ਲੋਕ ਜਾਗ ਚੁੱਕੇ ਨੇ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਕਰਕੇ ਕਾਂਗਰਸ ਮੁੜ ਸੱਤਾ ’ਚ ਨਹੀਂ ਆ ਸਕਦੀ: ਬੈਂਸ
ਜੇ ਕਾਲੇ ਕਾਨੂੰਨ ਰੱਦ ਕਰਾਉਣੇ ਨੇ ਤਾਂ ਅੰਦੋਲਨ ਨੂੰ ਤਾਕਤਵਰ ਬਣਾਓ...
ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਅੱਜ ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦਾ ਦੂਜਾ ਦਿਨ ਸੀ। ਬੀਤੇ ਦਿਨੀਂ ਕੈਪਟਨ ਸਰਕਾਰ ਦੇ ਆਖ਼ਰੀ ਬਜਟ ਸੈਸ਼ਨ ਦੀ ਸ਼ੁਰੂਆਤ ਭਾਰੀ ਹੰਗਾਮੇ ਨਾਲ ਹੋਈ। ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਵਲੋਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਣ ਸਮੇਂ ਉਨ੍ਹਾਂ ਦਾ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਜ਼ੋਰਦਾਰ ਵਿਰੋਧ ਕੀਤਾ ਗਿਆ।
ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਬੈਂਸ ਉਚੇਚੇ ਤੌਰ ’ਤੇ ਪਹੁੰਚੇ। ਵਿਰੋਧੀ ਧਿਰਾਂ ਨੂੰ ਘੇਰਦਿਆਂ ਬੈਂਸ ਨੇ ਕਿਹਾ ਕਿ ਤੁਸੀਂ ਗਲੀਆਂ, ਨਾਲੀਆਂ, ਪੁਲਾਂ, ਨੌਕਰੀਆਂ , ਕਰਜਾ ਮੁਆਫ਼ੀ ਦੀਆਂ ਗੱਲਾਂ ਕਰਦੇ ਰਹਿੰਦੇ ਹੋ ਪਰ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸਾਡੀਆਂ 90-90 ਸਾਲ ਦੀਆਂ ਬਜੁਰਗ ਮਾਤਾਵਾਂ ਦਿੱਲੀ ਦੇ ਬਾਰਡਰਾਂ ’ਤੇ ਰੁਲ ਰਹੀਆਂ ਹਨ।
ਕਿਸਾਨ ਅੰਦੋਲਨ ਨੂੰ ਤਾਕਤਵਰ ਕਰਨ ਲਈ ਕੋਈ ਵਿਉਂਤਬੰਦੀ ਜਾਂ ਕੋਈ ਸਕੀਮ ਕਿਉਂ ਨਹੀਂ ਅਪਣਾਉਂਦੇ। ਉਨ੍ਹਾਂ ਕਿਹਾ ਕਿ ਸਾਡੇ ਨੇਤਾ ਇਹ ਕਹਿ ਦਿੰਦੇ ਹਨ ਕਿ ਪ੍ਰਧਾਨ ਮੰਤਰੀ ਤੋਂ ਸਮਾਂ ਲੈ ਲਓ ਸਾਰੀਆਂ ਪਾਰਟੀਆਂ ਦੇ ਲੀਡਰ ਚੱਲਣ ਪਰ ਕੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੂੰ ਮਿਲਕੇ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਾ ਸਕਦੇ ਹੋ?
ਉਨ੍ਹਾਂ ਕਿਹਾ ਕਿ ਕਿਸਾਨ ਅੰਦਲਨ ਦੇ ਮਾਧੀਅਮ ਨਾਲ ਹੀ ਖੇਤੀ ਦੇ ਕਾਲੇ ਕਾਨੂੰ ਰੱਦ ਹੋ ਸਕਦੇ ਹਨ ਫਿਰ ਸਾਡੇ ਨੇਤਾ ਕਿਸਾਨ ਅੰਦੋਲਨ ਨੂੰ ਤਾਕਤਵਰ ਬਣਾਉਣ ਲਈ ਕੋਈ ਗੁਰਮਤਾ ਕਿਉਂ ਨਹੀਂ ਅਪਣਾ ਰਹੇ। ਬੈਂਸ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੇ ਕਿਸਾਨੀ ਅੰਦੋਲਨ ਦੇ ਪੱਖ ਵਿਚ ਸੰਜੀਦਗੀ ਨਹੀਂ ਦਿਖਾਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਕਿਸਾਨ ਅੰਦੋਲਨ ਵਿਚ ਜਾ ਕੇ ਲੋਕਾਂ ਦੇ ਦੁੱਖ ਕੇ ਆਉਣ ਕਿ ਬਜੁਰਗਾਂ ਦੇ ਹਾਲ ਹਾਲਾਤ ਕੀ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਪੰਜਵਾਂ ਬਜਟ ਅਤੇ ਆਖਰੀ ਬਜਟ ਹੈ, ਘਰ-ਘਰ ਨੌਕਰੀਆਂ, ਸਗਨ ਸਕੀਮਾਂ, ਮੋਬਾਇਲ ਫੋਨ, ਪੈਨਸ਼ਨ ਸਕੀਮਾਂ ਜਿਹੜੇ ਝੁੱਠੇ ਵਾਅਦੇ ਕੈਪਟਨ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਗਏ ਸਨ ਅਤੇ ਚੋਣਾਂ ਤੋਂ ਪਹਿਲਾਂ ਪ੍ਰਸ਼ਾਂਤ ਕਿਸੋਰ ਦੀ ਨਿਯੁਕਤੀ ਕੀਤੀ ਗਈ ਹੈ ਪਰ ਹੁਣ ਪੰਜਾਬ ਦੇ ਲੋਕ ਜਾਗ ਗਏ ਹਨ ਅਤੇ ਕਾਂਗਰਸ ਪਾਰਟੀ ਦਾ ਪੱਤਾ ਸਾਫ਼ ਹੋ ਗਿਆ ਹੈ ਜਿਸ ਕਰਕੇ ਹੁਣ ਕਾਂਗਰਸ ਦਾ ਮੁੜ ਸੱਤਾ ਚ ਆਉਣਾ ਬੇਹੱਦ ਮੁਸ਼ਕਲ ਹੈ।
ਦੱਸ ਦਈਏ ਕਿ ਮੋਦੀ ਸਰਕਾਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ 3 ਮਹੀਨਿਆਂ ਤੋਂ ਅੰਦੋਲਨ ਕੀਤਾ ਜਾ ਰਿਹਾ। ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚ 11 ਮੀਟਿੰਗਾਂ ਹੋਈਆਂ ਸਨ ਜੋ ਬੇਸਿੱਟਾ ਹੀ ਰਹੀਆਂ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਦੇ ਤਿੰਨਾਂ ਬਿਲਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਅਸੀਂ ਘਰ ਵਾਪਸ ਨਹੀਂ ਜਾਵਾਂਗੇ।