ਪੰਜਾਬ ਦੇ ਨਵੇਂ ਬਜਟ ਵਿਚ ਕੁੱਝ ਵਧੀਆ ਤਜਵੀਜ਼ਾਂ: ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰ ਰਾਜ ਸਿਰ ਵੱਧ ਰਿਹਾ ਕਰਜ਼ਾ ਚਿੰਤਾ ਦਾ ਵਿਸ਼ਾ

Photo

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਤੇਜ਼ ਤਰਾਰ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੇ ਮਨਪ੍ਰੀਤ ਬਾਦਲ ਵਲੋਂ ਪੇਸ਼ 2020-21 ਦੇ ਨਵੇ ਬਜਟ 'ਚ ਕੀਤੇ ਕਈ ਐਲਾਨਾਂ ਦੀ ਤਾਰੀਫ ਕੀਤੀ ਹੈ।

ਬਜਟ ਦੇ ਸੰਦਰਭ 'ਚ ਦਿਤੀ ਪ੍ਰਤੀਕਿਰਿਆ 'ਚ ਉਹਨਾਂ ਕਿਹਾ ਕਿ ਮਨਪ੍ਰੀਤ ਵਲੋਂ ਪੇਸ਼ ਕੁਝ ਤਜਵੀਜ਼ਾਂ ਵਧੀਆ ਹਨ ਤੇ ਉਹਨਾਂ ਨੇ ਆਪਣੀ ਸਮਰੱਥਾ ਮੁਤਾਬਕ ਚੰਗਾ ਬਜਟ ਪੇਸ਼ ਕਰਨ ਦਾ ਪੂਰਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਸੇਵਾ ਮੁਕਤੀ ਦੀ ਹੱਦ ਮੁੜ 58 ਸਾਲ ਕਰਨਾ ਵਧੀਆ ਕਦਮ ਹੈ ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਨਵੇਂ ਨੌਕਰੀਆਂ ਦੇ ਮੌਕੇ ਮਿਲਣਗੇ।

ਉਹਨਾਂ ਕਿਹਾ ਕਿ ਇਸੇ ਤਰਾਂ ਕਈ ਹੋਰ ਚੰਗੀਆਂ ਤਜਵੀਜ਼ਾਂ ਬਜਟ 'ਚ ਰੱਖੀਆਂ ਹਨ ਪਰ ਦੇਖਣ ਵਾਲੀ ਗੱਲ ਹੋਏਗੀ ਕਿ ਭਵਿੱਖ 'ਚ ਇਨਾਂ ਤੇ ਕਿੰਨਾ ਅਮਲ ਹੁੰਦਾ ਹੈ। ਕੁਝ ਤਜਵੀਜ਼ਾਂ ਦੀ ਤਾਰੀਫ ਦੇ ਨਾਲ ਖਹਿਰਾ ਨੇ ਬਜਟ ਸਬੰਧੀ ਕੁਝ ਸਵਾਲ ਵੀ ਚੁੱਕੇ ਹਨ। ਉਹਨਾਂ ਕਿਹਾ ਕਿ ਰਾਜ ਸਰ ਵੱਧ ਰਿਹਾ ਕਰਜ਼ਾ ਚਿੰਤਾ ਦਾ ਵਿਸ਼ਾ ਹੈ।

ਇਸ ਬਾਰੇ  ਕੋਈਂ ਠੋਸ ਹੱਲ਼ ਨਹੀਂ ਦਸੇ ਗਏ। ਉਹਨਾਂ ਕਿਹਾ ਕਿ ਇਹ ਕਰਜ਼ਾ 35 ਸਾਲਾਂ ਦੇ ਸਮੇ 'ਚ ਹੀ ਵਧਿਆ ਹੈ ਜਦ ਕਿ ਇਸ ਤੋਂ ਪਹਿਲਾਂ ਕਰਜ਼ਾ ਨਹੀਂ ਸੀ।ਸਕੂਲਾਂ ਤੇ ਹਸਪਤਾਲਾਂ 'ਚ ਸਹੂਲਤਾਂ ਪੂਰੀਆਂ ਸਨ। ਉਹਨਾਂ ਕਿਹਾ ਕਿ ਵੱਧ ਰਿਹਾ ਕਰਜ਼ਾ ਹੀ ਰਾਜ ਦੇ ਵਿਕਾਸ 'ਚ ਵੱਡਾ ਅੜਿਕਾ ਹੈ। ਕਰਜ਼ਾ ਸਰਕਾਰਾਂ ਦੀਆਂ ਲੁੱਟਾਂ ਅਤੇ ਕਰਪਸ਼ਨ ਵਾਲੀਆਂ ਨੀਤੀਆਂ ਦਾ ਹੀ ਨਤੀਜਾ ਹੈ।

ਖਹਿਰਾ ਨੇ ਕਿਹਾ ਕੇ ਪੇਂਡੂ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵਧ ਰਿਹਾ ਰੁਝਾਨ ਵੀ ਰਾਜ ਦੀ ਆਰਥਿਕਤਾ ਲਈ ਘਾਤਕ ਹੈ। ਪਿੰਡ ਦੇ ਪਿੰਡ ਨੌਜਵਾਨਾਂ ਤੋਂ ਸੱਖਣੇ ਹੋ ਰਹੇ ਹਨ। ਇਕ ਨੌਜਵਾਨ ਨਾਲ 25 -25 ਲੱਖ ਰੁਪਿਆ ਜਾ ਰਿਹਾ ਹੈ ਤੇ ਇਸ ਤਰਾਂ ਸਾਡਾ ਲੱਖਾਂ ਕਰੋੜਾਂ ਰੁਪਇਆਂ ਵੀ ਵਿਦੇਸ਼ਾਂ 'ਚ ਜਾ ਰਿਹਾ ਹੈ ਜੋ ਸਾਡੀ ਆਰਥਿਕਤਾ ਦਾ ਹੀ ਨੁਕਸਾਨ ਹੈ। ਇਸ ਸਮੱਸਿਆ ਬਾਰੇ ਬਜਟ 'ਚ ਜ਼ਿਕਰ ਨਹੀਂ। ਇਸੇ ਤਰਾਂ ਪੰਜਾਬ 'ਚ ਜ਼ਮੀਨ ਦੇ ਡਿਗ ਰਹੇ ਰੇਟ ਅਤੇ ਹਿਊਮਨ ਰਿਸੋਰਸ ਦੀ ਕਮੀ ਵੀ  ਗੰਭੀਰ ਮਸਲੇ ਹਨ, ਜਿਨ੍ਹਾਂ ਵਲ ਧਿਆਨ ਦੇਣ ਦੀ ਲੋੜ ਹੈ।