰੰਧਾਵਾ): ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਯਾਦਗਾਰ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਹੈ। ਇਤਿਹਾਸਕ ਯਾਦਗਾਰ ਦੀ ਮੁਰਮੰਤ ਨੂੰ ਲੈ ਕੇ ਦੇਸ਼ ਦੀ ਜਨਤਾ ਗੁੱਸੇ ਵਿਚ ਹੈ। ਵਿਰੋਧੀ ਧਿਰ ਦੇ ਨੇਤਾਵਾਂ ਨੇ ਵੀ ਇਸ ਫ਼ੈਸਲੇ ਲਈ ਕੇਂਦਰ ਦੀ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ। ਨਵੀਨੀਕਰਨ ਅਤੇ ਕੋਰੋਨਾ ਕਾਲ ਦੇ ਚਲਦਿਆਂ ਜਲ੍ਹਿਆਂਵਾਲਾ ਬਾਗ਼ ਕਰੀਬ 2 ਸਾਲਾਂ ਤੋਂ ਬੰਦ ਸੀ।
ਹੋਰ ਪੜ੍ਹੋ: ਦੇਸੀ ਘਿਉ ਨਾਲ ਬਣਿਆ ਪੌਸ਼ਟਿਕ ਖਾਣਾ ਸਿਰਫ 5 ਰੁਪਏ 'ਚ, ਪਟਿਆਲਾ ਜਾਓ ਤਾਂ ਜ਼ਰੂਰ ਪਹੁੰਚੋ
ਹੁਣ ਨਵੀਨੀਕਰਨ ਤੋਂ ਬਾਅਦ ਜਲ੍ਹਿਆਂਵਾਲਾ ਬਾਗ਼ ਮੁੜ ਖੋਲ੍ਹ ਦਿੱਤਾ ਗਿਆ ਹੈ ਤੇ ਭਾਰੀ ਗਿਣਤੀ ਵਿਚ ਲੋਕ ਇਤਿਹਾਸਕ ਵਿਰਾਸਤ ਨੂੰ ਦੇਖਣ ਲਈ ਪਹੁੰਚ ਰਹੇ ਹਨ। ਇਸ ਦੌਰਾਨ ਦੇਖਣ ਨੂੰ ਮਿਲਿਆ ਕਿ ਬਾਗ਼ ਦੇ ਅੰਦਰ ਜਾਂਦੇ ਇਕਲੌਤੇ ਰਸਤੇ ਦੀਆਂ ਦੀਵਾਰਾਂ 'ਤੇ ਮੂਰਤੀਆਂ ਬਣਾਈਆਂ ਗਈਆਂ ਹਨ, ਜਿਸ ਰਾਹੀਂ ਬ੍ਰਿਟਿਸ਼ ਸਿਪਾਹੀ ਅੰਦਰ ਦਾਖਲ ਹੋਏ ਸਨ। ਪਹਿਲਾਂ ਇਹ ਦੀਵਾਰ ਬਿਲਕੁਲ ਸਾਫ ਸੀ। ਬਾਗ ਵਿਚ ਇਤਿਹਾਸ ਨੂੰ ਦਰਸਾਉਂਦੀ ਗੈਲਰੀ ਵਿਚ 3ਡੀ ਥੀਏਟਰ ਸ਼ੁਰੂ ਕੀਤਾ ਗਿਆ ਹੈ, ਜਿਸ ਜ਼ਰੀਏ ਲੋਕਾਂ ਨੂੰ ਸਿੱਖ ਇਤਿਹਾਸ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ।
ਹੋਰ ਪੜ੍ਹੋ: ਪੰਜ ਪ੍ਰਧਾਨਾਂ ਨੂੰ ਪੰਜ ਪਿਆਰੇ ਦੱਸਣ ਵਾਲੇ ਬਿਆਨ 'ਤੇ ਹਰੀਸ਼ ਰਾਵਤ ਨੇ ਮੰਗੀ ਮੁਆਫ਼ੀ
ਨਵੀਨੀਕਰਨ ਤੋਂ ਬਾਅਦ ਅਮਰ ਸ਼ਹੀਦਾਂ ਦੀ ਯਾਦ ਵਿਚ ਸਥਾਪਤ ਕੀਤੀ ਗਈ ਅਮਰ ਜਯੋਤੀ ਦੇ ਸਥਾਨ ਨੂੰ ਵੀ ਬਦਲਿਆ ਗਿਆ ਹੈ। ਇੱਥੇ ਲੋਕ ਆ ਕੇ ਸ਼ਹੀਦਾਂ ਨੂੰ ਨਮਨ ਕਰਦੇ ਹਨ। ਹੈਰਾਨੀ ਦੀ ਗੱਲ ਇਹ ਕਿ ਕੁਝ ਲੋਕ ਨੰਗੇ ਪੈਰੀਂ ਇੱਥੇ ਆ ਕੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਨ ਜਦਕਿ ਕੁਝ ਲੋਕ ਜੁੱਤੀਆਂ ਪਾ ਕੇ ਇੱਥੇ ਫੋਟੋਆਂ ਖਿਚਵਾ ਰਹੇ ਹਨ। ਜਲ੍ਹਿਆਂਵਾਲੇ ਬਾਗ ਦੀ ਗੈਲਰੀ ਨੰਬਰ 4 ਵਿਚ ਮਹਾਨ ਸ਼ਹੀਦ ਯੋਧਿਆਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਹੋਰ ਪੜ੍ਹੋ: ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਦੀ ਮਾਰ, ਘਰੇਲੂ ਗੈਸ ਸਿਲੰਡਰ ਦੀ ਕੀਮਤ 888.50 ਤੱਕ ਪਹੁੰਚੀ
ਇਸ ਤੋਂ ਇਲਾਵਾ ਇੱਥੇ ਬਣਾਏ ਗਏ ਅਜਾਇਬ ਘਰ ਵਿਚ ਰੋਜ਼ਾਨਾ ਹੋਣ ਵਾਲਾ ਲਾਈਟ ਐਂਡ ਸਾਊਂਡ ਸ਼ੋਅ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ 13 ਅਪ੍ਰੈਲ 1919 ਦੀਆਂ ਘਟਨਾਵਾਂ ਅਤੇ ਹੋਰ ਇਤਿਹਾਸਕ ਘਟਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਸ਼ਹੀਦਾਂ ਦੀ ਯਾਦ ਵਿਚ ਸਥਾਪਤ ਕੀਤੇ ਗਏ ਇਤਿਹਾਸਕ ਸਮਾਰਾਕ ਉੱਤੇ ਵੀ ਰਾਤ ਨੂੰ ਲਾਈਟ ਐਂਡ ਸਾਊਂਡ ਸ਼ੋਅ ਚਲਾਇਆ ਜਾ ਰਿਹਾ ਹੈ। ਇਤਿਹਾਸਕ ਦੀਵਾਰ ਜਿਸ ਉੱਤੇ ਫੌਜ ਦੀਆਂ ਗੋਲੀਆਂ ਦੇ ਨਿਸ਼ਾਨ ਹਨ, ਉਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਹੋਰ ਪੜ੍ਹੋ: ਮਰਹੂਮ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਦੀ ਵਿਗੜੀ ਸਿਹਤ
ਦੱਸਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਫੌਜ ਦੀਆਂ ਗੋਲੀਆਂ ਤੋਂ ਬਚਣ ਲਈ ਇੱਥੇ ਸਥਿਤ ਖੂਹ ਵਿਚ ਛਾਲਾਂ ਮਾਰ ਦਿੱਤੀਆਂ ਸਨ। ਇਸ ਇਤਿਹਾਸਕ ਖੂਹ ਨੂੰ ਇਕ ਪਾਰਦਰਸ਼ੀ ਢੱਕਣ ਨਾਲ ਢਕਿਆ ਗਿਆ ਹੈ। ਇਸ ਤੋਂ ਇਲਾਵਾ ਇੱਥੇ ਲੋਕਾਂ ਦੇ ਘੁੰਮਣ ਲਈ ਪਾਰਕਾਂ ਵੀ ਬਣਾਈਆਂ ਗਈਆਂ ਹਨ। ਇੱਥੇ ਪਹੁੰਚ ਰਹੇ ਲੋਕਾਂ ਦਾ ਕਹਿਣਾ ਹੈ ਕਿ ਨਵੀਨੀਕਰਨ ਤੋਂ ਬਾਅਦ ਜਲ੍ਹਿਆਂਵਾਲੇ ਬਾਗ ਵਿਚ ਕਾਫੀ ਬਦਲਾਅ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹੀਦਾਂ ਦੀ ਯਾਦਗਾਰ ਤੋਂ ਸਾਨੂੰ ਅਪਣੇ ਇਤਿਹਾਸ ਅਤੇ ਸ਼ਹੀਦਾਂ ਦੀ ਕੁਰਬਾਨੀ ਬਾਰੇ ਜਾਣਕਾਰੀ ਮਿਲਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਪੁਰਾਤਨ ਇਮਾਰਤਾਂ ਅਤੇ ਯਾਦਗਾਰਾਂ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ।