ਠੰਢ 'ਚ ਬੈਠੇ ਗ਼ਰੀਬਾਂ ਲਈ ਮਸੀਹਾ ਬਣਿਆ ਚੰਡੀਗੜ੍ਹ ਦਾ ਸਿੱਖ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰ ਕੋਈ ਕਰ ਰਿਹਾ ਹੈ ਸਿੱਖ ਨੌਜਵਾਨ ਦੀ ਤਾਰੀਫ਼...

Photo

ਚੰਡੀਗੜ੍ਹ: ਪੋਹ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਵਿਚ ਠੰਢ ਪੂਰੇ ਜ਼ੋਰਾਂ ‘ਤੇ ਪੈ ਰਹੀ ਹੈ। ਹਰ ਕੋਈ ਠੰਢ ਦੇ ਕਹਿਰ ਤੋਂ ਬਚਣ ਲਈ ਗਰਮ ਕੱਪੜਿਆਂ ਜਾਂ ਕੰਬਲਾਂ ਨੂੰ ਅਪਣਾ ਸਹਾਰਾ ਬਣਾ ਰਿਹਾ ਹੈ। ਪਰ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਕੋਲ ਇਸ ਕਹਿਰ ਦੀ ਠੰਢ ਤੋਂ ਬਚਣ ਲਈ ਲੋੜੀਂਦੀਆਂ ਚੀਜ਼ਾਂ ਜਾਂ ਕੱਪੜੇ ਆਦਿ ਨਹੀਂ ਹਨ। ਅਜਿਹੇ ਵਿਚ ਇਹਨਾਂ ਲੋਕਾਂ ਨੂੰ ਲੋੜ ਹੈ ਹੌਂਸਲੇ ਤੇ ਸਹਾਰੇ ਦੀ।

ਅਜਿਹਾ ਹੀ ਇਕ ਸਹਾਰਾ ਚੰਡੀਗੜ੍ਹ ਦੀਆਂ ਸੜਕਾਂ ‘ਤੇ ਪੈਦਲ ਘੁੰਮ ਰਿਹਾ ਹੈ ਤੇ ਲੋੜਵੰਦਾਂ ਲਈ ਕੰਬਲ ਵੰਡ ਰਿਹਾ ਹੈ। ਇਸ ਹੌਂਸਲੇ ਦੀ ਉਮਰ ਸਿਰਫ 15 ਸਾਲ ਹੈ। ਅੱਜ ਦੇ ਦੌਰ ਵਿਚ ਇਸ ਉਮਰ ਦੇ ਜਵਾਨਾਂ ਨੂੰ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਜਾਂ ਵੀਡੀਓ ਗੇਮਜ਼ ਆਦਿ ਤੋਂ ਵੇਹਲ ਨਹੀਂ ਮਿਲਦੀ। ਪਰ ਇਸ ਨੌਜਵਾਨ ਨੇ ਅਜਿਹਾ ਕਰਕੇ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ।

ਇਸ ਨੌਜਵਾਨ ਦਾ ਨਾਂਅ ਗਰਵ ਸਿੰਘ ਹੈ। ਜੋ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਹੈ। ਗਰਵ ਸਿੰਘ ਲਗਭਗ 12 ਦਿਨਾਂ ਤੋਂ ਭਲਾਈ ਦਾ ਇਹ ਕਾਰਜ ਕਰ ਰਿਹਾ ਹੈ।ਗਰਵ ਦਾ ਕਹਿਣਾ ਹੈ ਕਿ ਉਹ ਹਰ ਸਾਲ ਸਰਦੀਆਂ ਵਿਚ ਗਰੀਬਾਂ ਨੂੰ ਕੰਬਲ ਵੰਡਦੇ ਹਨ। ਪਰ ਇਸ ਸਾਲ ਉਹਨਾਂ ਨੇ ਸੋਚਿਆ ਕਿ ਕੁਝ ਹੋਰ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋੜਵੰਦਾਂ ਨੂੰ ਇਸ ਮੁਹਿੰਮ ਦਾ ਫਾਇਦਾ ਹੋ ਸਕੇ।

ਗਰਵ ਨੇ ਦੱਸਿਆ ਕਿ ਉਹ ਲਗਭਗ 3 ਸਾਲਾਂ ਤੋਂ ਇਹ ਉਪਰਾਲਾ ਕਰ ਰਹੇ ਹਨ। ਗਰਵ ਦੇ ਮਾਤਾ ਨਿਮਰਤ ਕੌਰ ਦਾ ਕਹਿਣਾ ਹੈ ਕਿ ਗਰਵ ਨੂੰ ਕੰਪਿਊਟਰ ਦਾ ਬਹੁਤ ਸ਼ੌਂਕ ਹੈ। ਉਹਨਾਂ ਦੱਸਿਆ ਕਿ ਗਰਵ ਸਕੂਲ ਵਿਚੋਂ ਵੈੱਬਸਾਈਟ ਬਣਾਉਣੀ ਸਿੱਖ ਰਿਹਾ ਸੀ। ਇਕ ਦਿਨ ਅਚਾਨਕ ਗਰਵ ਨੇ ਉਹਨਾਂ ਨੂੰ ਫੋਨ ਕੀਤਾ ਤੇ ਦੱਸਿਆ ਕਿ ਉਸ ਨੇ ਵੈੱਬਸਾਈਟ ਬਣਾ ਲਈ, ਜਿਸ ਦਾ ਨਾਂਅ ਹੈ ‘Donate a blanket. Com’।

ਉਹਨਾਂ ਦੱਸਿਆ ਕਿ ਇਸ ਵੈੱਬਸਾਈਟ ਵਿਚ ਸਿੱਧੇ ਤੌਰ ‘ਤੇ ਲਿਖਿਆ ਗਿਆ ਹੈ ਕਿ ਹਰ ਸਾਲ ਕਿੰਨੇ ਲੋਕ ਠੰਢ ਨਾਲ ਮਰਦੇ ਹਨ। ਗਰਵ ਦੇ ਮਾਤਾ ਨੇ ਦੱਸਿਆ ਕਿ ਇਹ ਜਾਣ ਕੇ ਮੈਨੂੰ ਬਹੁਤ ਹੈਰਾਨੀ ਹੋਈ। ਗਰਵ ਦਾ ਕਹਿਣਾ ਹੈ ਕਿ ਇਹ ਵੈੱਬਸਾਈਟ ਬਣਾਉਣ ਲਈ ਉਹਨਾਂ ਨੂੰ 2 ਦਿਨ ਦਾ ਸਮਾਂ ਲੱਗਿਆ।

ਉਹਨਾਂ ਦੱਸਿਆ ਕਿ ਇਸ ਵੈੱਬਸਾਈਟ ‘ਤੇ ਹਰ ਚੀਜ਼ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਹਰ ਸਾਲ ਕਿੰਨੇ ਲੋਕ ਠੰਢ ਨਾਲ ਮਰਦੇ ਹਨ ਤੇ ਇਸ ਵਿਚ ਦਾਨ ਕਰਨ ਦਾ ਆਪਸ਼ਨ ਵੀ ਮੌਜੂਦ ਹੈ। ਇਸ ਵੈੱਬਸਾਈਟ ‘ਤੇ ਕੰਬਲਾਂ ਦੀ ਕੀਮਤ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਇਸ ਵੈੱਬਸਾਈਟ ‘ਤੇ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ ਤੇ ਉਹਨਾਂ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।

ਗਰਵ ਦਾ ਕਹਿਣਾ ਹੈ ਕਿ ਉਹਨਾਂ ਦਾ ਟੀਚਾ 1000 ਕੰਬਲ ਵੰਡਣ ਦਾ ਸੀ ਤੇ ਇਹਨਾਂ ਦੀ ਕੀਮਤ ਤਕਰੀਬਨ 2 ਲੱਖ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਤੇ ਉਹਨਾਂ ਨੂੰ ਇਕ ਦਿਨ ਵਿਚ ਹੀ 50,000 ਰੁਪਏ ਇਕੱਠੇ ਹੋ ਗਏ। ਉਹਨਾਂ ਦੱਸਿਆ ਕਿ 2 ਲੱਖ ਇਕੱਠਾ ਕਰਨ ਦਾ ਟੀਚਾ 1 ਹਫਤੇ ਵਿਚ ਹੀ ਪੂਰਾ ਹੋ ਗਿਆ ਸੀ।

ਉਹਨਾਂ ਦੱਸਿਆ ਕਿ ਇਸ ਉਪਰਾਲੇ ਲਈ ਉਹਨਾਂ ਨੂੰ ਉਹਨਾਂ ਦੇ ਦੋਸਤਾਂ ਅਤੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਦਾ ਸਹਿਯੋਗ ਮਿਲਿਆ ਹੈ। ਗਰਵ ਦਾ ਕਹਿਣਾ ਹੈ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਘੱਟ ਕਰਦੇ ਹਨ। ਗੋਰਵ ਦੇ ਮਾਤਾ ਨੇ ਦੱਸਿਆ ਕਿ ਗੋਰਵ ਨੇ ਲਗਭਗ 30,000 ਰੁਪਏ ਅਪਣੇ ਸਕੂਲ ਵਿਚੋਂ ਹੀ ਇਕੱਠੇ ਕੀਤੇ। ਇਸ ਲਈ ਉਹਨਾਂ ਨੂੰ ਅਪਣੇ ਅਧਿਆਪਕਾਂ ਦਾ ਵੀ ਸਹਿਯੋਗ ਮਿਲਿਆ। ਗੋਰਵ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਜਿਹਾ ਕਰ ਕੇ ਬਹੁਤ ਚੰਗਾ ਮਹਿਸੂਸ ਹੁੰਦਾ ਹੈ।

ਦੱਸ ਦਈਏ ਕਿ ਗੋਰਵ ਦੇ 10ਵੀਂ ਜਮਾਤ ਦੇ ਪੇਪਰ ਵੀ ਹੋ ਰਹੇ ਹਨ ਅਤੇ ਉਹ ਅਪਣੀ ਰੋਜ਼ਾਨਾ ਜ਼ਿੰਦਗੀ ਵਿਚ ਇਸ ਕੰਮ ਲਈ 1 ਘੰਟਾ ਕੱਢਦੇ ਹਨ। ਗੋਰਵ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ https://www.donateablanket.com/ ‘ਤੇ ਜਾ ਕੇ ਆਨਲਾਈਨ ਜਾਂ ਪੇਟੀਐਮ ਜ਼ਰੀਏ ਪੇਮੈਂਟ ਕਰ ਸਕਦੇ ਹਨ ਜਾਂ ਉਹ ਗਰਵ ਨੂੰ ਕੈਸ਼ ਵੀ ਦੇ ਸਕਦੇ ਹਨ। ਇਸ ਵੈੱਬਸਾਈਟ ‘ਤੇ ਪੂਰੀ ਜਾਣਕਾਰੀ ਮੌਜੂਦ ਹੈ।