ਕੈਪਟਨ 'ਤੇ ਵਰ੍ਹੇ ਨਵਜੋਤ ਕੌਰ ਸਿੱਧੂ, ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਚੋਣ ਲੜਨ ਲਈ ਕੀਤਾ ਚੈਲੰਜ
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਮਨੋਂ ਲੱਥ ਗਏ ਸਨ ਜਿਸ ਕਰਕੇ ਉਨ੍ਹਾਂ ਨੂੰ ਬਦਲਣਾ ਜ਼ਰੂਰੀ ਹੋ ਗਿਆ ਸੀ।
ਅੰਮ੍ਰਿਤਸਰ (ਸਰਵਣ ਸਿੰਘ ਰੰਧਾਵਾ): ਨਵਜੋਤ ਕੌਰ ਸਿੱਧੂ ਨੇ ਇਕ ਵਾਰੀ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਨੂੰ ਨਵਜੋਤ ਸਿੰਘ ਸਿੱਧੂ ਖਿਲਾਫ਼ ਚੋਣ ਲੜਨ ਲਈ ਚੁਣੌਤੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ ਤੱਕ ਸਿਰਫ਼ ਅਰੂਸਾ ਮੈਡਮ ਦੇ ਨਾਲ ਪਾਰਟੀਆਂ ਹੀ ਕੀਤੀਆਂ ਹਨ, ਉਹ ਆਪਣੇ ਮਹਿਲ ’ਚੋਂ ਬਾਹਰ ਵੀ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਮਨੋਂ ਲੱਥ ਗਏ ਸਨ ਜਿਸ ਕਰਕੇ ਉਨ੍ਹਾਂ ਨੂੰ ਬਦਲਣਾ ਜ਼ਰੂਰੀ ਹੋ ਗਿਆ ਸੀ।
ਹੋਰ ਪੜ੍ਹੋ: ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਮਨਜੀਤ ਸਿੰਘ ਦਾ ਅੰਤਿਮ ਸਸਕਾਰ, ਭੁੱਬਾਂ ਮਾਰ-ਮਾਰ ਰੋਈ ਮਾਂ
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਿਹੜਾ ਚੰਗਾ ਹੈ ਉਹੀ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਹੱਕਦਾਰ ਹੈ ਬਾਕੀ ਕਿਸੇ ਵੀ ਚੋਰ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਅੱਜ ਤੱਕ ਪੰਜਾਬ ਨੂੰ ਜਿੰਨੇ ਵੀ ਮੁੱਖ ਮੰਤਰੀ ਮਿਲੇ, ਤਕਰੀਬਨ ਚੋਰ ਹੀ ਮਿਲੇ। ਨਵਜੋਤ ਸਿੰਘ ਸਿੱਧੂ ਖਿਲਾਫ਼ ਚੋਣ ਲੜਨ ਸਬੰਧੀ ਕੈਪਟਨ ਵਲੋਂ ਦਿੱਤੇ ਬਿਆਨ ’ਤੇ ਜਵਾਬ ਦਿੰਦਿਆਂ ਬੀਬੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਕੈਪਟਨ ਨੂੰ ਖੁੱਲ੍ਹਾ ਚੈਲੇਂਜ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਖਿਲਾਫ਼ ਚੋਣ ਲੜਨ।
ਹੋਰ ਪੜ੍ਹੋ: ਗੁਰਮਤਿ ਸਮਾਗਮ 'ਚ CM Yogi ਸਾਹਮਣੇ ਬਾਬਾ ਬੰਤਾ ਸਿੰਘ ਨੇ ਕੀਤੀ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ
ਉਨ੍ਹਾਂ ਕਿਹਾ ਕਿ ਕੈਪਟਨ ਨੂੰ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਉਹ ਖੁਦ ਕਰ ਦੇਣਗੇ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਦੇ ਵਿਰੋਧੀਆਂ ਕੋਲ ਉਨ੍ਹਾਂ ਨੂੰ ਕਹਿਣ ਲਈ ਕੁਝ ਵੀ ਨਹੀਂ ਕਿਉਂਕਿ ਉਨ੍ਹਾਂ ਦੀ ਸਰਕਾਰ ਬਿਜਲੀ ਦੀ ਰਫ਼ਤਾਰ ਨਾਲ ਕੰਮ ਕਰ ਰਹੀ ਹੈ। ਮੈਡਮ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੰਮ ਕਰ ਰਹੀ ਹੈ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪੰਜਾਬ ਰੋਡਵੇਜ਼ ਤੋਂ ਰੋਜ਼ਾਨਾ ਇਕ ਕਰੋੜ ਦੀ ਕਮਾਈ ਕਰਨ ਦਾ ਦਾਅਵਾ ਕੀਤਾ ਹੈ, ਇਹ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ।
ਹੋਰ ਪੜ੍ਹੋ: ਲਾਲੂ ਯਾਦਵ ਦਾ ਬਿਆਨ, ‘2-4 ਸਾਲ ਬਾਅਦ ਦਿਖੇਗਾ ਕਾਲੇ ਖੇਤੀ ਕਾਨੂੰਨਾਂ ਦਾ ਅਸਰ’
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ਵਿਚ ਸਨ ਤਾਂ ਵਿਰੋਧੀਆਂ ਨੂੰ ਪਤਾ ਸੀ ਕਿ ਇਨ੍ਹਾਂ ਕੋਈ ਕੰਮ ਨਹੀਂ ਕੀਤਾ ਹੈ ਅਤੇ ਉਹ ਘਰ ਬੈਠੇ ਹੀ ਇਸ ਵਾਰ ਪੰਜਾਬ ਦੀਆਂ ਚੋਣਾਂ ਜਿੱਤ ਜਾਣਗੇ ਪਰ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਤਾਂ ਪੰਜਾਬ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਆ ਗਈ ਜਿਸ ਨੂੰ ਵੇਖ ਕੇ ਹੁਣ ਵਿਰੋਧੀ ਧਿਰਾਂ ਦੀ ਨੀਂਦ ਉੱਡੀ ਹੋਈ ਹੈ ਕਿ ਆਖ਼ਰ ਉਹ ਚੋਣ ਕਿਸ ਮੁੱਦੇ ’ਤੇ ਚੋਣ ਲੜਨਗੇ।