ਕਤਲ ਮਾਮਲਾ: ਵਿਰਸਾ ਸਿੰਘ ਵਲਟੋਹਾ ਵਿਰੁਧ ਚਲਾਨ ਪੇਸ਼, ਵੱਧ ਸਕਦੀਆਂ ਨੇ ਮੁਸਕਿਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਉਤੇ ਝੁੱਲ ਰਿਹਾ ਹੈ ਮੁਸੀਬਤਾਂ ਦਾ ਪਹਾੜ...

Virsa Singh Valtoha

ਚੰਡੀਗੜ੍ਹ : ਅਕਾਲੀ ਦਲ ਉਤੇ ਝੁੱਲ ਰਿਹਾ ਹੈ ਮੁਸੀਬਤਾਂ ਦਾ ਪਹਾੜ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਮੁਸੀਬਤ ਵਿਚ ਘਿਰਦੇ ਨਜ਼ਰ ਆ ਰਹੇ ਹਨ। ਇਕ 35 ਸਾਲ ਪੁਰਾਣੇ ਕਤਲ ਦਾ ਮਾਮਲਾ ਵਿਰਸਾ ਸਿੰਘ ਲਈ ਚੁਣੌਤੀ ਬਣ ਗਿਆ ਹੈ। ਮਾਮਲਾ ਇਕ ਡਾਕਟਰ ਦੇ ਕਤਲ ਨਾਲ ਜੁੜਿਆ ਹੋਇਆ ਹੈ। ਜਿਸ ਦੀਆਂ ਪਰਤਾਂ ਮੁੜ ਖੁੱਲ੍ਹਣ ਲੱਗੀਆਂ ਹਨ। SIT ਨੇ ਇਸ ਮਾਮਲੇ ਵਿਚ ਵਿਰਸਾ ਸਿੰਘ ਵਲਟੋਹਾ ਵਿਰੁਧ ਚਲਾਨ ਪੇਸ਼ ਕਰ ਦਿਤਾ ਹੈ। ਚਲਾਨ ਪੇਸ਼ ਹੋਣ ਤੋਂ ਬਾਅਦ ਪੱਟੀ ਦੀ ਅਦਾਲਤ ਨੇ ਵਲਟੋਹਾ ਨੂੰ 13 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿਤੇ ਹਨ।

SIT ਚਲਾਨ ਪੇਸ਼ ਕਰ ਚੁੱਕੀ ਹੈ ਤੇ ਅਦਲਾਤ ਨੇ ਪੇਸ਼ ਹੋਣ ਦਾ ਹੁਕਮ ਜਾਰੀ ਕਰ ਦਿਤਾ ਹੈ। ਵਲਟੋਹਾ ਦਾ ਦਾਅਵਾ ਹੈ ਕਿ ਉਨ੍ਹਾਂ ਵਿਰੁਧ ਜਾਂਚ SIT ਨਹੀਂ ਬਲਕਿ ਕੈਪਟਨ ਸਰਕਾਰ ਤੇ ਕਾਂਗਰਸ ਦੇ ਲੋਕ ਕਰ ਰਹੇ ਹਨ। ਦੱਸਣਯੋਗ ਹੈ ਕਿ 1983 'ਚ  ਡਾ. ਸੁਦਰਸ਼ਨ ਕੁਮਾਰ ਤਰੇਹਨ ਦਾ ਕਤਲ ਹੋਇਆ ਸੀ। ਡਾ ਤਰੇਹਨ ਨੂੰ ਪੱਟੀ ਵਿਚ ਉਨ੍ਹਾਂ ਦੀ ਕਲੀਨਿਕ ‘ਚ ਕਤਲ ਕਰ ਦਿਤਾ ਗਿਆ। ਉਸੇ ਵੇਲੇ ਕਲੀਨਕ ‘ਚ ਇਕ ਮਹਿਲਾ ਮਰੀਜ਼ ਵੀ ਮੌਜੂਦ ਸੀ। 30 ਸਤੰਬਰ 1983 ਨੂੰ ਇਸ ਕਤਲ ਮਾਮਲੇ ਵਿਚ 3 ਲੋਕਾਂ ਦੇ ਨਾਂਅ ਸਾਹਮਣੇ ਆਏ ਸਨ। ਜਿਨ੍ਹਾਂ ਵਿਚ ਬਲਦੇਵ ਸਿੰਘ, ਹਰਦੇਵ ਸਿੰਘ ਤੇ ਵਿਰਸਾ ਸਿੰਘ ਵਲਟੋਹਾ ਦਾ ਨਾਂਅ ਸ਼ਾਮਲ ਸੀ।

ਪੁਲਿਸ ਨੇ 1985 ਵਿਚ 2 ਲੋਕਾਂ ਵਿਰੁਧ ਚਲਾਨ ਪੇਸ਼ ਕੀਤਾ ਸੀ। ਜਦੋਂ ਕਿ ਇਸ ਮਾਮਲੇ ਵਿਚ ਵਿਰਸਾ ਸਿੰਘ ਵਲਟੋਹਾ ਨੂੰ ਭਗੌੜਾ ਦਿਖਾਇਆ ਗਿਆ ਸੀ। ਇਸ ਦੌਰਾਨ ਕੇਸ ਸਬੰਧੀ ਕੁਝ ਫਾਈਲਾਂ ਤੇ ਤੱਥ ਗਾਇਬ ਹੋ ਗਏ। ਬਾਅਦ ਵਿਚ ਪੁਲਿਸ ਨੇ ਸੂਬਤਾਂ ਦੀ ਘਾਟ ਕਰਕੇ ਬਲਦੇਵ ਸਿੰਘ ਤੇ ਹਰਦੇਵ ਸਿੰਘ ਨੂੰ ਬਰੀ ਕਰ ਦਿਤਾ ਸੀ।

ਪੁਲਿਸ ਨੇ ਕਤਲ ਦੀ ਚਸ਼ਮਦੀਦ ਔਰਤ ਨੂੰ ਇਸ ਮਾਮਲੇ ਚ ਗਵਾਹ ਵੀ ਨਹੀਂ ਬਣਾਇਆ ਸੀ। ਦੋਵੇਂ ਮੁਲਜ਼ਮ ਬਰੀ ਹੋ ਗਏ ਸਨ ਪਰ ਵਿਰਸਾ ਸਿੰਘ ਵਲਟੋਹਾ ਅੱਜ ਤੱਕ ਇਸ ਕੇਸ ਵਿਚੋਂ ਬਰੀ ਨਹੀਂ ਹੋਏ। ਹੁਣ ਇਸ 35 ਸਾਲ ਪੁਰਾਣੇ ਕੇਸ ਵਿਚ ਵਿਰਸਾ ਸਿੰਘ ਵਲਟੋਹਾ ਵਿਰੁਧ ਚਲਾਨ ਪੇਸ਼ ਹੋਇਆ ਹੈ ਤੇ ਅਦਾਲਤ ਨੇ ਵੀ ਵਲੋਟਹਾ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।