ਸੂਰਜ ਗ੍ਰੰਥ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਵਰਤੀ ਸ਼ਬਦਾਵਲੀ ਪੜ੍ਹ ਕੇ ਸਿਰ ਸ਼ਰਮ ਨਾਲ ਝੁਕਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਇਤਿਹਾਸ ਦੇ ਮੂਲ ਸਰੋਤ ਵਜੋਂ ਪਹਿਚਾਣ ਰਖਣ ਵਾਲੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਵਰਤੀ ਸ਼ਬਦਾਵਲੀ ਸੁਣ ਕੇ, ਪੜ੍ਹ ਕੇ ...

ਸੂਰਜ ਗ੍ਰੰਥ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਵਰਤੀ ਸ਼ਬਦਾਵਲੀ ਪੜ੍ਹ ਕੇ ਸਿਰ ਸ਼ਰਮ ਨਾਲ ਝੁਕਦਾ ਹੈ

ਅੰਮ੍ਰਿਤਸਰ  (ਪਰਮਿੰਦਰ ਅਰੋੜਾ): ਸਿੱਖ ਇਤਿਹਾਸ ਦੇ ਮੂਲ ਸਰੋਤ ਵਜੋਂ ਪਹਿਚਾਣ ਰਖਣ ਵਾਲੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਵਰਤੀ ਸ਼ਬਦਾਵਲੀ ਸੁਣ ਕੇ, ਪੜ੍ਹ ਕੇ ਅਤੇ ਦੇਖ ਕੇ ਸਿਰ ਝੁਕਦਾ ਹੈ। ਮਹਾਂਕਵੀ ਸੰਤੋਖ ਸਿੰਘ ਦੁਆਰਾ ਰਚਿਤ ਇਸ ਮਹਾਂਕਾਵਿ ਵਿਚ ਗੁਰੂ ਸਾਹਿਬਾਨ, ਸਿੱਖ ਜੀਵਨ ਜਾਉ ਬਾਰੇ ਜੋ ਲਿਖਿਆ ਹੈ ਉਹ ਇਕ ਵੱਡਾ ਝੂਠ ਹੈ ਪਰ ਪੁਜਾਰੀ ਸ਼੍ਰੇਣੀ ਅਤੇ ਡੇਰਿਆਂ ਦੇ ਸਾਧ ਇਸ ਅਖੌਤੀ ਮਹਾਂਕਾਵਿ ਦੀ ਕਥਾ ਗੁਰਦਵਾਰਾ ਸਾਹਿਬਾਨ ਵਿਚ ਕਰਵਾਉਣ ਲਈ ਬਾਜ਼ਿਦ ਹਨ। ਸੂਰਜ ਗ੍ਰੰਥ ਵਿਚ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜੋ ਲਿਖਿਆ ਹੈ ਉਸ ਨੂੰ ਪੜ੍ਹ ਕੇ ਮਨ ਖ਼ੂਨ ਦੇ ਹੰਝੂ ਰੋਂਦਾ ਹੈ।

ਸਾਧ ਯੂਨੀਅਨ ਇਹ ਮੰਨਣ ਨੂੰ ਹੀ ਤਿਆਰ ਨਹੀਂ ਕਿ ਇਸ ਗ੍ਰੰਥ ਰਾਹੀਂ ਗੁਰੂ ਸਾਹਿਬਾਨ ਦੇ ਉਚੇ ਤੇ ਸੁੱਚੇ ਜੀਵਨ ਤੇ ਸਵਾਲੀਆ ਚਿੰਨ ਲਗਾਇਆ ਜਾ ਰਿਹਾ ਹੈ। ਕੁੱਝ ਲੋਕ ਇਹ ਕਹਿ ਕੇ ਮਨ ਹੌਲਾ ਕਰ ਲੈਂਦੇ ਹਨ ਕਿ ਇਸ ਗ੍ਰੰਥ ਵਿਚ ਮਿਲਾਵਟ ਹੋਈ ਹੈ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਮਿਲਾਵਟ ਕੀਤੀ ਗਈ ਹੈ ਤਾਂ ਕੀ ਅੱਜ ਸਿੱਖ ਵਿਦਵਾਨਾਂ ਦਾ ਫ਼ਰਜ਼ ਨਹੀਂ ਬਣਦਾ ਕਿ ਉਹ ਇਸ ਖੋਟ ਨੂੰ ਦੂਰ ਕਰਨ ਤੇ ਇਸ ਵਿਚ ਗੁਰੂ ਸਾਹਿਬਾਨ ਦੀ ਤੌਹੀਨ ਕਰਦੀਆਂ ਸਾਖੀਆਂ ਨੂੰ ਬਾਹਰ ਕਰਨ।

ਸੂਰਜ ਪ੍ਰਕਾਸ਼ ਦੇ ਇਕ ਪੰਨੇ 'ਤੇ ਦਰਜ ਕਹਾਣੀ ਪੜ੍ਹ ਕੇ ਹੈਰਾਨੀ ਹੁੰਦੀ ਹੈ। ਇਸ ਕਹਾਣੀ ਵਿਚ ਬੀਰ ਬਹਾਦੁਰ ਭਾਈ ਬਚਿੱਤਰ ਸਿੰਘ ਦੇ ਬਾਰੇ ਜੋ ਕੁੱਝ ਲਿਖਿਆ ਹੈ ਉਸ ਦਾ ਵੇਰਵਾ ਇਸ ਪ੍ਰਕਾਰ ਹੈ। ਜਦ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਦਰਵਾਜ਼ੇ ਨੂੰ ਤੋੜਨ ਲਈ ਇਕ ਹਾਥੀ ਨੂੰ ਸ਼ਰਾਬ ਪਿਲਾ ਕੇ ਭੇਜਿਆ ਸੀ ਤਾਂ ਭਾਈ ਬਚਿੱਤਰ ਸਿੰਘ ਦੀ ਗੁਰੂ ਸਾਹਿਬ ਨੇ ਡਿਊਟੀ ਲਗਾਈ ਸੀ ਜਿਸ ਨੇ ਨਾਗਣੀ ਬਰਛੇ ਨਾਲ ਮਸਤ ਹਾਥੀ ਦਾ ਮੱਥਾ ਵਿੰਨ ਸੁਟਿਆ ਸੀ। ਪਰ ਸੰਤੋਖ ਸਿੰਘ ਲਿਖਦਾ ਹੈ ਕਿ ਬਚਿੱਤਰ ਸਿੰਘ ਬਹੁਰੰਗੀ ਪੁਸ਼ਕਾ ਪਹਿਨਦਾ ਸੀ ਇਸ ਲਈ ਗੁਰੂ ਸਾਹਿਬ ਉਸ ਨੂੰ ਬਹਿਰੂਪੀਆ ਕਹਿੰਦੇ ਸਨ।

ਜਦ ਰਾਜਿਆਂ ਦਾ ਹਾਥੀ ਆ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਾਡਾ ਸ਼ੇਰ ਬਚਿੱਤਰ ਸਿੰੰਘ ਉਸ ਨੂੰ ਮਾਰ ਭਜਾਏਗਾ। ਇਹ ਸੁਣ ਕੇ ਬਚਿੱਤਰ ਸਿੰਘ ਤਿਆਰ ਹੋ ਗਿਆ। ਗੁਰੂ ਸਾਹਿਬ ਨੇ ਦੋ ਅਨੋਖੇ ਬਰਛੇ ਮੰਗਵਾਏ ਸਨ ਉਨ੍ਹਾਂ ਵਿਚੋਂ ਇਕ ਬਰਛਾ ਦਿਤਾ। ਗੁਰੂ ਜੀ ਨੇ ਅਪਣੀ ਅਫ਼ੀਮ ਮੰਗਵਾ ਕੇ ਬਚਿੱਤਰ ਸਿੰਘ ਨੂੰ ਦਿਤੀ। ਬਚਿੱਤਰ ਸਿੰਘ ਹਰ ਰੋਜ਼ 5 ਮਾਸੇ ਅਫ਼ੀਮ ਖਾਂਦਾ ਸੀ। ਉਸ ਦਿਨ ਗੁਰੂ ਜੀ ਦੇ ਸਵਾਈ ਭਾਵ ਵਧੇਰੇ ਦਿਤੀ। ਕੀ ਅਜਿਹੇ ਕੂੜ ਕਬਾੜ ਨੂੰ ਸਿੱਖ ਇਤਿਹਾਸ ਦਾ ਸਰੋਤ ਕਿਹਾ ਜਾ ਸਕਦਾ ਹੈ?