ਵਿਰਸਾ ਸਿੰਘ ਵਲਟੋਹਾ ਵਿਰੁਧ ਦੋਸ਼ ਤੈਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵਿਰੁਧ ਮਾਨਯੋਗ ਅਦਾਲਤ ਨੇ ਧਾਰਾ 189 ਤਹਿਤ ਦੋਸ਼ ਤੈਅ ਕੀਤੇ ਹਨ..............

Virsa Singh Valtoha

ਤਰਨਤਾਰਨ : ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵਿਰੁਧ ਮਾਨਯੋਗ ਅਦਾਲਤ ਨੇ ਧਾਰਾ 189 ਤਹਿਤ ਦੋਸ਼ ਤੈਅ ਕੀਤੇ ਹਨ। ਵਲਟੋਹਾ ਨੇ ਕਾਂਗਰਸ ਸਰਕਾਰ ਵਿਰੁਧ ਦਿਤੇ ਧਰਨਿਆਂ ਮੌਕੇ ਤਰਨਤਾਰਨ ਦੇ ਸਾਬਕਾ ਡਿਪਟੀ ਕਮਿਸ਼ਨਰ ਡੀ.ਪੀ. ਐਸ ਖਰਬੰਦਾ ਵਿਰੁਧ ਬੇਹਦ ਭੱਦੀ ਸ਼ਬਦਾਵਲੀ ਵਰਤੀ ਸੀ। ਜਿਸ ਦੀ ਕਾਂਗਰਸ ਦੇ ਜਰਨਲ ਸਕੱਤਰ ਸ. ਤੇਜ ਪ੍ਰੀਤ ਸਿੰਘ ਪੀਟਰ ਨੇ ਤਰਨਤਾਰਨ ਦੇ ਥਾਣਾ ਸਦਰ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਸ. ਪੀਟਰ ਨੇ ਕਿਹਾ ਸੀ ਕਿ ਵਲਟੋਹਾ ਨੇ ਡਿਪਟੀ ਕਮਿਸ਼ਨਰ ਦੇ ਸਨਮਾਨ ਦਾ ਮਜ਼ਾਕ ਉਡਾਇਆ ਸੀ। ਜਿਸ ਕਰਕੇ ਉਹਨਾਂ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਪੂਰੇ ਪ੍ਰਕਰਣ 'ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਥਾਨਕ ਪੁਲਿਸ ਕਾਂਗਰਸੀਆਂ ਨੂੰ ਖ਼ੁਸ਼ ਕਰਨ ਵਿਚ ਲਗੀ ਹੋਈ ਹੈ। ਇਸ ਮਾਮਲੇ ਦੀ ਸੁਣਵਾਈ ਮੌਕੇ ਉਹ ਅਦਾਲਤ ਵਿਚ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਮੈਨੂੰ ਨਿਆਂ ਪ੍ਰਣਾਲੀ 'ਤੇ ਪੂਰਾ ਵਿਸ਼ਵਾਸ ਹੈ ਪਰ ਇਹ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ। ਯਾਦ ਰਹੇ 2017 ਵਿਚ ਅਕਾਲੀ ਦਲ ਦੁਆਰਾ ਸਰਕਾਰ ਵਿਰੁਧ ਦਿਤੇ ਧਰਨੇ ਦੌਰਾਨ ਵਿਰਸਾ ਸਿੰਘ ਵਲਟੋਹਾ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਬਾਰੇ ਘਟੀਆ ਸ਼ਬਦਾਵਲੀ ਵਰਤੀ ਸੀ

ਜਿਸ ਦੀ ਸ. ਪੀਟਰ ਨੇ ਸ਼ਿਕਾਇਤ ਕੀਤੀ ਸੀ। ਅਦਾਲਤ ਵਿਚ ਸ. ਪੀਟਰ ਵਲੋਂ ਐਡਵੋਕੇਟ ਨਵਜੋਤ ਕੌਰ ਚੱਬਾ ਪੇਸ਼ ਹੋਏ ਜਦ ਕਿ ਵਲਟੋਹਾ ਵਲੋਂ ਐਡਵੋਕੇਟ ਜੇ.ਐਸ. ਢਿਲੋਂ ਪੇਸ਼ ਹੋਏ। ਇਸ ਮਾਮਲੇ ਦੀ ਅਗਲੀ ਸੁਣਵਾਈ 11 ਅਕਤੂਬਰ ਨੂੰ ਹੋਵੇਗੀ। ਸ. ਪੀਟਰ ਨੇ ਕਿਹਾ ਕਿ ਧਰਨੇ ਸਮੇਂ ਵਲਟੋਹਾ ਨੇ ਕਾਂਗਰਸ ਪਾਰਟੀ ਵਿਰੁਧ ਵੀ ਬੇਹਦ ਸ਼ਰਮਨਾਕ ਸ਼ਬਦਾਵਲੀ ਵਰਤੀ ਸੀ। ਇਸ ਬਾਰੇ ਉਹ ਵਕੀਲਾਂ ਨਾਲ ਸਲਾਹ ਕਰ ਰਹੇ ਹਨ।