ਪੰਜਾਬੀਆਂ ਦੀ ਸ਼ਾਨ ਵੱਖਰੀ...! ਪੰਜਾਬੀ ਕਿਸਾਨਾਂ ਨੇ ਦਿੱਲੀ ਵਿਚ ਰਾਤੋਂ ਰਾਤ ਵਸਾਇਆ ‘ਨਵਾਂ ਪੰਜਾਬ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੁਨਿਆਦੀ ਸਹੂਲਤਾਂ ਨਾਲ ਲਿਬਰੇਜ ਹੈ ਪੰਜਾਬੀ ਕਿਸਾਨਾਂ ਅਤੇ ਖ਼ਾਲਸਾ ਏਡ ਵਲੋਂ ਵਸਾਇਆ ‘ਨਵਾਂ ਸ਼ਹਿਰ’

New Punjabi City

ਨਵੀਂ ਦਿੱਲੀ : ਪੰਜਾਬੀ ਆਪਣੀ ਨਿਵੇਕਲੀ ਪਛਾਣ ਅਤੇ ਵਿਲੱਖਣ ਸਭਿਆਚਾਰ ਕਾਰਨ ਜਾਣੇ ਜਾਂਦੇ ਹਨ। ਪੰਜਾਬੀ ਜਿੱਥੇ ਵੀ ਜਾਂਦੇ ਹਨ, ਬਾਬੇ ਨਾਨਕ ਦਾ ਫ਼ਲਸਫ਼ਾ, ਭਾਈਚਾਰਕ ਸਾਂਝ ਅਤੇ ਸਭਿਆਚਾਰ ਨਾਲ ਲੈ ਕੇ ਜਾਂਦੇ ਹਨ। ਅੱਜ ਦੁਨੀਆਂ ਦਾ ਕੋਈ ਵੀ ਕੋਨਾ ਨਹੀਂ ਜਿੱਥੇ ਪੰਜਾਬੀਆਂ ਨੇ ਅਪਣੀ ਵਿਲੱਖਣਤਾ ਦਾ ਅਹਿਸਾਸ ਨਾ ਕਰਵਾਇਆ ਹੋਵੇ। ਦਿੱਲੀ ਦੇ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ’ਤੇ ਵੀ ਪੰਜਾਬੀਆਂ ਨੇ ਅਪਣੀ ਵਿਲੱਖਣਤਾ ਦੇ ਝੰਡੇ ਗੱਡੇ ਹਨ। 

ਪੰਜਾਬੀ ਕਿਸਾਨਾਂ ਨੇ ਦਿੱਲੀ ਦੇ ਬਾਰਡਰ ’ਤੇ ਰਾਤੋ ਰਾਤ ਇਕ ਪੂਰਾ ਸ਼ਹਿਰ ਵਸਾ ਦਿਤਾ ਹੈ ਜਿੱਥੇ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੌਜੂਦ ਹਨ। ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਦੀ ਅਗਵਾਈ ਹੇਠ ਸਪੋਕਸਮੈਨ ਟੀਵੀ ਦੀ ਪੂਰੀ ਟੀਮ ਨੇ ਇਸ ‘ਪੰਜਾਬੀ ਸ਼ਹਿਰ’ ਦਾ ਦੌਰਾ ਕੀਤਾ। ਇੱਥੇ ਕਿਸਾਨਾਂ ਵਲੋਂ ਖਾਣ-ਪੀਣ, ਰਹਿਣ-ਸਹਿਣ ਅਤੇ ਮਨੋਰੰਜਨ ਦੇ ਕੀਤੇ ਗਏ ਬਾਕਮਾਲ ਪ੍ਰਬੰਧ ਸਭ ਦੀ ਧਿਆਨ ਖਿੱਚ ਰਹੇ ਹਨ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਦਿੱਲੀ ਦੀਆਂ ਸਰਹੱਦਾਂ ਖ਼ਾਲਸਾਈ ਰੰਗ ਵਿਚ ਰੰਗੀਆਂ ਗਈਆਂ। ਇੰਨਾ ਹੀ ਨਹੀਂ, ਰਾਤ ਨੂੰ ਇੱਥੋਂ ਦਾ ਨਜ਼ਾਰਾ ਹੋਰ ਵੀ ਦਿਲਕਸ਼ ਬਣਿਆ ਵਿਖਾਈ ਦਿਤਾ। 

ਕੁੰਡਲੀ ਬਾਰਡਰ ਵਿਖੇ ਖ਼ਾਲਸਾ ਏਡ ਵਲੋਂ ਖਾਣ-ਪੀਣ ਅਤੇ ਦਵਾਈਆਂ ਸਮੇਤ ਹੋਰ ਜ਼ਰੂਰਤਾਂ ਦੀ ਪੂਰਤੀ ਲਈ ਵੱਡੇ ਸਟਾਲ ਬਣਾਏ ਗਏ ਹਨ। ਇੱਥੇ ਜ਼ਰੂਰਤ ਦੀ ਹਰ ਚੀਜ਼ ਮੌਜੂਦ ਹਨ। ਇੱਥੇ ਫਲ-ਫਰੂਟ ਅਤੇ ਦਵਾਈਆਂ ਦੀ ਵੀ ਖ਼ਾਸ ਪ੍ਰਬੰਧ ਹੈ। ਇੱਥੇ ਪਹੁੰਚੇ ਖ਼ਾਲਸਾ ਏਡ ਦੇ ਅਮਨਪ੍ਰੀਤ ਸਿੰਘ ਨੇ ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਵਲੋਂ ਕੀਤੇ ਗਏ ਪ੍ਰਬੰਧ ਵਾਕਈ ਬਾਕਮਾਲ ਹਨ। ਇੱਥੇ ਮਾਹੌਲ ਬੜੀ ਚੜ੍ਹਦੀ ਕਲਾਂ ਅਤੇ ਜੋਸ਼ੋ ਖਰੋਸ਼ ਵਾਲਾ ਹੈ। ਇੱਥੇ ਜੋਸ਼ ਦੇ ਨਾਲ ਨਾਲ ਹੋਸ਼ ਦੀ ਵੀ ਕੋਈ ਕਮੀ ਨਹੀਂ ਹੈ। ਕਿਸਾਨਾਂ ਵਲੋਂ ਸਾਰੇ ਕੰਮ ਬੜੀ ਪਲਾਨਿੰਗ ਨਾਲ ਕੀਤੇ ਜਾ ਰਹੇ ਹਨ। 

ਕਿਸਾਨਾਂ ਨੂੰ ਪਲਾਨਿੰਗ ਦੇ ਮਾਮਲੇ ਵਿਚ 10 ਵਿਚੋਂ 10 ਨੰਬਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਕਿਸਾਨਾਂ ਦੀ ਯੋਜਨਾਬੰਦੀ ਬਹੁਤ ਵਧੀਆ ਹੈ। ਕਿਸਾਨ ਅਪਣੇ ਨਾਲ ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਮਨੋਰੰਜਨ ਲਈ ਗਾਣਿਆਂ ਦੀਆਂ ਸੀਡੀਆਂ ਤੋਂ ਇਲਾਵਾ ਢੋਲ ਆਦਿ ਵੀ ਲੈ ਕੇ ਆਏ ਹਨ। ਸਰਕਾਰ ਦੀ ਮਨਸ਼ਾ ਨੂੰ ਭਾਂਪਦਿਆਂ ਕਿਸਾਨਾਂ ਨੇ ਔਖੇ ਵੇਲਿਆਂ ਨਾਲ ਨਿਪਟਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਹਨ। ਖ਼ਾਸ ਗੱਲ ਇਹ ਕਿ ਠੰਢ ਦੇ ਮੌਸਮ ਅਤੇ ਲੰਮੇ ਪੈਂਡਿਆਂ ਤੋਂ ਆਉਣ ਦੇ ਬਾਵਜੂਦ ਵੀ ਕਿਸਾਨ ਪੂਰੀ ਤਰ੍ਹਾਂ ਚੜ੍ਹਦੀ ਕਲਾਂ ਵਿਚ ਹਨ। 

ਸ਼ਹਿਰੀ ਰੂਪੀ ਇਸ ਸੰਘਰਸ਼ੀ ਸਥਾਨ ਦਾ ਦੌਰਾ ਕਰਦਿਆਂ ਇੱਥੇ ਗੁਰਪੁਰਬ ਵਾਲੀ ਰਾਤ ਨੂੰ ਕਿਸਾਨਾਂ ਵਲੋਂ ਜਗਾਈਆਂ ਗਈਆਂ ਮੋਮਬੱਤੀਆਂ ਅਤੇ ਲਾਈਆਂ ਗਈਆਂ ਸਜਾਵਟੀ ਲੜੀਆਂ ਇਕ ਅਲੱਗ ਹੀ ਦਿ੍ਰਸ਼ ਪੇਸ਼ ਕਰ ਰਹੀਆਂ ਸਨ। ਗਰੁੱਪਾਂ ਵਿਚ ਬੈਠੇ ਕਿਸਾਨ ਚੜ੍ਹਦੀ ਕਲਾਂ ਦੇ ਰੌਂਅ ਵਿਚ ਗੱਲਬਾਤਾਂ ਕਰ ਰਹੇ ਸਨ। ਕਿਸਾਨਾਂ ਦੀਆਂ ਟਰਾਲੀਆਂ ਚੰਗੇ ਕਮਰਿਆਂ ਦਾ ਭੁਲੇਖਾ ਦੇ ਰਹੀਆਂ ਹਨ ਜਿੱਥੇ ਲਾਇਟ ਤੋਂ ਇਲਾਵਾ ਗੱਦੇ ਅਤੇ ਗਰਮ ਬਿਸਤਰੇ ਮੌਜੂਦ ਹਨ। 

ਇੱਥੇ ਗੁਰਪੁਰਬ ਮੌਕੇ ਪਾਠ ਅਤੇ ਵਾਹਿਗੁਰੂ ਜਾਪ ਦਾ ਪ੍ਰਵਾਹ ਨਿਰੰਤਰ ਚੱਲ ਰਿਹਾ ਸੀ। ਕਿਸਾਨਾਂ ਮੁਤਾਬਕ ਉਹ ਹਰ ਰੋਜ਼ ਇਸੇ ਤਰ੍ਹਾਂ ਚੱਲਦਾ ਹੈ। ਕਿਸਾਨਾਂ ਮੁਤਾਬਕ ਉਹ ਬਾਬੇ ਨਾਨਕ ਦੇ ਉਪਦੇਸ਼ਾਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੰਕੋ ਮੁਤਾਬਕ ਇੱਥੇ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਰਨਾ ਸਾਨੂੰ ਬਾਬੇ ਨਾਨਕ ਨੇ ਸਿਖਾਇਆ ਸੀ ਅਤੇ ਅੱਜ ਅਸੀਂ ਉਸੇ ਖੇਤੀ ਨੂੰ ਬਚਾਉਣ ਲਈ ਅਸੀਂ ਇੱਥੇ ਧਰਨੇ ਲਾਈ ਬੈਠੇ ਹਾਂ। ਕਿਸਾਨਾਂ ਨੇ ਕਿਹਾ ਕਿ ਬਾਬੇ ਨਾਨਕ ਦੇ ਫ਼ਲਸਫੇ ਮੁਤਾਬਕ ਖੇਤੀ ਪੂਰੀ ਲੋਕਾਈ ਦੀ ਹੈ ਜਦਕਿ ਮੌਜੂਦਾ ਸਰਕਾਰ ਇਸ ਨੂੰ ਲੋਕਾਂ ਕੋਲੋਂ ਖੋਹ ਕੇ ਵੱਡੇ ਘਰਾਣੇ ਦੇ ਹੱਥਾਂ ’ਚ ਦੇਣਾ ਚਾਹੰੁਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰ ਸਾਲ ਬਾਬੇ ਨਾਨਕ ਦਾ ਗੁਰਪੁਰਬ ਘਰਾਂ ਵਿਚ ਮਨਾਉਂਦੇ ਸੀ ਪਰ ਇਸ ਵਾਰ ਸਾਨੂੰ ਇੱਥੇ ਮਨਾਉਣਾ ਪੈ ਰਿਹਾ ਹੈ ਪਰ ਬਾਬੇ ਨਾਨਕ ਦੀ ਮਿਹਰ ਸਦਕਾ ਅਸੀਂ ਇੱਥੇ ਵੀ ਚੜ੍ਹਦੀ ਕਲਾਂ ਵਿਚ ਹਾਂ ਅਤੇ ਰਹਾਂਗੇ।

ਧਰਨੇ ’ਚ ਪਹੁੰਚੇ ਵੱਡੀ ਗਿਣਤੀ ਹਰਿਆਣਵੀਂ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਖੱਟਰ ਸਰਕਾਰ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ। ਹਰਿਆਣਾ ਦੇ ਮੁੱਖ ਮੰਤਰੀ ਵਲੋਂ ਪੰਜਾਬੀ ਕਿਸਾਨਾਂ ਨੂੰ ਖਾਲਿਸਤਾਨ ਪੱਖੀ ਕਹਿਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਹਰਿਆਣਾ ਤੋਂ ਪਹੁੰਚੇ ਵੱਡੀ ਗਿਣਤੀ ਨੌਜਵਾਨਾਂ ਨੇ ਕਿਹਾ ਕਿ ਇਹ ਸਭ ਕਿਸਾਨਾਂ ਦੇ ਸੰਘਰਸ਼ ਨੂੰ ਅਸਫ਼ਲ ਬਣਾਉਣ ਲਈ ਕਿਹਾ ਜਾ ਰਿਹਾ ਹੈ। ਨੌਜਵਾਨਾਂ ਨੇ ਕਿਹਾ ਕਿ ਮੋਦੀ ਅਪਣੇ ‘ਮਨ ਦੀ ਬਾਤ’ ਸੁਣਾਈ ਜਾ ਰਿਹਾ ਹੈ ਜਦਕਿ ਸਾਡੇ ‘ਮਨ ਦੀ ਬਾਤ’ ਸੁਣਨ ਨੂੰ ਤਿਆਰ ਨਹੀਂ ਹੈ। ਜਦੋਂ ਅਸੀਂ (ਕਿਸਾਨ) ਕਹਿ ਰਹੇ ਹਾਂ ਕਿ ਖੇਤੀ ਕਾਨੂੰਨ ਸਾਨੂੰ ਨਹੀਂ ਚਾਹੀਦੇ ਤਾਂ ਮੋਦੀ ਸਰਕਾਰ ਧੱਕੇ ਨਾਲ ਕਾਨੂੰਨ ਥੋਪ ਕੇ ਸਾਡਾ ‘ਭਲਾ’ ਕਿਉਂ ਕਰ ਰਹੀ ਹੈ।