ਸਾਫ਼-ਸਫ਼ਾਈ ਪੱਖੋਂ ਪੰਜਾਬ ਦੇ ਇਸ ਜ਼ਿਲ੍ਹੇ ਨੇ City Beautiful ਨੂੰ ਵੀ ਪਛਾੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਭਰ 'ਚੋਂ ਹਾਸਲ ਕੀਤਾ 19ਵਾਂ ਸਥਾਨ

Photo

ਬਠਿੰਡਾ (ਸੁਖਜਿੰਦਰ ਮਾਨ): ਸਾਫ਼ ਸਫ਼ਾਈ ਪੱਖੋਂ ਬਠਿੰਡਾ ਨੇ ਪੰਜਾਬ 'ਚੋਂ ਮੁੜ ਪਹਿਲਾਂ ਸਥਾਨ ਹਾਸਲ ਕਰਕੇ ਪਿਛੜੇਪਣ ਦਾ ਧੱਬਾ ਉਤਾਰ ਦਿਤਾ ਹੈ। ਕੇਂਦਰ ਸਰਕਾਰ ਵਲੋਂ ਕਰਵਾਏ ਸਵੱਛ ਸਰਵੇਖਣ ਕੁਆਟਰ-2 ਵਿਚ ਬਠਿੰਡਾ ਸ਼ਹਿਰ ਦੇ ਹਿੱਸੇ ਇਹ ਖ਼ਿਤਾਬ ਲਗਾਤਾਰ ਚੌਥੀ ਵਾਰ ਆਇਆ ਹੈ। ਇਸ ਵਾਰ ਬਠਿੰਡਾ ਨੇ ਹੋਰ ਵੱਡੀ ਛਾਲ ਮਾਰਦਿਆਂ ਦੇਸ਼ ਭਰ ਵਿਚੋਂ ਵੀ 19ਵੇਂ ਸਥਾਨ 'ਤੇ ਰਿਹਾ ਹੈ।

ਬੇਸ਼ੱਕ ਹਾਲੇ ਵੀ ਕਾਫ਼ੀ ਕੁੱਝ ਕਰਨਾ ਬਾਕੀ ਹੈ ਪ੍ਰੰਤੂ ਨਿਰਸੰਦੇਹ ਪਿਛਲੇ ਕੁੱਝ ਸਾਲਾਂ 'ਚ ਸਾਫ਼-ਸਫ਼ਾਈ ਪੱਖੋਂ ਬਠਿੰਡਾ ਨੇ ਵੱਡਾ ਉਦਮ ਕੀਤਾ ਹੈ। ਉਧਰ ਬਠਿੰਡਾ ਵਲੋਂ ਇਹ ਖ਼ਿਤਾਬ ਹਾਸਲ ਕਰਨ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸਦਾ ਸਿਹਰਾ ਨਿਗਮ 'ਤੇ ਕਾਬਜ਼ ਅਕਾਲੀ-ਭਾਜਪਾ ਗਠਜੋੜ ਦੇ ਮੇਅਰ ਨੂੰ ਦਿਤਾ ਹੈ। ਉਨ੍ਹਾਂ ਇਥੋਂ ਦੇ ਸ਼ਹਿਰੀਆਂ ਵਲੋਂ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਹੈ।

ਨਿਗਮ ਅਧਿਕਾਰੀਆਂ ਨੇ ਦਸਿਆ ਕਿ ਇਹ ਖ਼ਿਤਾਬ ਘਰਾਂ 'ਚੋਂ ਕੂੜਾ ਚੁੱਕਣ, ਗਲੀਆਂ 'ਚੋਂ ਮਲਬਾਂ ਚੁੱਕਣ, ਸ਼ਹਿਰ 'ਚ ਹਰਿਆਲੀ ਨੂੰ ਪਹਿਲ ਦੇਣ ਆਦਿ ਪੱਖੋਂ ਮਿਲਿਆ ਹੈ। ਨਿਗਮ ਮੇਅਰ ਬਲਵੰਤ ਰਾਏ ਨਾਥ ਨੇ ਵੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਦੀ ਸਫ਼ਾਈ ਲਈ ਕੇਂਦਰ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਗ੍ਰਾਂਟ ਦਿਤੀ ਗਈ ਸੀ, ਜਿਸਦਾ ਇਹ ਨਤੀਜਾ ਹੈ।

ਮੇਅਰ ਨੇ ਇਹ ਖ਼ਿਤਾਬ ਮਿਲਣ 'ਤੇ ਨਗਰ ਨਿਗਮ ਦੇ ਸਮੂਹ ਮੁਲਾਜ਼ਮਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਦਾ ਵੀ ਸਹਿਯੋਗ ਕਰਨ ਲਈ ਧਨਵਾਦ ਕੀਤਾ ਹੈ। ਉਨ੍ਹਾਂ ਦਸਿਆ ਕਿ ਕੇਂਦਰ ਵਲੋਂ ਦਿਤੀ 80 ਲੱਖ ਦੀ ਸਹਾਇਤਾ ਨਾਲ ਲੋੜਵੰਦਾਂ ਦੇ ਘਰਾਂ 'ਚ ਪਖ਼ਾਣਿਆਂ ਦਾ ਨਿਰਮਾਣ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਢੇ ਚਾਰ ਕਰੋੜ ਦੀ ਇਮਦਾਦ ਨਾਲ ਘਰਾਂ ਵਿਚੋਂ ਕੂੜਾ ਚੁੱਕਣ ਲਈ 48 ਗੱਡੀਆਂ, 20 ਟਰੈਕਟਰ-ਟਰਾਲੀਆਂ ਤੇ ਕਈ ਜੇ.ਸੀ.ਬੀ ਮਸੀਨਾਂ ਖ਼ਰੀਦੀਆਂ ਗਈਆਂ ਹਨ।

ਉਧਰ ਸੂਬੇ ਦੇ ਵਿੱਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਦੇ ਇੱਕ ਵਾਰ ਫਿਰ ਸਫਾਈ ਪੱਖੋਂ ਪੰਜਾਬ ਭਰ ਵਿਚ ਪਹਿਲੇ ਸਥਾਨ 'ਤੇ ਆਉਣ ਦਾ ਸਿਹਰਾ ਇੱਥੋਂ ਦੇ ਲੋਕਾਂ ਅਤੇ ਨਗਰ ਨਿਗਮ ਦੇ ਅਫਸਰਾਂ ਨੂੰ ਦਿੱਤਾ ਹੈ। ਦੇਰ ਸ਼ਾਮ ਜਾਰੀ ਇਕ ਤੋਂ ਬਾਅਦ ਇੱਕ ਟਵੀਟ ਵਿੱਚ ਉਨ੍ਹਾਂ ਬਠਿੰਡਾ ਸਹਿਰ ਦੇ ਮੁੜ ਨੰਬਰ ਇੱਕ 'ਤੇ ਆਉਣ ਦੇ ਪੰਜ ਕਾਰਨਾਂ ਦਾ ਖੁਲਾਸਾ ਕੀਤਾ।

ਜਿਸ ਵਿੱਚ ਹਰ ਰੋਜ਼ ਘਰਾਂ ਤੋਂ ਕੂੜਾ ਕਰਕਟ ਚੁੱਕਣ ਵਾਲਿਆਂ ਦੀ ਟੀਮ ਅਤੇ ਨਗਰ ਨਿਗਮ ਦੇ ਅਫਸਰਾਂ ਦੀ ਵੀ ਪਿੱਠ ਥਾਪੜੀ । ਜਦੋਂ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਤੋਂ ਦੋ ਘੰਟੇ ਪਹਿਲਾਂ ਜਾਰੀ ਟਵੀਟ ਵਿੱਚ ਸ਼ਹਿਰ ਦੇ ਨੰਬਰ ਇੱਕ ਆਉਣ ਦਾ ਸਿਹਰਾ ਲੋਕਾਂ ਦੇ ਨਾਲ ਨਾਲ ਅਕਾਲੀ ਮੇਅਰ ਨੂੰ ਦਿੱਤਾ ਸੀ।