ਕੇਂਦਰੀ ਬਜਟ ਨੇ ਤੋੜੀਆਂ ਪੰਜਾਬ ਦੀਆਂ ਉਮੀਦਾਂ : ਤਿੰਨ ਮੰਤਰੀਆਂ ਦੀ ਮੌਜੂਦਗੀ ਵੀ ਨਾ ਆਈ ਕੰਮ!
ਪੰਜਾਬ ਕਾਂਗਰਸ ਪ੍ਰਧਾਨ ਨੇ ਵੀ ਮੰਤਰੀਆਂ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ
ਚੰਡੀਗੜ੍ਹ : ਕੇਂਦਰੀ ਬਜਟ ਵਿਚੋਂ ਵਿਸ਼ੇਸ ਪੈਕੇਜ ਦੀ ਆਸ ਲਗਾਈ ਬੈਠੇ ਪੰਜਾਬ ਨੂੰ ਇਸ ਵਾਰ ਵੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਹੈ। ਉਹ ਵੀ ਉਦੋਂ, ਜਦੋਂ ਕੇਂਦਰੀ ਵਜ਼ਾਰਤ ਵਿਚ ਪੰਜਾਬ ਦੇ ਤਿੰਨ-ਤਿੰਨ ਮੰਤਰੀ ਮੌਜੂਦ ਸਨ। ਇਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ, ਭਾਜਪਾ ਤੋਂ ਸੋਮ ਪ੍ਰਕਾਸ਼ ਤੋਂ ਇਲਾਵਾ ਹਰਦੀਪ ਪੁਰੀ ਸ਼ਾਮਲ ਹਨ। ਇਨ੍ਹਾਂ ਵਿਚੋਂ ਹਰਦੀਪ ਪੁਰੀ ਭਾਵੇਂ ਪੰਜਾਬ ਤੋਂ ਰਾਜ ਮੰਤਰੀ ਨਹੀਂ ਹਨ, ਪਰ ਪੰਜਾਬੀ ਹੋਣ ਦੇ ਨਾਤੇ ਇਹ ਤਿੰਨੋਂ ਕੋਈ ਕ੍ਰਿਸ਼ਮਾ ਨਹੀਂ ਵਿਖਾ ਸਕੇ।
ਇਨ੍ਹਾਂ ਮੰਤਰੀਆਂ ਦੀ ਕੇਂਦਰ ਸਰਕਾਰ 'ਚ ਮੌਜੂਦਗੀ ਦੇ ਬਾਵਜੂਦ ਵੀ ਨਾ ਤਾਂ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ਼ ਮਿਲਿਆ ਅਤੇ ਨਾ ਹੀ ਸਰਹੱਦੀ ਸੂਬਾ ਹੋਣ ਦੇ ਨਾਤੇ ਕੁੱਝ ਹੱਥ ਲੱਗਾ ਹੈ। ਇਥੋਂ ਤਕ ਕਿ ਕੁਦਰਤੀ ਆਫ਼ਤ ਝੱਲਣ ਬਦਲੇ ਵੀ ਪੰਜਾਬ ਦੇ ਹੱਥ ਖ਼ਾਲੀ ਹੀ ਰਹਿ ਗਏ ਹਨ। ਇਸੇ ਤਰ੍ਹਾਂ ਖੇਤੀ ਪ੍ਰਧਾਨ ਸੂਬਾ ਹੋਣ ਨਾਤੇ ਕਿਸਾਨਾਂ ਲਈ ਕੋਈ ਵਿਸ਼ੇਸ਼ ਐਲਾਨ ਹੋਣ ਦੀ ਉਮੀਦ ਵੀ ਪੂਰੀ ਨਹੀਂ ਹੋਈ।
ਪੰਜਾਬ ਦੀ ਇੰਡਸਟਰੀ ਬਾਰੇ ਵੀ ਕੇਂਦਰੀ ਬਜਟ ਚੁੱਪ ਰਿਹਾ ਜਦਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨੂੰ ਮਿਲਦੀਆਂ ਰਿਹਾਇਤਾਂ ਦੀ ਤਰਜ਼ 'ਤੇ ਪੰਜਾਬ ਨੂੰ ਵੀ ਰਾਹਤ ਦੀ ਕੁੱਝ ਉਮੀਦ ਸੀ। ਇੱਥੋਂ ਤਕ ਕਿ ਸਰਹੱਦੀ ਸੂਬਾ ਹੋਣ ਕਾਰਨ ਜਿਹੜੇ ਪੈਕੇਜ਼ ਦੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਵੀ ਵਿਸਾਰ ਦਿਤਾ ਗਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਕੇਂਦਰੀ ਬਜਟ 'ਤੇ ਪ੍ਰਤਿਕ੍ਰਿਆ ਦਿੰਦਿਆਂ ਕਿਹਾ ਕਿ ਹੈ ਕਿ ਇਸ ਬਜਟ ਰਾਹੀਂ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਇਕ ਵਾਰ ਫਿਰ ਬੇਨਕਾਬ ਹੋ ਗਿਆ ਹੈ, ਜਦ ਕਿ ਇਸ ਸਰਕਾਰ ਵਿਚ ਪੰਜਾਬ ਤੋਂ ਤਿੰਨ ਮੰਤਰੀ ਵੀ ਸ਼ਾਮਲ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦ ਬਜਟ ਤਿਆਰ ਹੋ ਰਿਹਾ ਸੀ ਉਸ ਸਮੇਂ ਪੰਜਾਬ ਨਾਲ ਸਬੰਧਤ ਮੰਤਰੀਆਂ ਨੇ ਅਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ, ਉਹ ਕਿਥੇ ਸਨ?
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਗ ਕੀਤੇ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਮਨਾਉਣ ਲਈ ਰਕਮ ਦਾ ਕੋਈ ਉਪਬੰਧ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਵੀ ਕੇਂਦਰ ਨੇ ਪੰਜਾਬ ਦੀ ਕੋਈ ਮਦਦ ਨਹੀਂ ਕੀਤੀ ਸੀ।
ਉਨ੍ਹਾਂ ਕਿਹਾ ਕਿ ਬਜਟ ਵਿਚ ਪੰਜਾਬ ਦੀ ਅਣਦੇਖੀ ਤੇ ਕੇਂਦਰੀ ਵਜਾਰਤ ਵਿਚ ਸ਼ਾਮਲ ਪੰਜਾਬ ਤੋਂ ਤਿੰਨਾਂ ਮੰਤਰੀਆਂ ਦੀ ਚੁੱਪੀ ਵੀ ਉਨ੍ਹਾਂ ਦੇ ਪੰਜਾਬ ਪ੍ਰਤੀ ਨਜ਼ਰੀਏ ਨੂੰ ਪ੍ਰਗਟ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸੂਬੇ ਨੂੰ ਤਾਂ ਉੱਕਾ ਹੀ ਭੁਲਾ ਦਿਤਾ ਗਿਆ ਹੈ।