ਕਿਸਾਨ ਨਹੀਂ,ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਗਏ ਹਨ ਗੁੰਮਰਾਹ-ਭਗਵੰਤ ਮਾਨ
ਵਾਪਸ ਨਾ ਲਏ ਤਾਂ ਇਤਿਹਾਸਕ ਗਲਤੀ ਸਾਬਤ ਹੋਣਗੇ ਕਾਲੇ ਕਾਨੂੰਨ- 'ਆਪ'
ਚੰਡੀਗੜ੍ਹ :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਕਿਸੇ ਹੱਥੋਂ ਗੁੰਮਰਾਹ ਨਹੀਂ ਹੋ ਰਹੇ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਗੁੰਮਰਾਹ ਹੋ ਗਏ ਹਨ ਅਤੇ ਅੰਬਾਨੀ-ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਲਈ ਅੰਨਦਾਤਾ ਨੂੰ ਬਲੀ ਚੜ੍ਹਾ ਰਹੇ ਹਨ। ਜਿਸ ਕਰਕੇ ਆਪਣੀ ਹੋਂਦ ਬਚਾਉਣ ਲਈ ਪੰਜਾਬ ਸਮੇਤ ਦੇਸ਼ ਦਾ ਅੰਨਦਾਤਾ ਆਪਣੇ ਘਰਾਂ-ਖੇਤਾਂ ਤੋਂ ਸੈਂਕੜੇ ਮੀਲ ਦੂਰ ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦੀ ਸੜਕਾਂ 'ਤੇ ਬੈਠਣ ਲਈ ਮਜਬੂਰ ਹਨ।
ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਤੋਂ ਬੁਰੀ ਤਰ੍ਹਾਂ ਬੁਖਲਾਹਟ 'ਚ ਗਈ ਹੈ ਅਤੇ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਬਦਲੇ ਦੀ ਭਾਵਨਾ ਨਾਲ ਭਰੇ ਫੈਸਲੇ ਲੈ ਰਹੀ ਹੈ। ਚਲਦੇ ਸੀਜਨ ਦੌਰਾਨ ਨਰਮੇ ਦੀ ਐਮ.ਐਸ.ਪੀ 'ਚ 'ਕਵਾਲਿਟੀ ਕੱਟ' ਦੇ ਨਾਮ 'ਤੇ ਕੀਤੀ ਕਟੌਤੀ ਅਤੇ ਪਰਾਲੀ ਦੀ ਸਮੱਸਿਆ ਦਾ ਸਥਾਈ ਹੱਲ ਦੇਣ ਦੀ ਥਾਂ ਭਾਰੀ ਭਰਕਮ ਜੁਰਮਾਨੇ ਅਤੇ 5 ਸਾਲ ਦੀ ਸਜਾ ਬਾਰੇ ਜਾਰੀ ਕੀਤਾ ਆਰਡੀਨੈਂਸ ਇਸਦੀਆਂ ਪ੍ਰਤੱਖ ਮਿਸਾਲਾਂ ਹਨ।