ਪੰਜਾਬ ਸਰਕਾਰ ਲਈ ਚੁਣੌਤੀ ਬਣੀ ਪੈਨਸ਼ਨ ਰਿਕਵਰੀ: 139 ਕਰੋੜ ਰੁਪਏ ਫਸੇ, 8089 ਲਾਭਪਾਤਰੀਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸੂਚਨਾ ਵਿਭਾਗ ਅਨੁਸਾਰ ਪੰਜਾਬ ਵਿਚ 70135 ਲਾਭਪਾਤਰੀ ਅਯੋਗ ਸਨ, ਜਿਨ੍ਹਾਂ ਤੋਂ ਕੁੱਲ 162.35 ਕਰੋੜ ਰੁਪਏ ਦੀ ਵਸੂਲੀ ਹੋਣੀ ਸੀ।

Pension recovery became a challenge for Punjab government

 

ਚੰਡੀਗੜ੍ਹ:  ਪੰਜਾਬ ਵਿਚ ਵਿੱਤ ਵਿਭਾਗ ਅਤੇ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰਾਲਾ 70,135 ਅਯੋਗ ਲਾਭਪਾਤਰੀਆਂ ਤੋਂ ਵਸੂਲੀ ਕਰਨ ਵਿਚ ਨਾਕਾਮ ਸਾਬਤ ਹੋ ਰਹੇ ਹਨ। ਹਾਲਾਂਕਿ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਨੂੰ 22 ਅਗਸਤ ਤੱਕ ਰਿਕਵਰੀ ਕਰਨ ਲਈ ਕਿਹਾ ਸੀ ਪਰ ਲੋਕ ਸੂਚਨਾ ਵਿਭਾਗ ਅਨੁਸਾਰ ਪੰਜਾਬ ਵਿਚ 70135 ਲਾਭਪਾਤਰੀ ਅਯੋਗ ਸਨ, ਜਿਨ੍ਹਾਂ ਤੋਂ ਕੁੱਲ 162.35 ਕਰੋੜ ਰੁਪਏ ਦੀ ਵਸੂਲੀ ਹੋਣੀ ਸੀ।। ਹੁਣ ਤੱਕ ਸਿਰਫ਼ 95 ਲੱਖ ਰੁਪਏ ਹੀ ਵਸੂਲ ਹੋਏ ਹਨ। ਜੋ ਕੁੱਲ ਵਸੂਲੀ ਦਾ 1% ਵੀ ਨਹੀਂ ਹੈ।

ਪੰਜਾਬ ਸਰਕਾਰ ਲਈ 70 ਹਜ਼ਾਰ ਅਯੋਗ ਲਾਭ ਬਿਨੈਕਾਰਾਂ ਤੋਂ ਪੈਨਸ਼ਨ ਦੇ ਪੈਸੇ ਦੀ ਵਸੂਲੀ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਯੋਗ ਪੈਨਸ਼ਨਰਾਂ ਨੂੰ ਨੋਟਿਸ ਭੇਜ ਰਹੇ ਹਨ। ਕਈ ਧਾਰਕਾਂ ਆਪਣੇ ਪਤੇ 'ਤੇ ਨਹੀਂ ਮਿਲ ਰਹੇ, ਜਦਕਿ ਕਈ ਲਾਭਪਾਤਰੀਆਂ ਦੇ ਖਾਤੇ ਵੀ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੈਸੇ ਲੈ ਰਹੇ ਪੈਨਸ਼ਨਰਾਂ ਤੋਂ ਵੀ ਰਿਕਵਰੀ ਜਾਰੀ ਹੈ।

ਪੂਰੇ ਪੰਜਾਬ 'ਚ ਇਕੱਲੇ ਫਤਿਹਗੜ੍ਹ ਸਾਹਿਬ 'ਚੋਂ 12 ਲੱਖ ਤੋਂ ਵੱਧ ਦੀ ਰਿਕਵਰੀ ਹੋਈ ਹੈ। ਡਾਇਰੈਕਟਰ ਸਮਾਜ ਭਲਾਈ ਅਰਵਿੰਦਰ ਪਾਲ ਸੰਧੂ ਅਨੁਸਾਰ ਕੁੱਲ 8089 ਮੌਤਾਂ ਹੋਈਆਂ ਹਨ। ਜੇਕਰ ਮ੍ਰਿਤਕ ਲਾਭਪਾਤਰੀਆਂ ਦੇ 21 ਕਰੋੜ ਰੁਪਏ ਛੱਡ ਦਿੱਤੇ ਜਾਣ ਤਾਂ ਵੀ 139 ਕਰੋੜ ਰੁਪਏ ਤੋਂ ਵੱਧ ਬਕਾਇਆ ਹਨ।

ਅਗਸਤ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਕੁੱਲ 8089 ਅਯੋਗ ਲਾਭਪਾਤਰੀਆਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ 950 ਲਾਭਪਾਤਰੀਆਂ ਦੀ ਮੌਤ ਬਠਿੰਡਾ ਵਿਚ ਹੋਈ ਹੈ। ਵਿਭਾਗ ਨੇ ਸੂਬੇ ਵਿਚ ਅਜਿਹੇ ਲਾਭਪਾਤਰੀਆਂ ਤੋਂ 21 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕਰਨੀ ਹੈ ਪਰ ਮੌਤਾਂ ਤੋਂ ਬਾਅਦ ਵਿਭਾਗ ਇਸ ਦੀ ਰਿਕਵਰੀ ਕਿਵੇਂ ਕਰੇਗਾ, ਇਸ ਬਾਰੇ ਕੋਈ ਖਾਕਾ ਤਿਆਰ ਨਹੀਂ ਕੀਤਾ ਗਿਆ ਹੈ। ਵਿਭਾਗ ਵੱਲੋਂ ਆਡਿਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।