CAA 'ਤੇ ਸਫਾਈ ਦੇਣ ਲਈ ਮੋਦੀ ਦਾ ਨਵਾਂ ਪੈਂਤਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿਚ ਟਵਿਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

Photo

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿਚ ਟਵਿਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। #IndiaSupportsCAA ਹੈਸ਼ਟੈਗ ਨਾਲ ਪੀਐਮ ਮੋਦੀ ਨੇ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਲਿਖਿਆ ਹੈ, ‘ਭਾਰਤ ਸੀਏਏ ਦਾ ਸਮਰਥਨ ਕਰਦਾ ਹੈ ਕਿਉਂਕਿ ਸੀਏਏ ਸਤਾਏ ਗਏ ਰਿਫਿਊਜੀਆਂ ਨੂੰ ਨਾਗਰਿਕਤਾ ਦੇਣ ਬਾਰੇ ਹੈ'।

 


 

'ਇਹ ਕਿਸੇ ਦੀ ਨਾਗਰਿਕਤਾ ਲੈਣ ਬਾਰੇ ਨਹੀਂ ਹੈ। ਨਮੋ ਐਪ ‘ਤੇ ਸੀਏਏ ਨਾਲ ਜੁੜੇ ਕਈ ਦਸਤਾਵੇਜ਼, ਵੀਡੀਓ ਅਤੇ ਕੰਟੈਂਟ ਮੌਜੂਦ ਹੈ। ਤੁਸੀਂ ਇਸ ਦੇ ਸਮਰਥਨ ਵਿਚ ਮੁਹਿੰਮ ਚਲਾਓ’। ਪੀਐਮ ਮੋਦੀ ਨੇ ਸਦਗੁਰੂ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਅਤੇ ਲਿਖਿਆ ਤੁਸੀਂ ਸਦਗੁਰੂ ਕੋਲੋਂ ਸੀਏਏ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਸੁਣੋ।

 


 

ਪੀਐਮ ਮੋਦੀ ਨੇ ਕਿਹਾ ਕਿ ਸਦਗੁਰੂ ਨੇ ਇਸ ਵਿਚ ਇਤਿਹਾਸਕ ਹਵਾਲੇ, ਭਾਈਚਾਰੇ ਦੀ ਸਾਡੀ ਸੰਸਕ੍ਰਿਤੀ ‘ਤੇ ਸ਼ਾਨਦਾਰ ਢੰਗ ਨਾਲ ਚਾਨਣਾ ਪਾਇਆ ਹੈ। ਉਹਨਾਂ ਨੇ ਸਵਾਰਥ ਵਾਲੇ ਸਮੂਹਾਂ ਵੱਲੋਂ ਗਲਤ ਸੂਚਨਾ ਫੈਲਾਏ ਜਾਣ ਬਾਰੇ ਵੀ ਦੱਸਿਆ ਹੈ। ਪੀਐਮ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਹਿੰਸਾ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਖੁਦ ਨੂੰ ਸਵਾਲ ਕਰਨ ਕਿ ਕੀ ਉਹਨਾਂ ਦਾ ਰਸਤਾ ਸਹੀ ਹੈ।

ਦੱਸ ਦਈਏ ਕਿ ਦੇਸ਼ ਭਰ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ-ਪ੍ਰਦਰਸ਼ਨ ਦੌਰਾਨ ਕੇਂਦਰ ਵਿਚ ਸੱਤਾਧਾਰੀ ਭਾਜਪਾ ਅਪਣੇ ਆਗੂਆਂ ਅਤੇ ਸੋਸ਼ਲ ਮੀਡੀਆ ਜ਼ਰੀਏ ਵੱਡੇ ਪੱਧਰ ‘ਤੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ‘ਜਾਗਰੂਕਤਾ ਮੁਹਿੰਮ’ ਚਲਾਉਣ ਵਿਚ ਲੱਗੀ ਹੈ।

 


 

ਭਾਜਪਾ ਨੇ 21 ਦਸੰਬਰ ਨੂੰ ਕਿਹਾ ਸੀ ਕਿ ਨਾਗਰਿਕਤਾ ਸੋਧ ਕਾਨੂੰਨ ‘ਤੇ ਵਿਰੋਧੀ ਅਫਵਾਹਾਂ ਫੈਲਾਅ ਰਹੇ ਹਨ ਅਤੇ ਪਾਰਟੀ ‘ਅਫਵਾਹਾਂ ਅਤੇ ਝੂਠ’ ਦੀ ਸਿਆਸਤ ਨੂੰ ਜਵਾਬ ਦੇਣ ਲਈ 10 ਦਿਨਾਂ ਦੀ ਵਿਸ਼ੇਸ਼ ਮੁਹਿੰਮ ਚਲਾਵੇਗੀ ਅਤੇ ਤਿੰਨ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨਾਲ ਸੰਪਰਕ ਕਰੇਗੀ। ਪਾਰਟੀ ਨੇ ਕਿਹਾ ਸੀ ਕਿ ਇਸ ਕਾਨੂੰਨ ਦੇ ਪੱਖ ਵਿਚ ਹਰ ਜ਼ਿਲ੍ਹੇ ਵਿਚ ਰੈਲੀ ਕੀਤੀ ਜਾਵੇਗੀ।