ਸਫਾਈ ਪੱਖੋਂ ਬਠਿੰਡੇ ਨੇ ਫਿਰ ਮਾਰੀ ਬਾਜ਼ੀ, ਪੰਜਾਬ 'ਚੋਂ ਪਹਿਲੇ, ਦੇਸ਼ 'ਚੋਂ 16ਵੇਂ ਸਥਾਨ 'ਤੇ

ਏਜੰਸੀ

ਖ਼ਬਰਾਂ, ਪੰਜਾਬ

ਹਰਸਿਮਰਤ ਕੌਰ ਬਾਦਲ ਤੇ ਮਨਪ੍ਰੀਤ ਬਾਦਲ ਨੇ ਦਿਤੀਆਂ ਵਧਾਈਆਂ

file photo

ਬਠਿੰਡਾ : ਕਿਸੇ ਸਮੇਂ ਰਤੀਲੇ ਟਿੱਬਿਆਂ ਕਾਰਨ ਮਸ਼ਹੂਰ ਇਲਾਕੇ ਵਿਚਲਾ ਬਠਿੰਡਾ ਸ਼ਹਿਰ ਅੱਜਕੱਲ੍ਹ ਸੁਰਖੀਆਂ ਵਿਚ ਹੈ। ਚੋਣਾਂ ਦੌਰਾਨ ਵੀ ਇਹ ਇਲਾਕਾ ਅਕਸਰ ਹੀ ਸਿਆਸੀ ਸਰਗਰਮੀਆਂ ਦਾ ਗੜ੍ਹ ਬਣ ਜਾਂਦਾ ਹੈ। ਇਥੋਂ ਦੀ ਸਿਆਸਤ ਵਿਚ ਬਾਦਲ ਪਰਵਾਰ ਦੀ ਦਿਲਚਸਪੀ ਨੇ ਇਸ ਇਲਾਕੇ ਦੀ ਬਿਹਤਰੀ ਲਈ ਸਿਆਸੀ ਧਿਰਾਂ ਨੂੰ ਸਰਗਰਮ ਕੀਤਾ। ਅਕਾਲੀ ਦਲ ਤੇ ਕਾਂਗਰਸ ਵਲੋਂ ਇਥੋਂ ਦੀ ਸਿਆਸਤ ਵਿਚ ਮੋਹਰੀ ਭੂਮਿਕਾ ਨਿਭਾਉਣ ਕਾਰਨ ਚੋਣਾਂ ਦੌਰਾਨ ਇਥੇ ਭਾਰੀ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ। ਹੁਣ ਸਿਆਸੀ ਸਰਗਰਮੀਆਂ ਤੋਂ ਇਲਾਵਾ ਇਸ ਸ਼ਹਿਰ ਦੇ ਨਾਂ ਸਫ਼ਾਈ ਪੱਖੋਂ ਮੋਹਰੀ ਹੋਣ ਦਾ ਖ਼ਿਤਾਬ ਵੀ ਜੁੜ ਗਿਆ ਹੈ।

ਕੇਂਦਰ ਸਰਕਾਰ ਵਲੋਂ ਕਰਵਾਏ ਗਏ ਸਰਵੇਖਣ 'ਚ ਬਠਿੰਡਾ ਨੇ ਪਹਿਲੇ ਸਥਾਨ 'ਤੇ ਬਾਜ਼ੀ ਮਾਰੀ ਹੈ।  ਬਠਿੰਡਾ ਨੇ ਪੰਜਾਬ 'ਚੋਂ ਮੁੜ ਪਹਿਲਾਂ ਸਥਾਨ ਹਾਸਲ ਕੀਤਾ ਹੈ। ਕੇਂਦਰ ਸਰਕਾਰ ਵਲੋਂ ਕਰਵਾਏ ਸਵੱਛ ਸਰਵੇਖਣ ਕੁਆਟਰ-2 ਵਿਚ ਬਠਿੰਡਾ ਸ਼ਹਿਰ ਦੇ ਹਿੱਸੇ ਇਹ ਖ਼ਿਤਾਬ ਲਗਾਤਾਰ ਚੌਥੀ ਵਾਰ ਆਇਆ ਹੈ। ਇਸ ਵਾਰ ਬਠਿੰਡਾ ਹੋਰ ਵੱਡੀ ਪੁਲਾਘ ਪੁਟਦਿਆਂ ਦੇਸ਼ ਭਰ ਵਿਚੋਂ ਵੀ 19ਵੇਂ ਸਥਾਨ 'ਤੇ ਰਿਹਾ ਹੈ। ਪਿਛਲੇ ਕੁੱਝ ਸਾਲਾਂ 'ਚ ਸਾਫ਼-ਸਫ਼ਾਈ ਪੱਖੋਂ ਬਠਿੰਡਾ ਨੇ ਵੱਡੇ ਉਪਰਾਲੇ ਕੀਤੇ ਹਨ।

ਇਸੇ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਲੋਂ ਇਹ ਖ਼ਿਤਾਬ ਹਾਸਲ ਕਰਨ ਦਾ ਸਿਹਰਾ ਨਿਗਮ 'ਤੇ ਕਾਬਜ਼ ਅਕਾਲੀ-ਭਾਜਪਾ ਗਠਜੋੜ ਦੇ ਮੇਅਰ ਨੂੰ ਦਿਤਾ ਹੈ। ਉਨ੍ਹਾਂ ਬਠਿੰਡਾ ਵਾਸੀਆਂ ਵਲੋਂ ਪਾਏ ਵਡਮੁੱਲੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।

ਪੰਜਾਬ ਦੇ ਵਿੱਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਦੇ ਸਫ਼ਾਈ ਪੱਖੋਂ ਮੁੜ ਪੰਜਾਬ ਭਰ ਵਿਚੋਂ ਪਹਿਲੇ ਸਥਾਨ 'ਤੇ ਆਉਣ ਦਾ ਸਿਹਰਾ ਸਥਾਨਕ ਵਾਸੀਆਂ ਅਤੇ ਨਗਰ ਨਿਗਮ ਦੇ ਅਫ਼ਸਰਾਂ ਨੂੰ ਦਿੱਤਾ ਹੈ।

ਉਨ੍ਹਾਂ ਟਵੀਟ ਰਾਹੀਂ ਉਨ੍ਹਾਂ ਬਠਿੰਡਾ ਸ਼ਹਿਰ ਦੇ ਮੁੜ ਨੰਬਰ ਇਕ 'ਤੇ ਆਉਣ ਦੇ ਪੰਜ ਕਾਰਨਾਂ ਦਾ ਜ਼ਿਕਰ ਕਰਦਿਆਂ ਹਰ ਰੋਜ਼ ਘਰਾਂ ਤੋਂ ਕੂੜਾ ਕਰਕਟ ਚੁੱਕਣ ਵਾਲਿਆਂ ਦੀ ਟੀਮ ਅਤੇ ਨਗਰ ਨਿਗਮ ਦੇ ਅਫਸਰਾਂ ਦੀ ਪਿੱਠ ਵੀ ਥਾਪੜੀ। ਜਦੋਂ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਤੋਂ ਦੋ ਘੰਟੇ ਪਹਿਲਾਂ ਜਾਰੀ ਟਵੀਟ ਵਿਚ ਸ਼ਹਿਰ ਦੇ ਨੰਬਰ ਇਕ ਆਉਣ ਦਾ ਸਿਹਰਾ ਲੋਕਾਂ ਦੇ ਨਾਲ ਨਾਲ ਅਕਾਲੀ ਮੇਅਰ ਨੂੰ ਦਿਤਾ ਸੀ।