ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਵੱਖ ਵੱਖ ਸਮੇਂ ਇਸ਼ਨਾਨ ਕਰਨ ਦੇ ਵੱਖ ਵੱਖ ਫ਼ਾਇਦੇ ਦੱਸੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਬਾਣੀ ਦੀ ਹਰ ਕਸਵੱਟੀ 'ਤੇ ਫ਼ੇਲ੍ਹ ਹੋਣ ਵਾਲੀਆਂ ਗੱਲਾਂ ਨਾਲ ਭਰਪੂਰ ਗ੍ਰੰਥ

File photo

ਅੰਮ੍ਰਿਤਸਰ (ਚਰਨਜੀਤ ਸਿੰਘ): ਨਿਰਮਲੇ ਤੇ ਉਦਾਸੀਆਂ ਵਲੋਂ ਸਿੱਖ ਇਤਿਹਾਸ ਦੇ ਮੂਲ ਸਰੋਤ ਵਜੋਂ ਪੇਸ਼ ਕੀਤੇ ਜਾ ਰਹੇ ਮਹਾਂਕਵੀ ਸੰਤੋਖ ਸਿੰਘ ਦੀ ਰਚਨਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਜੋ ਕੁੱਝ ਲਿਖਿਆ ਹੈ ਉਹ ਨਾ ਤਾਂ ਗੁਰੂ ਆਸ਼ੇ ਮੁਤਾਬਕ ਸਹੀ ਹੈ ਅਤੇ ਨਾ ਹੀ ਸਿੱਖ ਸਿਧਾਂਤ ਅਤੇ ਗੁਰਬਾਣੀ ਦੀ ਕਸਵਟੀ 'ਤੇ ਖਰਾ ਉਤਰਦਾ ਹੈ। ਇਸ ਦੇ ਬਾਵਜੂਦ ਬਹੁਗਿਣਤੀ ਗੁਰਦਵਾਰਾ ਸਾਹਿਬਾਨ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਸ ਅਖੌਤੀ ਮਹਾਂਕਾਵਿ ਦੀ ਕਥਾ ਨੇ ਸਵਾਲੀਆਂ ਚਿੰਨ੍ਹ ਖੜਾ ਕੀਤਾ ਹੋਇਆ ਹੈ।

ਕਿਸੇ ਵੀ ਪ੍ਰਚਾਰਕ ਕੋਲੋਂ ਪੁੱਛੋ ਉਹ ਦਬੀ ਜ਼ੁਬਾਨ ਵਿਚ ਸਵੀਕਾਰ ਕਰਦਾ ਹੈ ਕਿ ਇਸ ਕਾਵਿ ਗ੍ਰੰਥ ਵਿਚ ਅਜਿਹਾ ਬਹੁਤ ਕੁੱਝ ਹੈ ਜਿਸ ਨੂੰ ਸੰਗਤੀ ਤੌਰ ਵਿਚ ਪ੍ਰਚਾਰ ਕਰਨ ਅਤੇ ਵਹਿਮਾਂ-ਭਰਮਾਂ ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਉਲੰਘਣਾ ਹੈ, ਪਰ ਇਸ ਦੇ ਬਾਵਜੂਦ ਵੀ ਨਿਰਮਲੇ ਤੇ ਉਦਾਸੀਆਂ ਦੇ ਡੇਰਿਆਂ ਤੇ ਪੜ੍ਹੇ ਵਿਦਵਾਨ ਇਸ ਗ੍ਰੰਥ 'ਤੇ ਵੀ ਪੂਰੀ ਸ਼ਰਧਾ ਰਖਦੇ ਹਨ।

ਸੰਤੋਖ ਸਿੰਘ ਦੀ ਰਚਨਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਗੁਰਸਿੱਖ ਦੇ ਇਸ਼ਨਾਨ ਬਾਰੇ ਵੀ ਅਜਿਹਾ ਊਲ ਜਲੂਲ ਲਿਖਿਆ ਹੈ ਕਿ ਸੁਣ ਕੇ ਹੀ ਸਿਰ ਸ਼ਰਮ ਨਾਲ ਨੀਵਾਂ ਹੋ ਜਾਂਦਾ ਹੈ। ਇਤਿਹਾਸ ਦੇ ਅਖੌਤੀ ਸ੍ਰੋਤ ਸ੍ਰੀ ਗੁਰੂ ਸੂਰਜ ਗ੍ਰੰਥ ਦੇ ਰਿਤੂ 5 ਅੰਸੁ 16 ਪੰਨਾ ਨੰਬਰ 5506 ਤੇ ਗੁਰਸਿੱਖ ਦੇ ਇਸ਼ਨਾਨ ਦੀ ਜੋ ਵਿਧੀ ਲਿਖੀ ਹੈ, ਉਹ ਗੁਰਮਤਿ ਦੇ ਪ੍ਰੋੜ ਵਿਆਖਿਆਕਾਰ ਭਾਈ ਗੁਰਦਾਸ ਜੀ ਦੀ ਗੁਰਸਿੱਖ ਦੀ ਨਿਤ ਕਰਨੀ 'ਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਰਹੀ ਹੈ।

ਸੰਤੋਖ ਸਿੰਘ ਦੇ ਇਸ ਅਖੌਤੀ ਸ੍ਰੋਤ ਮੁਤਾਬਕ ਰਾਤ ਦੀ ਪਹਿਲੀ ਘੜੀ ਇਸ਼ਨਾਨ ਕਰਨ ਨਾਲ ਅਸ਼ਵਮੇਧ ਯੱਗ ਦਾ ਫੱਲ ਮਿਲਦਾ ਹੈ। ਦੂਜੀ ਘੜੀ ਇਸ਼ਨਾਨ ਕਰਨ ਨਾਲ ਗੋਮੇਧ ਯੱਗ, ਤੀਜੀ ਘੜੀ ਇਸ਼ਨਾਨ ਕਰਨ ਨਾਲ ਜਯੋਤਿਖੌਮ ਅਗਨੀਹੋਤਰੀ ਯੱਗ, ਚੌਥੇ ਪਹਿਰ ਇਸ਼ਨਾਨ ਸੋਨੇ ਦਾ ਦਾਨ, ਪੰਜਵੀਂ ਘੜੀ ਇਸ਼ਨਾਨ ਕਰਨ ਨਾਲ ਚਾਂਦੀ ਦਾ ਦਾਨ, ਛੇਵੀਂ ਘੜੀ ਇਸ਼ਨਾਨ ਦੁਧ ਦਾ ਦਾਨ, ਸੱਤਵੀਂ ਘੜੀ ਇਸ਼ਨਾਨ ਕਰਨ ਨਾਲ ਤਾਂਬੇ ਦਾ ਦਾਨ, ਅੱਠਵੀਂ ਘੜੀ ਇਸ਼ਨਾਨ ਕਰਨ ਭਾਵ ਸੂਰਜ ਦੀਆਂ ਕਿਰਨਾਂ ਦੇਖ ਕੇ ਇਸ਼ਨਾਨ ਕਰਨ ਨਾਲ ਜਲ ਦੇ ਦਾਨ ਦਾ ਪੁੰਨ ਤਾਂ ਮਿਲਦਾ ਹੀ ਹੈ।

ਸੰਤੋਖ ਸਿੰਘ ਮੁਤਾਬਕ ਇਸ ਇਸ਼ਨਾਨ ਨਾਲ ਪਾਪ ਵੀ ਚਲੇ ਜਾਂਦੇ ਹਨ। ਸੰਤੋਖ ਸਿੰਘ ਮੁਤਾਬਕ ਦੁਪਹਿਰ ਦਾ ਇਸ਼ਨਾਨ ਸਿਰਫ਼ ਕਾਇਆ ਪਵਿੱਤਰ ਕਰਨਾ ਹੈ। ਤੀਜੇ ਪਹਿਰ ਇਸ਼ਨਾਨ ਮਲੇਛ ਇਸ਼ਨਾਨ ਤੇ ਚੌਥੇ ਪਹਿਰ ਰਤ ਨੂੰ ਇਸ਼ਨਾਨ ਕਰਨਾ ਭਾਵ ਤਮੋਗੁਣੀ ਇਸ਼ਨਾਨ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਵੀ ਜਾਗਰੂਕ ਸਿੱਖ ਜਦਕਿ ਇਸ ਅਖੌਤੀ ਇਤਿਹਾਸਕ ਸ੍ਰੋਤ ਦੀ ਡਟਵੀਂ ਵਿਰੋਧਤਾ ਕਰ ਰਹੇ ਹਨ ਇਸ ਦੇ ਬਾਵਜੂਦ ਗੁਰੂ ਘਰਾਂ ਵਿਚ ਸਾਜ਼ਸ਼ੀ ਢੰਗ ਨਾਲ ਇਸ ਦੀ ਕਥਾ ਕਰਵਾਈ ਜਾ ਰਹੀ ਹੈ।