ਗੁਰਦਵਾਰਿਆਂ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਸਨ ਸਿੱਖ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਪਣੇ ਵਾਅਦੇ ਨਿਭਾਉਣਗੇ........

Pratap Singh Bajwa

ਗੁਰਦਾਸਪੁਰ : ਗੁਰਦਾਸਪੁਰ ਨਾਲ ਸਬੰਧਤ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਖ਼ਾਸ ਮੁਲਾਕਾਤ ਦੌਰਾਨ ਕਿਹਾ ਕਿ ਦੇਸ਼ ਤੇ ਵਿਦੇਸ਼ ਵਿਚ ਬੈਠੇ ਸਾਰੇ ਪੰਜਾਬੀ ਤੇ ਸਿੱਖ 1920 ਵਾਲੀ ਗੁਰਦਵਾਰਾ ਸੁਧਾਰ ਲਹਿਰ ਵਾਂਗ ਹੀ ਗੁਰਦਵਾਰਿਆਂ ਨੂੰ ਮਸੰਦਾਂ ਤੋਂ ਛੁਡਾਉਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਤਾਂ ਸ਼੍ਰੋਮਣੀ ਕਮੇਟੀ ਦਾ ਜਲੂਸ ਹੀ ਕੱਢ ਦਿਤਾ ਹੈ ਕਿਉਂਕਿ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਜਾਂਦੇ ਕਰੀਬ 200 ਸ਼੍ਰੋਮਣੀ ਕਮੇਟੀ ਮੈਂਬਰ ਦਰਬਾਰ ਸਾਹਿਬ ਦੇ ਇਕ ਹਾਲ ਵਿਚ ਬੰਧੂਆ ਮਜ਼ਦੂਰਾਂ ਵਾਂਗ ਬੈਠੇ ਹੁੰਦੇ ਹਨ ਕਿਉਂਕਿ ਉਨ੍ਹਾਂ ਵਿਚ ਤਾਂ ਏਨੀ ਵੀ ਜਾਨ ਨਹੀਂ ਹੁੰਦੀ

ਕਿ ਉਹ ਅਪਣਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਪਣੀ ਸਾਂਝੀ ਮਰਜ਼ੀ ਜਾਂ ਇੱਛਾ ਨਾਲ ਚੁਣ ਸਕਣ। ਸਵਾਲ ਦੇ ਜਵਾਬ ਵਿਚ ਬਾਜਵਾ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰਤ ਕਰਵਾਈਆਂ ਜਾਣ ਕਿਉਂਕਿ ਪਹਿਲਾਂ ਇਹ ਚੋਣਾਂ 2011 ਵਿਚ ਹੋਈਆਂ ਸਨ। ਫਿਰ 2016 ਵਿਚ ਨਹੀਂ ਹੋਈਆਂ ਅਤੇ ਇਸ ਲਈ ਹੁਣ ਇਹ ਚੋਣਾਂ ਕਰਵਾਈਆਂ ਜਾਣ ਕਿਉਂਕਿ ਪੰਜਾਬੀ ਅਤੇ ਸਿੱਖ  1920 ਵਾਂਗ ਗੁਰਦੁਆਰਿਆਂ 'ਤੇ ਕਾਬਜ਼ ਮਸੰਦਾਂ ਨੂੰ ਬਾਹਰ ਦਾ ਰਸਤਾ ਵਿਖਾਉਣਾ ਚਾਹੁੰਦੇ ਹਨ।

ਦੇਸ਼ ਅਤੇ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਤੇ ਸਿੱਖ ਵੀ ਬਾਦਲ ਧਿਰ ਦੇ ਕਬਜ਼ੇ ਵਿਚੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹਨ। ਬਾਜਵਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਬਠਿੰਡਾ ਵਿਖੇ ਵੱਡੇ ਇਕੱਠ ਦੌਰਾਨ ਪੰਜਾਬ ਦੀ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਕੀਤੀ ਸੀ ਤਾਂ ਸੰਬੋਧਨ ਕਰਦਿਆਂ ਕਿਹਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਬਾਅਦ ਪਿਛਲੇ ਦਸ ਸਾਲ ਪੰਜਾਬ ਨੂੰ ਭਾਰੀ ਕੁਰੱਪਸ਼ਨ ਕਰ ਕੇ ਲੁੱਟਣ ਵਾਲੇ ਅਕਾਲੀ ਭਾਜਪਾ ਮੰਤਰੀਆਂ ਨੂੰ ਕਟਹਿਰੇ ਵਿਚ ਖੜਾ ਕਰ ਕੇ ਸਖ਼ਤ ਸਜ਼ਾਵਾਂ  ਦਿਵਾਈਆਂ ਜਾਣਗੀਆਂ। 

ਬਾਜਵਾ ਨੇ ਕਿਹਾ, 'ਪਹਿਲੇ ਵਿਧਾਨ  ਸਭਾ ਸੈਸ਼ਨ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਾਂਗਰਸ ਸਰਕਾਰ ਪਿਛਲੇ 10 ਸਾਲਾਂ ਦੌਰਾਨ ਸਾਰੇ ਵਿਭਾਗਾਂ ਵਿਚ ਹੋਏ ਘੁਟਾਲੇ ਜਗ-ਜ਼ਾਹਰ ਕਰਨ ਲਈ ਵਾਈਟ ਪੇਪਰ ਜਾਰੀ ਕਰੇਗੀ ਪਰ ਡੇਢ ਸਾਲਾਂ ਤਕ ਇਸ ਸਬੰਧ ਵਿਚ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅਸੀਂ ਵੀ ਲੋਕਾਂ ਵਿਚ ਅਪਣਾ ਵਿਸ਼ਵਾਸ ਗਵਾ ਸਕਦੇ ਹਾਂ।' ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੀਤੇ ਵਾਅਦੇ ਨਿਭਾਉਣਗੇ।