ਸੰਘਰਸ਼ੀ ਮਿਸਾਲ: ਬਿਨਾ ਜ਼ਮੀਨ ਤੋਂ ਕਿਸਾਨੀ ਸੰਘਰਸ਼ ਦਾ ਜਾਗਦੀ ਜ਼ਮੀਰ ਵਾਲਾ ਚਿਹਰਾ ਬਣਿਆ ‘ਜੱਗੀ ਬਾਬਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

26 ਜਨਵਰੀ ਨੂੰ ਪੁਲਿਸ ਹੱਥੋਂ ਜ਼ਖਮੀ ਹੋਏ ਖੁੱਲ੍ਹੇ ਕੇਸਾਂ ਵਾਲਾ ਵਾਇਰਲ ਨੌਜਵਾਨ ਦੀ ਵਿਲੱਖਣ ਕਹਾਣੀ

Jaggi Baba

ਚੰਡੀਗੜ੍ਹ (ਸ਼ੇਰ ਸਿੰਘ 'ਮੰਡ'): ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਿਹਾ ਕਿਸਾਨੀ ਸੰਘਰਸ਼ ਕਈ ਅਜਿਹੀਆਂ ਸ਼ਖਸੀਅਤਾਂ ਨਾਲ ਰੂਬਰੂ ਕਰਵਾ ਰਿਹਾ ਹੈ, ਜਿਨ੍ਹਾਂ ਦਾ ਜ਼ਿਕਰ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਨਾਲ ਉਕਰਿਆ ਮਿਲੇਗਾ। ਇਸ ਲਾਮਿਸਾਲ ਸੰਘਰਸ਼ ਨੇ ਕਈ ਅਜਿਹੀਆਂ ਮਿਸਾਲਾਂ ਕਾਇਮ ਕੀਤੀਆਂ ਹਨ, ਜਿਨ੍ਹਾਂ ਦੀ ਝਲਕ ਦੁਨੀਆ ਦੇ ਇਤਿਹਾਸ ਵਿਚ ਕਿਧਰੇ ਨਹੀਂ ਮਿਲਦੀ। ਇਕ ਅਜਿਹੀ ਹੀ ਮਿਸਾਲ ਬਣਿਆ ਹੈ, ਖੁਲ੍ਹੇ ਕੇਸਾਂ ਵਾਲਾ ਵਾਇਰਲ ਜ਼ਖਮੀ ਸਿੱਖ ਨੌਜਵਾਨ ‘ਜੱਗੀ ਬਾਬਾ’, ਜੋ ਸਿੱਖ ਨੌਜਵਾਨਾਂ ਲਈ ਆਦਰਸ਼ ਬਣਿਆ ਹੋਇਆ ਹੈ।

ਕਿਸਾਨੀ ਸੰਘਰਸ਼ ਨੂੰ ਹੋਂਦ ਦੀ ਲੜਾਈ ਵਿਚ ਤਬਦੀਲ ਹੋਣ ਦਾ ਮਾਣ ਹਾਸਿਲ ਹੈ। ਆਮ ਸਮਝਿਆ ਜਾ ਰਿਹਾ ਹੈ ਕਿ ਇਸ ਸੰਘਰਸ਼ ਵਿਚ ਲੋਕ ਆਪਣੇ ਘਰ ਅਤੇ ਜ਼ਮੀਨਾਂ ਬਚਾਉਣ ਲਈ ਸ਼ਾਮਲ ਹੋ ਰਹੇ ਹਨ। ਪਰ ਜੇਕਰ ਕੋਈ ਬਿਨਾਂ ਘਰ ਅਤੇ ਜ਼ਮੀਨ ਤੋਂ ਕਿਸਾਨੀ ਸੰਘਰਸ਼ ਵਿਚ ਲਹੂ-ਵਹਾਉਣ ਲਈ ਤਿਆਰ ਹੋ ਜਾਵੇ ਤਾਂ ਇਸ ਨੂੰ ਕੀ ਕਿਹਾ ਜਾਵੇਗਾ? ਇਸ ਨੂੰ ਜਾਗਦੀ ਜ਼ਮੀਰ ਦੀ ਮਿਸਾਲ ਹੀ ਕਿਹਾ ਜਾ ਸਕਦਾ ਹੈ।

 26/1 ਦੀ ਘਟਨਾ ਦੌਰਾਨ ਖੂਨ ਨਾਲ ਲੱਥ-ਪੱਥ, ਖੁੱਲ੍ਹੇ ਕੇਸਾਂ ਵਾਲੇ ਸਿੱਖ ਨੌਜਵਾਨ ਨੇ ਸਭ ਦਾ ਧਿਆਨ ਖਿੱਚਿਆ ਹੈ। ਜ਼ਖਮੀ ਹਾਲਤ ਵਿਚ ਮੁਸਕਰਾਉਂਦੇ ਹੋਏ ਵਾਇਰਲ ਹੋਇਆ ਇਹ ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦਾ ਰਹਿਣ ਵਾਲਾ ਹੈ। ਜਗਸੀਰ ਸਿੰਘ (ਜੱਗੀ ਬਾਬਾ) ਨਾਮ ਦਾ ਇਹ ਨੌਜਵਾਨ ਕਾਫੀ ਦਿਨਾਂ ਤੋਂ ਕਿਸਾਨ ਅੰਦੋਲਨ ’ਚ ਡਟਿਆ ਹੋਇਆ ਸੀ। ਮੋਰਚੇ ਵਿਚ ਲਾਂਗਰੀ ਵਜੋਂ ਸੇਵਾ ਨਿਭਾਅ ਰਹੇ ਇਸ ਨੌਜਵਾਨ ਨੂੰ ਉਨ੍ਹਾਂ ਪੁਲਿਸ ਵਾਲਿਆਂ ਦੀ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ, ਜਿਨ੍ਹਾਂ ਨੂੰ ਇਸ ਨੇ ਹੱਥੀ ਲੰਗਰ ਤਿਆਰ ਕਰ ਕੇ ਛਕਾਇਆ ਸੀ। ਕੁੱਟਮਾਰ ਹੋਣ ਦੇ ਬਾਵਜੂਦ ਉਹ ਦਿੱਲੀ ਪੁਲਸ ਅੱਗੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਰਿਹਾ।

ਜੱਗੀ ਸਿੰਘ ਇਕ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ। ਉਸ ਨੂੰ ਖੇਤੀ ਕਾਨੂੰਨਾਂ ਨਾਲ ਜ਼ਮੀਨ ਖੋਹੀ ਜਾਣ ਦਾ ਵੀ ਡਰ ਨਹੀਂ ਅਤੇ ਨਾ ਹੀ ਘਰੋਂ ਬੇਘਰ ਹੋਣ ਦੀ ਫਿਕਰ ਹੈ ਕਿਉਂਕਿ ਉਸ ਕੋਲ ਰਹਿਣ ਲਈ ਛੱਤ ਵੀ ਨਹੀਂ  ਹੈ। ਇਸ ਦੇ ਬਾਵਜੂਦ ਕਿਸਾਨੀ ਸੰਘਰਸ਼ ਵਿਚ ਡਟੇ ਰਹਿਣਾ ਵਾਕਈ ਲਾਮਿਸਾਲ ਹੈ।

ਖਬਰਾਂ ਮੁਤਾਬਕ ਹੁਣ ਕਿਸਾਨੀ ਸੰਘਰਸ਼ ਦੇ ਇਕ ਖਾਸ ਚਿਹਰੇ ਵਜੋਂ ਸਾਹਮਣੇ ਆਉਣ ਬਾਅਦ ਹੁਣ ਪੰਧੇਰ ਪਿੰਡ ਦੀ ਪੰਚਾਇਤ ਵਲੋਂ ਜਗਸੀਰ ਸਿੰਘ ਦੇ ਘਰ ਲਈ ਜ਼ਮੀਨ ਦਿੱਤੀ ਗਈ ਹੈ। ਪਿੰਡ ਵਾਸੀਆਂ ਵਲੋਂ ਇੱਟਾਂ ਤੇ ਰੇਤੇ ਦੀ ਸੇਵਾ ਕਰਕੇ ਬਾਬਾ ਜੱਗੀ ਦੇ ਘਰ ਦੀ ਸ਼ੁਰੂਆਤ ਕਰਵਾਈ ਗਈ ਹੈ। ਪਿੰਡ ਦੇ ਸਰਪੰਚ ਹਰਮੀਤ ਸਿੰਘ ਮੁਤਾਬਕ ਉਸ ਨੂੰ ਕੱਲ੍ਹ ਹੀ ਦਿੱਲੀ ਤੋਂ ਵਾਪਸ ਲਿਆਂਦਾ ਗਿਆ ਹੈ।

ਜੱਗੀ ਬਾਬਾ ਉਨ੍ਹਾਂ ਲੋਕਾਂ ਲਈ ਮਿਸਾਲ ਹੈ ਜੋ ਇਹ ਕਹਿੰਦੇ ਆਮ ਹੀ ਸੁਣੇ ਜਾਂਦੇ ਹਨ ਕਿ ‘‘ਸਾਡੇ ਕੋਲ ਕਿਹੜਾ ਜ਼ਮੀਨ ਹੈ ਜਿਹੜੀ ਖੇਤੀ ਕਾਨੂੰਨਾਂ ਕਾਰਨ ਸਾਡੇ ਹੱਥੋਂ ਨਿਕਲ ਜਾਵੇਗੀ, ਸਾਨੂੰ ਦਿੱਲੀ ਜਾ ਕੇ ਧੱਕੇ ਖਾਣ ਦੀ ਕੀ ਲੋੜ ਹੈ?’’

ਇਕ ਅਜਿਹੀ ਹੀ ਵਾਰਤਾ ਬੀਤੇ ਦਸੰਬਰ ਮਹੀਨੇ ਵੇਖਣ ਨੂੰ ਮਿਲੀ ਜਦੋਂ ਬਿਨਾਂ ਜ਼ਮੀਨ ਵਾਲੇ ਪਰਵਾਰ ਦਾ ਇਕ ਸਿੱਖ ਨੌਜਵਾਨ ਸੰਘਰਸ਼ੀ ਜ਼ਜ਼ਬਾ ਲੈ ਕੇ ਦਿੱਲੀ ਦੀਆਂ ਬਰੂਹਾਂ ‘ਤੇ ਜਾ ਡਟਿਆ। ਉਸ ਨੌਜਵਾਨ ਦੇ ਦੱਸਣ ਮੁਤਾਬਕ, ‘ਉਸ ਦੀ ਇੰਗਲੈਂਡ ਰਹਿੰਦੀ ਭੈਣ ਅਤੇ ਜੀਜੇ ਨੇ ਉਸ ਨੂੰ ਕਾਫੀ ਝਾੜਾਂ ਪਾਈਆ ਕਿ ਉਹ ਬਿਨਾਂ ਮਤਲਬ ਦਿੱਲੀ ਜਾ ਕੇ ਖਤਰਾ ਕਿਉਂ ਸਹੇੜ ਰਿਹਾ ਹੈ...ਤੇਰੀ ਕਿਹੜਾ ਖੇਤੀ ਕਾਨੂੰਨਾਂ ਕਾਰਨ ਜ਼ਮੀਨ ਖੁਸਣ ਲੱਗੀ ਹੈ, ਜਿਹੜਾ ਟਰਾਲੀਆਂ ਵਿਚ ਰਾਤਾਂ ਕੱਟਣ ਦੇ ਰਾਹ ਪਿਆ ਹੋਇਐ।’’

ਜਾਗਦੀ ਜ਼ਮੀਰ ਵਾਲੇ ਇਸ ਨੌਜਵਾਨ ਦਾ ਕਹਿਣਾ ਸੀ ਕਿ ਭਾਵੇਂ ਮੇਰੇ ਕੋਲ ਜ਼ਮੀਨ ਨਹੀਂ ਹੈ, ਪਰ ਮੈਨੂੰ ਜਿਊਦਾ ਰਹਿਣ ਲਈ ਰੋਟੀ ਦੀ ਲੋੜ ਹੈ, ਜੋ ਕਿਸਾਨ ਪੈਦਾ ਕਰਦਾ ਹੈ।’’ ਇਹ ਅਜਿਹੀ ਪਹਿਲੀ ਘਟਨਾ ਨਹੀਂ ਹੈ, ਅਜਿਹੀਆਂ ਅਨੇਕਾਂ ਉਦਾਹਰਨਾਂ ਆਏ ਦਿਨ ਵੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਲੋਕ ਦਿੱਲੀ ਜਾਣ ਨੂੰ ਸਿਰਫ ਜ਼ਮੀਨ ਹੋਣ ਨੂੰ ਹੀ ਮੰਨ ਰਹੇ ਹਨ। ਜਦਕਿ ਕਿਸਾਨੀ ਸੰਘਰਸ਼ ਦੀ ਇਹ ਵਿਲੱਖਣ ਮਿਸਾਲ ਹੈ ਕਿ ਇਸ ਵਿਚ ਸ਼ਾਮਲ ਹੋਣ ਵਾਲੇ ਜਾਗਦੀ ਜ਼ਮੀਰ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ ਜਿਨ੍ਹਾਂ ਵਿਚ ਜੱਗੀ ਬਾਬਾ ਵੀ ਸ਼ਾਮਲ ਹੈ।