ਇਤਿਹਾਸ ਨੂੰ ਕਿਸੇ ਵੀ ਪੱਧਰ ਅਤੇ ਕਿਸੇ ਵਲੋਂ ਵੀ ਤਰੋੜ ਮਰੋੜ ਕੇ ਪੇਸ਼ ਕਰਨ ਦੇ ਸਖ਼ਤ ਖਿਲਾਫ : ਬਾਜਵਾ
ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਪਸ਼ਟ ਕੀਤਾ ਹੈ...
ਚੰਡੀਗੜ੍ਹ (ਸ.ਸ.ਸ) : ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਪਸ਼ਟ ਕੀਤਾ ਹੈ ਕਿ ਉਹ ਇਤਿਹਾਸ ਨੂੰ ਕਿਸੇ ਵੀ ਪੱਧਰ ਅਤੇ ਕਿਸੇ ਵਲੋਂ ਵੀ ਤਰੋੜ ਮਰੋੜ ਕੇ ਪੇਸ਼ ਕਰਨ ਦੇ ਸਖ਼ਤ ਖਿਲਾਫ ਹਨ।ਇਸ ਦੇ ਨਾਲ ਹੀ ਉਨ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਤੋਂ ਮੰਗ ਕੀਤੀ ਹੈ ਕਿ ਉਹ ਖੁਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੀਆਂ ਗਈਆਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਵਿਚ ਤੱਥਾਂ ਨੂੰ ਤਰੋੜਨ ਮਰੋੜਨ ਲਈ ਜ਼ਿਮੇਂਵਾਰ ਵਿਅਕਤੀਆਂ ਖਿਲਾਫ ਕਾਰਵਾਈ ਕਰਨ। ਸ਼੍ਰੀ ਬਾਜਵਾ ਨੇ ਕਿਹਾ ਕਿ ਇਉਂ ਜਾਪਦਾ ਹੈ ਕਿ ਸੁਖਬੀਰ ਬਾਦਲ ਅਤੇ ਲੌਂਗੋਵਾਲ ਤਾਂ ਸਮਕਾਲੀ ਇਤਿਹਾਸ ਤੋਂ ਵੀ ਬਿਲਕੁਲ ਹੀ ਅਣਜਾਣ ਹਨ, ਨਹੀਂ ਤਾਂ ਉਨ੍ਹਾਂ ਨੇ ਪਹਿਲਾਂ ਤੋਂ ਹੀ 12ਵੀਂ ਜਮਾਤ ਦੀ ਵਾਪਸ ਲਈ ਹੋਈ ਇਤਿਹਾਸ ਦੀ ਕਿਤਾਬ ਵਿਚ ਇਤਿਹਿਾਸਕ ਤੱਥਾਂ ਨੂੰ ਤਰੋੜਨ ਮਰੋੜਨ ਦੇ ਮਾਮਲੇ ਨੂੰ ਲੈ ਕੇ ਰਾਜਨੀਤਕ ਮੁੱਦਾ ਬਣਾਉਣ ਦੀ ਕੋਸਿਸ਼ ਨਾ ਕੀਤੀ ਹੁੰਦੀ।ਅਕਾਲੀ ਦਲ ਦੇ ਪ੍ਰਧਾਨ ਵਜੋਂ ਕੰਮ ਕਰਨ ਦੀ ਆਪਣੀ ਸ਼ੈਲੀ ਅਨੁਸਾਰ ਸੁਖਬੀਰ ਬਾਦਲ ਨੂੰ ਇਤਿਹਾਸ ਨਾਲ ਵੀ ਕੋਈ ਲਗਾਅ ਨਹੀਂ ਜਾਪਦਾ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਇਤਿਹਾਸ ਵਿਚ ਅਜਿਹੇ ਤਰੋੜ ਮਰੋੜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ ਵਿਚ ਵੀ ਪਾਏ ਗਏ ਸਨ, ਜੋ ਵਾਪਸ ਲੈ ਲਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸ਼ਾਇਦ ਉਨ੍ਹਾਂ ਦੇ ਆਲੇ ਦੁਆਲੇ ਦੇ ਲੋਕਾਂ ਵਲੋਂ ਜਾਣ ਬੁੱਝ ਕੇ ਉਸ ਨੂੰ ਇਸ ਬਾਰੇ ਨਾ ਦੱਸਿਆ ਜਾ ਰਿਹਾ ਹੋਵੇ ਤਾਂ ਜੋ ਉਹ ਅਗਿਆਨਤਾ ਵਿਚ ਰਹਿ ਕੇ ਹੀ ਇਸ ਬਾਰੇ ਖੁਸ਼ ਹੋਈ ਜਾਣ। ਸ. ਬਾਜਵਾ ਨੇ ਸਵਾਲ ਕੀਤਾ ਕਿ ਸ੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਵਲੋਂ ਹਿੰਦੀ ਵਿਚ ਪ੍ਰਕਾਸ਼ਤ ਕੀਤੀ ਸਿੱਖ ਇਤਿਹਾਸ ਦੀ ਪੁਸਤਕ, ਜੋ ਸਾਲ 2007 ਵਿਚ ਵਿਰੋਧ ਪ੍ਰਦਰਸ਼ਨਾ ਤੋਂ ਬਾਅਦ ਵਾਪਸ ਲਈ ਗਈ ਸੀ ਦੇ ਸਬੰਧ ਵਿਚ ਪ੍ਰਕਾਸ਼ਕਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ? ਪੇਂਡੂ ਵਿਕਾਸ ਮੰਤਰੀ ਨੇ ਕਿਹਾ ਕਿ ਸ਼ਾਇਦ ਸੁਖਬੀਰ ਸਿੰਘ ਅਤੇ ਗੋਬਿੰਦ ਸਿੰਘ ਲੌਂਗੋਵਾਲ ਭੁੱਲਣ ਦੀ ਬਿਮਾਰੀ ਤੋਂ ਪੀੜਤ ਹਨ, ਇਸ ਲਈ ਉਨ੍ਹਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਇਹ ਕਿਤਾਬ ‘ਸਿੱਖ ਇਤਿਹਾਸ’ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ਕੀਤੀ ਗਈ ਸੀ।ਸਤੰਬਰ 2007 ਵਿਚ ਪਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਇਹ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਖਿਲਾਫ ਮੁਜ਼ਾਹਰੇ ਹੋਏ ਸਨ।ਉਸ ਸਮੇਂ ਅਖਬਾਰਾਂ ਦੀਆਂ ਰਿਪੋਰਟਾਂ ਵਿਚ ਆਇਆ ਸੀ ਕਿ ਕਿਤਾਬ ਵਿਚ ਸਿੱਖਾਂ ਦੇ 9ਵੇਂ ਗੁਰੂ ਗੂਰੁ ਤੇਗ ਬਹਾਦਾਰ ਨੂੰ ‘ਚੋਰ’, 6ਵੇਂ ਗੁਰੂ ਨੂੰ ‘ਅਗਵਾਕਾਰ’ ਅਤੇ 10ਵੇਂ ਗੁਰੁ ਸਾਹਿਬ ਨੂੰ ‘ਡਰਪੋਕ’ ਕਿਹਾ ਗਿਆ ਸੀ। ਉਦੋਂ ਇਹ ਇਤਰਾਜ ਸਾਬਕਾ ਲੋਕ ਸਭਾ ਮੈਭਰ ਅਤਿੰਦਰਪਾਲ ਸਿੰਘ ਵਲੋਂ ਉਠਾਏ ਗਏ ਸਨ ਅਤੇ ਇਸ ਕਿਤਾਬ ਦੀ ਵੰਡ ਰੋਕਣੀ ਪਈ ਸੀ। ਉਨ੍ਹਾਂ ਕਿਹਾ ਕਿ ਮੋਜੂਦਾ ਵਿਵਾਦ ਦੇ ਚਲਦਿਆਂ ਇਹ ਵੀ ਦੱਸਣਾ ਜਰੂਰੀ ਹੈ ਕਿ ਉਸ ਵਕਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਿਹਾਸ ਦੀਆਂ ਕਿਤਾਬਾਂ ਦੀ ਮੁੜ ਤੋਂ ਸਮੀਖਿਆ ਕਰਨ ਲਈ ਜਿਹੜੀ ਕਮੇਟੀ ਦਾ ਗਠਨ ਕੀਤਾ ਸੀ ਉਸ ਵਿਚ ਵੀ ਡਾ. ਕ੍ਰਿਪਾਲ ਸਿੰਘ ਸ਼ਾਮਲ ਸਨ।ਉਹਨਾਂ ਤੋਂ ਬਿਨਾਂ ਇਸ ਕਮੇਟੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਜੋਗਿੰਦਰ ਸਿੰਘ, ਪ੍ਰੋ. ਬਲਵਿੰਦਰ ਸਿੰਘ, ਡਾ. ਬਲਵੰਤ ਸਿੰਘ ਢਿੱਲੋਂ, ਡਾ. ਖੜਕ ਸਿੰਘ ਅਤੇ ਡਾ. ਜਸਬੀਰ ਸਿੰਘ ਸਾਬਰ ਵੀ ਸ਼ਾਮਲ ਸਨ। ਸ. ਬਾਜਵਾ ਨੇ ਅੱਗੇ ਕਿਹਾ ਕਿ ਇਹ ਉਹੀ ਡਾ. ਕ੍ਰਿਪਾਲ ਸਿੰਘ ਹਨ, ਜੋ 12ਵੀਂ ਜਮਾਤ ਦੀ ਕਿਤਾਬ ਤਿਆਰ ਕਰ ਰਹੀ ਕਮੇਟੀ ਦੇ ਮੁੱਖੀ ਹਨ, ਜੋ ਹੁਣ ਵਾਪਸ ਲਈ ਗਈ ਹੈ। ਉਨ੍ਹਾਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦੰਤੀ ਦੁਆਰਾ ਸੰਪਾਦਤ ‘ਗੁਰਵਿਲਾਸ ਪਾਤਸ਼ਾਹੀ ਛੇਵੀਂ’ ਦਾ ਵੀ ਜਿਕਰ ਕੀਤਾ, ਜੋ ਤਰੋੜ ਮਰੋੜ ਕਰਨ ਕਾਰਨ ਵੱਡੇ ਪੱਧਰ ‘ਤੇ ਹੋਈ ਨਿੰਦਿਆ ਕਾਰਨ ਵਾਪਸ ਲਈ ਗਈ ਸੀ। ਉਨ੍ਹਾਂ ਸੁਖਬੀਰ ਨੂੰ ਕਿਹਾ ਕਿ ਉਹ ਹੁਣ ਦੋਹਰੇ ਮਾਪਦੰਦ ਕਿਉਂ ਅਪਣਾ ਰਹੇ ਹਨ।ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਉਦੋਂ ਸੰਪਾਦਕਾਂ ਖਿਲਾਫ ਕੋਈ ਕਾਰਵਾਈ ਕੀਤੀ ਗਈ ਸੀ, ਕੀ ਉਨ੍ਹਾਂ ਨੇ ਇਹ ਮਾਮਲਾ ਖੁਦ ਉਠਾਇਆ ਹੈ ਜਾਂ ਬਾਦਲ ਜੋ ਅਕਾਲੀ ਦਲ ਦੇ ਮੁੱਖੀ ਹਨ ਨੂੰ ਇਹ ਮਾਮਲਾ ਕਿਸੇ ਨੇ ਰੈਫਰ ਕੀਤਾ ਹੈ। ਬਾਜਵਾ ਨੇ ਇਹ ਮੁੜ ਦੁਹਰਾਇਆ ਹੈ ਕਿ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਦੋਲਨ ਸ. ਸੂਖਬੀਰ ਸਿੰਘ ਬਾਦਲ ਵਲੋਂ ਰਚੀ ਸਾਜਿਸ ਦੇ ਤਹਿਤ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਲਈ ਤਿਆਰ ਕੀਤਾ ਗਿਆ ਹੈ।